ਵਿਸ਼ੇਸ਼ ਲੇਖ

ਕੀ ਗੁਰੂ ਗੋਬਿੰਦ ਸਿੰਘ ਜੀ ਯੁੱਧ ਪ੍ਰੇਮੀ ਸਨ?

‘ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋ ਕਹਿ ਸਾਚ ਪਤੀਜੈ॥’ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਵਿੱਤਰ ਪੰਕਤੀ, ਉਨ੍ਹਾਂ ਦੀ ਮਹਾਂ-ਕਾਵਿ ਰਚਨਾ ‘ਕ੍ਰਿਸਨਾਵਤਾਰ’ ਵਿਚ ਆਉਂਦੀ ਹੈ। ‘ਕ੍ਰਿਸਨਾਵਤਾਰ’ ਵਿਚ ਦਸਮ ਪਾਤਸ਼ਾਹ ਨੇ ਹੋਰ ਯੁੱਧਾਂ ਤੋਂ ਇਲਾਵਾ ਜਰਾਸੰਦ ਤੇ ਸ੍ਰੀ ਕ੍ਰਿਸ਼ਨ ਜੀ ਦਾ ਯੁੱਧ ਬੜੇ ਵਿਸਥਾਰ ਨਾਲ ਵਰਨਣ ਕੀਤਾ ਹੈ। ਅੰਤ ਵਿਚ ਜਰਾਸੰਦ ਸ੍ਰੀ ਕ੍ਰਿਸ਼ਨ ਜੀ ਦੇ ਭਰਾ ਬਲਰਾਮ ਤੋਂ ਹਾਰ ਜਾਂਦਾ ਹੈ। ਬਲਰਾਮ ਜਰਾਸੰਦ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ ਪਰ ਕ੍ਰਿਸ਼ਨ ਜੀ ਉਸ ਨੂੰ ਖਿਮਾ ਕਰ ਕੇ ਜਾਨ-ਬਖਸ਼ੀ ਕਰ ਦਿੰਦੇ ਹਨ। ਕ੍ਰਿਸ਼ਨ-ਜਰਾਸੰਦ ਦਾ ਯੁੱਧ ਵਰਨਣ ਕਰ ਕੇ ਦਸਮ ਪਾਤਸ਼ਾਹ ਲਿਖਦੇ ਹਨ ਕਿ ਮੈਂ ਕ੍ਰਿਸ਼ਨ ਯੁੱਧ ਨੂੰ ਬੜੇ ਪਿਆਰ ਨਾਲ ਲਿਖਿਆ ਹੈ। ਹੇ ਅਕਾਲ ਪੁਰਖ, ਜਿਸ ਲਾਲਚ ਵੱਸ ਮੈਂ ਇਹ ਯੁੱਧ ਲਿਖਿਆ ਹੈ, ਮੈਨੂੰ ਉਹੀ ਵਰ ਦਿਓ-
ਕ੍ਰਿਸਨ ਜੁਧ ਜੋ ਹਉ ਕਹਿਯੋ
ਅਤਿ ਹੀ ਸੰਗਿ ਸਨੇਹ॥
ਜਿਹ ਲਾਲਚ ਇਹ ਮੈਂ ਰਚਿਯੋ
ਮੋਹਿ ਵਹੈ ਬਰੁ ਦੇਹਿ॥
ਗੁਰੂ ਗੋਬਿੰਦ ਸਿੰਘ ਜੀ ਚੰਦ ਸੂਰਜ ਸਮਾਨ ਕਿਰਪਾਲੂ ਅਕਾਲ ਪੁਰਖ ਤੋਂ ਕਿਹੜਾ ਵਰ ਪ੍ਰਾਪਤ ਕਰਨਾ ਚਾਹੁੰਦੇ ਹਨ? ਉਹ ਉਨ੍ਹਾਂ ਦੇ ਇਸ ਸਵੈਯੇ ਵਿਚ ਅੰਕਿਤ ਹੈ-
ਹੇ ਰਵਿ ਹੇ ਸਸਿ ਹੇ ਕਰੁਨਾਨਿਧਿ
ਮੇਰੀ ਅਬੈ ਬਿਨਤੀ ਸੁਨਿ ਲੀਜੈ॥
ਅਉਰ ਨ ਮਾਗਤ ਹਉ ਤੁਮ ਤੇ ਕਛੁ
ਚਾਹਤ ਹਉ ਚਿਤ ਮੈਂ ਸੋਈ ਕੀਜੈ॥
ਸਸਤ੍ਰਨ ਸੋ ਅਤਿ ਹੀ ਰਨ ਭੀਤਰ
ਜੂਝ ਮਰੋ ਕਹਿ ਸਾਚ ਪਤੀਜੈ॥
ਹੇ ਦਿਆਲ-ਪੁਰਖ ਜੀਓ, ਮੇਰੀ ਬੇਨਤੀ ਸੁਣੋ। ਮੈਂ ਤੁਹਾਥੋਂ ਹੋਰ ਕੁਝ ਨਹੀਂ ਮੰਗਦਾ। ਜੋ ਮੇਰੇ ਚਿਤ ਵਿਚ ਹੈ, ਉਹੀ ਕਰੋ। ਭਖੀ ਹੋਈ ਰਣਭੂਮੀ ਵਿਚ ਮੈਂ ਸ਼ਸਤਰਾਂ ਨਾਲ ਜੂਝ ਕੇ ਪ੍ਰਾਨ ਤਿਆਗਾਂ, ਮੇਰੀ ਇਹ ਭਾਵਨਾ ਸੱਚ ਕਰ ਦਿਓ।
ਇਸ ਤੋਂ ਅੱਗੇ ਆਪਣੀ ਭਾਵਨਾ ਦੀ ਦ੍ਰਿੜ੍ਹਤਾ ਨੂੰ ਦਰਸਾਉਂਦੇ ਹੋਏ ਗੁਰੂ ਜੀ ਲਿਖਦੇ ਹਨ-ਜੇ ਮੈਂ ਧਨ ਦੀ ਇੱਛਾ ਕਰਾਂ ਤਾਂ ਦੇਸ਼-ਦਿਸ਼ਾਂਤਰਾਂ ਤੋਂ ਧਨ ਚਲਿਆ ਆਉਂਦਾ ਹੈ ਅਤੇ ਜੇ ਰਿੱਧੀਆਂ ਸਿੱਧੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਸਾਨੂੰ ਕੋਈ ਲਾਲਚ ਨਹੀਂ ਹੈ। ਬੱਸ, ਮੈਨੂੰ ਤਾਂ ਇਹੀ ਵਰ ਦਿਓ ਕਿ ਮੈਂ ਮੈਦਾਨੇ-ਜੰਗ ਵਿਚ ਨਿਰਭੈ ਹੋ ਕੇ ਸ਼ਹੀਦ ਹੋਵਾਂ।
ਜਉ ਕਿਛੁ ਇਛ ਕਰੋ ਧਨ ਕੀ
ਤਉ ਚਲਿਯੋ ਧਨੁ ਦੇਸਨ ਦੇਸ ਤੇ ਆਵੈ॥
ਅਉ ਸਬ ਰਿਧਨ ਸਿਧਨ ਪੈ
ਹਮਰੋ ਨਹੀ ਨੈਕੁ ਹੀਯੋ ਲਲਚਾਵੈ॥…
ਜੂਝਿ ਮਰੋ ਰਨ ਮੈਂ ਤਜਿ ਭੈ
ਤੁਮ ਤੇ ਪ੍ਰਭ ਸਯਾਮ ਇਹੈ ਵਰੁ ਪਾਵੈ॥
ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ-ਫ਼ਲਸਫ਼ਾ, ਇਲਾਕੇ ਜਿੱਤਣ ਜਾਂ ਕਿਸੇ ਦੇਸ਼ ਉੱਤੇ ਕਬਜ਼ਾ ਕਰਨ ਦਾ ਫ਼ਲਸਫ਼ਾ ਨਹੀਂ ਸੀ। ਉਨ੍ਹਾਂ ਦਾ ਯੁੱਧ-ਸਿਧਾਂਤ ਧਰਮ-ਯੁੱਧ ਦਾ ਸਿਧਾਂਤ ਸੀ। ਉਹ ਆਪਣਾ ਜੀਵਨ-ਮਨੋਰਥ ਦਸਦੇ ਹੋਏ ਕਹਿੰਦੇ ਹਨ-
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਿਨ॥
ਦੁਸ਼ਟਾਂ ਦਾ ਨਾਸ਼ ਕਰਨ ਲਈ ਸ਼ਸਤਰਾਂ ਦੀ ਅਤੇ ਯੁੱਧ ਦੀ ਲੋੜ ਪੈਂਦੀ ਹੈ। ਜ਼ਾਲਮ ਅਹਿੰਸਾ ਦੀ ਭਾਸ਼ਾ ਨਹੀਂ ਸਮਝਦਾ। ਉਸ ਨੂੰ ਉਸੇ ਦੀ ਭਾਸ਼ਾ ਵਿਚ ਉੱਤਰ ਦੇਣ ਲਈ ਸ਼ਸਤਰ ਧਾਰਨ ਕਰਨੇ ਜ਼ਰੂਰੀ ਹਨ। ਇਸੇ ਕਾਰਨ ਜਿੱਥੇ ਦਸਮ ਪਾਤਸ਼ਾਹ ਨੇ ਜਾਪੁ ਸਾਹਿਬ ਅਤੇ ਅਕਾਲ ਉਸਤਤਿ ਵਰਗੀਆਂ ਅਧਿਆਤਮਿਕ ਬਾਣੀਆਂ ਲਿਖੀਆਂ, ਉਥੇ ਚੰਡੀ ਦੀ ਵਾਰ ਅਤੇ ਸ਼ਸਤ੍ਰ ਨਾਮ ਮਾਲਾ ਜਿਹੀਆਂ ਜੁਝਾਰ ਬਾਣੀਆਂ ਦੀ ਰਚਨਾ ਵੀ ਕੀਤੀ। ਜ਼ੁਲਮ ਦਾ ਨਾਸ਼ ਅਤੇ ਧਰਮ ਦਾ ਪ੍ਰਕਾਸ਼ ਕਰਨ ਲਈ ਸ਼ਸਤਰ ਸਭ ਤੋਂ ਉੱਤਮ ਤੇ ਕਾਰਗਰ ਸਾਧਨ ਹਨ। ਦਸਮੇਸ਼ ਪਿਤਾ ਸ਼ਸਤ੍ਰ ਨਾਮ ਮਾਲਾ ਵਿਚ ਸ਼ਸਤਰਾਂ ਦੀ ਉਸਤਤ ਕਰਦੇ ਹੋਏ ਉਨ੍ਹਾਂ ਨੂੰ ਗੁਰੂ-ਪੀਰ ਦਾ ਦਰਜਾ ਦਿੰਦੇ ਹਨ-
ਅਸਿ ਕ੍ਰਿਪਾਨ ਖੰਡੋ ਖੜਗ
ਤੁਪਕ ਤਬਰ ਅਰੁ ਤੀਰ॥
ਸਫੈ ਸਰੋਹੀ ਸੈਹਥੀ,
ਯਹੈ ਹਮਾਰੈ ਪੀਰ॥
ਫੇਰ ਇਸ ਤੋਂ ਵੀ ਅੱਗੇ ਜਾ ਕੇ ਉਹ ਸ਼ਸਤਰਾਂ ਦੀ ਤੁਲਨਾ ਅਕਾਲ ਪੁਰਖ ਨਾਲ ਕਰਦੇ ਹੋਏ ਲਿਖਦੇ ਹਨ-
ਤੀਰ ਤੁਹੀ ਸੈਥੀ ਤੁਹੀ,
ਤੁਹੀ ਤਬਰ ਤਰਵਾਰਿ॥
ਨਾਮ ਤਿਹਾਰੋ ਜੋ ਜਪੈ
ਭਏ ਸਿੰਧੁ ਭਵ ਪਾਰ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿਚ ਕੁਝ ਹੋਰ ਥਾਵਾਂ ’ਤੇ ਵੀ ਅਜਿਹੀ ਭਾਵਨਾ ਪ੍ਰਗਟ ਕੀਤੀ ਹੈ ਕਿ ਹੇ ਅਕਾਲ ਪੁਰਖ, ਜਦੋਂ ਮੇਰਾ ਅੰਤ-ਸਮਾਂ ਆਵੇ ਤਾਂ ਮੈਂ ਧਰਮ-ਯੁੱਧ ਕਰਦਾ ਹੋਇਆ ਮੈਦਾਨੇ-ਜੰਗ ਵਿਚ ਜੂਝ ਰਿਹਾ ਹੋਵਾਂ।
ਦੇਹ ਸਿਵਾ ਬਰੁ ਮੋਹਿ ਇਹੈ
ਸੁਭ ਕਰਮਨ ਤੇ ਕਬਹੂੰ ਨਾ ਟਰੋਂ॥
ਨਾ ਡਰੋ ਅਰਿ ਸੋ ਜਬ ਜਾਇ ਲਰੋ
ਨਿਸਚੈ ਕਰਿ ਅਪਨੀ ਜੀਤ ਕਰੋਂ॥
ਜਬ ਆਵ ਕੀ ਅਉਧ ਨਿਦਾਨ ਬਨੈ
ਅਤਿ ਹੀ ਰਨ ਮੈਂ ਤਬ ਜੂਝ ਮਰੋਂ॥
ਦਸਮ ਪਾਤਸ਼ਾਹ ਆਪਣੇ ਸਿੱਖਾਂ ਨੂੰ ਧਰਮ-ਯੁੱਧ ਦੇ ਯੋਧੇ ਅਤੇ ਸੰਤ-ਸਿਪਾਹੀ ਬਣਾਉਣਾ ਚਾਹੁੰਦੇ ਸਨ। ਬਹਾਦਰੀ ਦਾ ਅਰਥ ਇਹ ਨਹੀਂ ਹੈ ਕਿ ਸ਼ਸਤਰਾਂ ਦੀ ਵਿਵੇਕਹੀਣ ਵਰਤੋਂ ਕੀਤੀ ਜਾਏ। ਧਰਮ-ਯੁੱਧ ਦਾ ਸਿਪਾਹੀ ਜਬਰ ਤੇ ਜ਼ੁਲਮ ਨਾਲ ਤਾਂ ਡਟ ਕੇ ਟੱਕਰ ਲੈਂਦਾ ਹੈ ਪਰ ਨਿਆਸਰਿਆਂ, ਨਿਹੱਥਿਆਂ, ਇਸਤਰੀਆਂ ਅਤੇ ਬੱਚਿਆਂ ਉਤੇ ਵਾਰ ਨਹੀਂ ਕਰਦਾ। ਉਹ ਬੇਸਹਾਰਿਆਂ ਦਾ ਸਹਾਰਾ ਬਣਦਾ ਹੈ। ਇਕ ਸੰਤ-ਸਿਪਾਹੀ ਸੂਰਮਾ ਬਹਾਦਰੀ ਅਤੇ ਵਿਵੇਕ ਵਿਚ ਸੰਤੁਲਨ ਕਾਇਮ ਰੱਖਦਾ ਹੈ। ਇਸ ਲਈ ਦਸਮ ਪਾਤਸ਼ਾਹ ਕਹਿੰਦੇ ਹਨ-ਧੰਨ ਹੈ ਉਹ ਮਨੁੱਖ, ਜਿਸ ਦੀ ਜ਼ਬਾਨ ’ਤੇ ਹਰੀ ਦਾ ਨਾਮ ਹੈ ਪਰ ਚਿੱਤ ਵਿਚ ਧਰਮ-ਯੁੱਧ ਦਾ ਚਾਅ ਹੈ-
ਧੰਨਿ ਜੀਓ ਤਿਹ ਕੋ ਜਗ ਮੈਂ
ਮੁਖ ਤੇ ਹਰਿ ਚਿਤ ਮੇਂ ਜੁਧੁ ਬਿਚਾਰੈ॥
.. .. .. .. ..
ਅਵਰ ਵਾਸਨਾ ਨਾਹਿ ਪ੍ਰਭ
ਧਰਮ ਜੁਧ ਕੋ ਚਾਇ॥
ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬ ਲੋਹ ਦੇ ਸ਼ਸਤਰਾਂ ਉੱਤੇ ਇੰਨਾ ਭਰੋਸਾ ਸੀ ਜਿੰਨਾ ਕਿ ਸ੍ਰੀ ਅਕਾਲ ਪੁਰਖ ਜੀ ਉੱਤੇ। ਆਪਣੀ ਬਾਣੀ ‘ਅਕਾਲ ਉਸਤਤਿ’ ਦੇ ਆਰੰਭ ਵਿਚ ਉਹ ਲਿਖਦੇ ਹਨ-
ਅਕਾਲ ਪੁਰਖ ਕੀ ਰਛਾ ਹਮਨੈ॥
ਸਰਬ ਲੋਹ ਕੀ ਰਛਿਆ ਹਮਨੈ॥
ਸਰਬ ਕਾਲ ਜੀ ਕੀ ਰਛਿਆ ਹਮਨੈ॥
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ॥
ਇੱਥੇ ਇਕ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨਿਪਟ ਇਕ ਯੁੱਧ-ਪ੍ਰੇਮੀ ਸਨ? ਕੀ ਉਨ੍ਹਾਂ ਨੂੰ ਹਰ ਸਮੇਂ ਯੁੱਧ ਦਾ ਚਾਅ ਚੜਿ੍ਹਆ ਰਹਿੰਦਾ ਸੀ? ਕਿਸੇ ਵੀ ਵਿਅਕਤੀ ਨੂੰ ਅਜਿਹੇ ਭਰਮ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਇਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਆਪਣੀ 42 ਸਾਲ ਦੀ ਛੋਟੀ ਜਿਹੀ ਉਮਰ ਵਿਚ ਜੀਵਨ ਦੇ ਤਕਰੀਬਨ ਹਰ ਖੇਤਰ ਵਿਚ ਬੇਹੱਦ ਸਾਰਥਿਕ ਭੂਮਿਕਾ ਨਿਭਾਈ। ਉਹ ’ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ’ ਦੇ ਧਾਰਨੀ ਸਨ। ਕਹਿੰਦੇ ਹਨ ਕਿ ਜੇ ਕੁਝ ਲੋਕਾਂ ਦੀ ਸ਼ਕਲ-ਸੂਰਤ ਕੁਝ ਵੱਖਰੀ ਤਰ੍ਹਾਂ ਦੀ ਦਿਸਦੀ ਹੈ ਤਾਂ ਇਹ ’ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥’ ਗੁਰੂ ਗੋਬਿੰਦ ਸਿੰਘ ਕਿਸੇ ਧਰਮ ਦੇ ਅਤੇ ਖਾਸ ਕਰਕੇ ਇਸਲਾਮ ਦੇ ਵਿਰੋਧੀ ਨਹੀਂ ਸਨ। ਉਹ ਕੇਵਲ ਜਬਰ-ਜ਼ੁਲਮ ਅਤੇ ਅਨਿਆਂ ਦੇ ਵਿਰੋਧੀ ਸਨ। ਉਨ੍ਹਾਂ ਨੇ ਕਦੀ ਕਿਸੇ ਉੱਤੇ ਹਮਲਾ ਨਹੀਂ ਕੀਤਾ। ਸਾਰੇ ਯੁੱਧ ਸਵੈ-ਰੱਖਿਆ ਲਈ ਲੜੇ। ਉਹ ਯੁੱਧ ਨੂੰ ਆਖਰੀ ਹਥਿਆਰ ਵਜੋਂ ਵਰਤਦੇ ਸਨ। ਉਨ੍ਹਾਂ ਦੇ ਇਸ ਵਿਚਾਰ ਅਤੇ ਅਸੂਲ ਨੂੰ ਵਿਅਕਤ ਕਰਦਾ ਜ਼ਫ਼ਰਨਾਮੇ ਵਿਚ ਉਨ੍ਹਾਂ ਦਾ ਪ੍ਰਸਿੱਧ ਸ਼ਿਅਰ ਹੈ-
ਚੂ ਕਾਰ ਅਜ਼
ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ
ਬ ਸ਼ਮਸ਼ੀਰ ਦਸਤ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚ, ਧਰਮ ਅਤੇ ਨਿਆਂ ਦੀ ਖਾਤਰ ਜੂਝ ਮਰਨ ਦੀ ਪ੍ਰੇਰਨਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ-
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਨ ਨ ਕੀਜੈ॥
ਗੁਰੂ ਅਰਜਨ ਦੇਵ ਜੀ ਦਾ ਬਚਨ ਹੈ-
ਜੋ ਸੂਰਾ ਤਿਸ ਹੀ ਹੋਇ ਮਰਣਾ॥
ਜੋ ਭਾਗੈ ਤਿਸੁ ਜੋਨੀ ਫਿਰਣਾ॥
ਇਸੇ ਪ੍ਰਸੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਨ-
ਹੇ ਰਵਿ ਹੇ ਸਸਿ ਹੇ ਕਰੁਨਾਨਿਧ
ਮੇਰੀ ਅਬੈ ਬਿਨਤੀ ਸੁਨਿ ਲੀਜੈ॥
ਅਉਰ ਨ ਮਾਗਤ ਹਉ ਤੁਮ ਤੇ ਕਛੁ
ਚਾਹਤ ਹਉ ਚਿਤ ਮੈਂ ਸੋਈ ਕੀਜੈ।
ਸਸਤ੍ਰਨ ਸੋ ਅਤਿ ਹੀ ਰਨ ਭੀਤਰ
ਜੂਝ ਮਰੋ ਕਹਿ ਸਾਚ ਪਤੀਜੈ॥

Comment here