ਸਿਆਸਤਖਬਰਾਂ

ਕਰਜ਼ੇ ਨੇ ਲਈਆਂ ਦੋ ਜਾਨਾਂ

ਮਾਨਸਾ/ ਬਠਿੰਡਾ-ਕਰਜ਼ੇ ਕਾਰਨ ਪ੍ਰੇਸ਼ਾਨੀ ਵਿੱਚ ਦੋ ਨੌਜਵਾਨਾਂ ਨੇ ਮੌਤ ਨੂੰ ਗਲ ਲਾ ਲਿਆ। ਮਾਨਸਾ ਜਿ਼ਲੇ ਦੇ ਪਿੰਡ ਭੁਪਾਲ ਖੁਰਦ ਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ।  ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਅਤੇ ਭੀਖੀ ਬਲਾਕ ਦੇ ਪ੍ਰਧਾਨ ਰਾਜ ਸਿੰਘ ਅਕਲੀਆ ਨੇ ਦੱਸਿਆ ਕਿ ਕਿਸਾਨ ਅਮਰੀਕ ਸਿੰਘ (45) ਕੋਲ ਸਿਰਫ਼ 2 ਏਕੜ ਜ਼ਮੀਨ ਸੀ ਤੇ ਉਸ ਦੇ ਸਿਰ 5 ਲੱਖ ਰੁਪਏ ਦਾ ਕਰਜ਼ਾ ਸੀ, ਉਸ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਪਿੰਡ ਦੇ ਲੋਕਾਂ ਦਾ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਕਰਜ਼ਾ ਫਿਰ ਵੀ ਨਹੀਂ ਉੱਤਰ ਸਕਿਆ, ਜਿਸ ਕਾਰਨ ਪ੍ਰੇਸ਼ਾਨੀ ਦੀ ਹਾਲਤ ‘ਚ ਉਸ ਨੇ ਉਕਤ ਕਦਮ ਚੁੱਕ ਲਿਆ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਤਕ ਦੇ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ ਹੀ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ।

ਤਲਵੰਡੀ ਸਾਬੋ ਚ ਭੈਣ ਦੇ ਵਿਆਹ ਲਈ ਪੈਸੇ ਦਾ ਇੰਤਜ਼ਾਮ ਨਾ ਹੋ ਸਕਣ ਕਰਕੇ ਨੌਜਵਾਨ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਸੁਨੀਲ ਕੁਮਾਰ ਦੇ ਪਰਿਵਾਰ ਸਿਰ ਪਹਿਲਾਂ ਤੋਂ ਕਾਫੀ ਪ੍ਰਾਈਵੇਟ ਕਰਜ਼ਾ ਹੈ ਅਤੇ ਸੁਨੀਲ ਕੁਮਾਰ ਦੇ ਪਿਤਾ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਆਮਦਨ ਦਾ ਵੀ ਕੋਈ ਸਾਧਨ ਨਹੀਂ ਹੈ , ਸੁਨੀਲ ਨੂੰ ਟੁਟਵਾਂ ਕੰਮ ਮਿਲਦਾ ਸੀ, ਆਰਥਿਕ ਤੰਗੀ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ ਅਤੇ ਹੁਣ ਤਕਰੀਬਨ ਅੱਠ ਦਿਨ ਬਾਅਦ ਸੁਨੀਲ ਕੁਮਾਰ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਪ੍ਰੰਤੂ ਰੁਪਏ ਪੈਸੇ ਦਾ ਪ੍ਰਬੰਧ ਨਾ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀ ਨਾ ਝੱਲਦੇ ਹੋਏ ਉਸ ਨੇ ਫਾਹਾ ਲੈ ਲਿਆ। ਘਰ ਵਿੱਚ ਬਿਮਾਰ ਮਾਤਾ ਤੇ ਭੈਣ ਹਨ, ਕਮਾਉਣ ਵਾਲਾ ਕੋਈ ਨਹੀਂ ਹੈ। ਇਲਾਕੇ ਦੇ ਮੋਹਤਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਕਰਜ਼ਾ ਮਾਫ ਕਰਵਾਇਆ ਜਾਵੇ।

Comment here