ਅੰਮ੍ਰਿਤਸਰ- ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਗੁਰਬਾਣੀ ਬਾਰੇ ਗਲਤ ਤੱਥ ਪੇਸ਼ ਕੀਤੇ ਹੋਣ ਦੇ ਦੋਸ਼ ਲਾ ਕੇ ਕੁਝ ਜਥੇਬੰਦੀਆਂ ਰੋਸ ਮੁਜਾ਼ਹਰੇ ਕਰ ਰਹੀਆਂ ਹਨ, ਇਸ ਮੁੱਦੇ ਤੇ ਟਿਪਣੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਨ੍ਹਾਂ ਤੋਂ ਸਿੱਖ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਜਿਸ ਵਿਚ ਸਿੱਖ ਇਤਿਹਾਸ ਨੂੰ ਗਲਤ ਰੰਗਤ ਦੇ ਕੇ ਪੇਸ਼ ਕੀਤਾ ਗਿਆ ਹੈ, ਵਿਰੁੱਧ ਧਰਨਾ ਲਗਾਉਣ ਵਾਲੇ ਬਲਦੇਵ ਸਿੰਘ ਸਿਰਸਾ ਸ਼੍ਰੋਮਣੀ ਕਮੇਟੀ ਨੂੰ ਜਾਣਬੁਝ ਕੇ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਸਾਹਮਣੇ ਧਰਨਾ ਲਗਾਉਣ ਵਾਲੇ ਸਿਰਸਾ, ਲੱਖਾ ਸਿਧਾਣਾ ਤੇ ਕੁਝ ਹੋਰ ਸ਼ਰਾਰਤੀ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਬਦਨਾਮੀ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਲੋਕ ਧਰਨੇ ਦੌਰਾਨ ਅਸਲ ਮਾਮਲੇ ਤੋਂ ਹਟ ਕੇ ਸ਼੍ਰੋਮਣੀ ਕਮੇਟੀ ਦੀ 1999 ‘ਚ ਛਾਪੀ ਹਿੰਦੀ ਪੁਸਤਕ ‘ਸਿੱਖ ਇਤਿਹਾਸ’ ਦੇ ਮਾਮਲੇ ਨੂੰ ਬਿਨਾਂ ਵਜ੍ਹਾ ਤੂਲ ਦੇ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਾਪਸ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਇਸ ਕਿਤਾਬ ਸਬੰਧੀ ਕੇਸ ਵਾਚਿਆ ਗਿਆ ਹੈ, ਜਿਸ ਅਨੁਸਾਰ ਪੁਸਤਕ ਵਾਪਸ ਲਈ ਜਾ ਚੁੱਕੀ ਹੈ। ਇਸ ਪੁਸਤਕ ਵਿਚ ਕੁਝ ਇਤਰਾਜ਼ਯੋਗ ਤੱਥ ਸਨ ਅਤੇ ਇਸ ਬਾਰੇ ਸੰਗਤਾਂ ਦੇ ਇਤਰਾਜ਼ ਆਉਣ ਤੋਂ ਬਾਅਦ ਇਸ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ 23 ਨਵੰਬਰ 2007 ਨੂੰ ਜਨਰਲ ਇਜਲਾਸ ਦੌਰਾਨ ਇਕ ਵਿਸ਼ੇਸ਼ ਮਤਾ ਕਰਕੇ ਇਸ ਕਿਤਾਬ ’ਤੇ ਪਾਬੰਦੀ ਲਗਾਉਂਦਿਆਂ ਇਸ ਦੀਆਂ ਛਪੀਆਂ ਕਾਪੀਆਂ ਵਾਪਸ ਲੈ ਲਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਜੇ. ਡੀ. ਕਨਿੰਘਮ ਦੀ ਅੰਗਰੇਜ਼ੀ ਪੁਸਤਕ ‘ਦਿ ਹਿਸਟਰੀ ਆਫ ਸਿੱਖਜ਼’ ਦਾ ਹਿੰਦੀ ਅਨੁਵਾਦ ਸੀ, ਜਿਸ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਤੀਜੀ ਸ਼ਤਾਬਦੀ ਮੌਕੇ ਸਿਰਫ 300 ਦੀ ਗਿਣਤੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ’ਤੇ ਇਤਰਾਜ਼ ਆਏ ਸਨ, ਜਿਸ ਦੇ ਮੱਦੇਨਜ਼ਰ ਪੁਸਤਕ ’ਤੇ ਪਾਬੰਦੀ ਲਗਾਈ ਗਈ ਸੀ ਅਤੇ ਇਸ ਦੇ ਨਾਲ ਹੀ ਪਹਿਲਾਂ 24 ਅਕਤੂਬਰ 2010 ਤੇ ਫਿਰ 11 ਅਗਸਤ 2018 ਨੂੰ ਅਖ਼ਬਾਰਾਂ ਵਿਚ ਇਸ਼ਤਿਹਾਰ ਵੀ ਛਪਾਏ ਗਏ ਸਨ। ਇਸ ਤੋਂ ਇਲਾਵਾ ਬਲਦੇਵ ਸਿੰਘ ਸਿਰਸਾ ਵੱਲੋਂ ਇਸ ਨੂੰ ਲੈ ਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਅੰਮ੍ਰਿਤਸਰ ਕੋਲ 2007 ‘ਚ ਇਕ ਕੇਸ ਵੀ ਪਾਇਆ ਗਿਆ ਸੀ, ਜਿਸ ਨੂੰ ਅਦਾਲਤ ਨੇ 2013 ਵਿਚ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਪੁਸਤਕ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਜੋ ਸਭ ਤੋਂ ਸੁਪਰੀਮ ਹੈ, ਵੱਲੋਂ ਮਤੇ ਰਾਹੀਂ ਜਨਤਕ ਤੌਰ ’ਤੇ ਗਲਤੀ ਪ੍ਰਵਾਨ ਕਰਦਿਆਂ ਕਿਤਾਬ ਰੱਦ ਕੀਤੀ ਗਈ ਸੀ, ਜਿਸ ਮਗਰੋਂ ਇਸ ਕਿਤਾਬ ਦਾ ਕੋਈ ਮਾਮਲਾ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਸਿਰਸਾ ਸਮੇਤ ਕੁਝ ਸ਼੍ਰੋਮਣੀ ਕਮੇਟੀ ਦੀ ਵਿਰੋਧਤਾ ਕਰਨ ਵਾਲੇ ਪੇਸ਼ੇਵਰ ਲੋਕ ਇਸ ਨੂੰ ਆਪਣੇ ਨਿੱਜੀ ਹਿੱਤਾਂ ਖਾਤਰ ਮੁੱਦਾ ਬਣਾ ਰਹੇ ਹਨ, ਜਿਸ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਸਮੇਤ ਪਰਮਜੀਤ ਸਿੰਘ ਤੇ ਹੋਰ ਮੌਜੂਦ ਸਨ।
Comment here