ਪੇਸ਼ਾਵਰ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ 19ਵੀਂ ਸਦੀ ਦੇ ਅਰੰਭ ਵਿੱਚ ਬਣੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਨੂੰ ਆਰਕੀਟੈਕਚਰ ਦਾ ਇੱਕ ਮਹਾਨ ਨਮੂਨਾ ਮੰਨਿਆ ਜਾਂਦਾ ਹੈ। ਫਿਲਹਾਲ ਇਸ ਵਿੱਚ ਇੱਕ ਜਨਤਕ ਲਾਇਬ੍ਰੇਰੀ ਹੈ ਅਤੇ ਇਸ ‘ਤੇ 1999 ਤੋਂ ਮਾਨਸੇਹਰਾ ਦੇ ਟਾਊਨ ਮਿਊਂਸਪਲ ਪ੍ਰਸ਼ਾਸਨ (ਟੀ.ਐੱਮ.ਏ.) ਦਾ ਕਬਜ਼ਾ ਹੈ। ਪਾਕਿਸਤਾਨੀ ਅਧਿਕਾਰੀਆਂ ਨੇ 100 ਸਾਲ ਤੋਂ ਵੱਧ ਪੁਰਾਣੇ ਇਸ ਗੁਰਦੁਆਰੇ ਦੇ ਸਹੀ ਰੱਖ-ਰਖਾਅ ਅਤੇ ਸੁਰੱਖਿਆ ਲਈ ਉਸ ਨੂੰ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਨੂੰ ਟਰਾਂਸਫਰ ਕਰਨ ਦਾ ਫ਼ੈਸਲਾ ਕਰਨ ਲਈ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬਾਈ ਸਰਕਾਰ ਦੁਆਰਾ ਗਠਿਤ ਕਮੇਟੀ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦੇਣ ਅਤੇ ਅਧਿਕਾਰੀਆਂ ਨੂੰ ਸੌਂਪਣ ਤੋਂ ਪਹਿਲਾਂ ਮਾਨਸੇਹਰਾ ਜ਼ਿਲੇ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਦਾ ਦੌਰਾ ਕਰੇਗੀ। ਈ.ਟੀ.ਪੀ.ਬੀ. ਦੇ ਅਧਿਕਾਰੀਆਂ ਨੇ ਹੁਣ ਖੈਬਰ ਪਖਤੂਨਖਵਾ ਸੂਬਾਈ ਸਰਕਾਰ ਤੋਂ ਗੁਰਦੁਆਰਾ ਸਾਹਿਬ ਨੂੰ ਉਚਿਤ ਸੁਰੱਖਿਆ ਲਈ ਬੋਰਡ ਨੂੰ ਸੌਂਪੇ ਜਾਣ ਦੀ ਲਿਖਤੀ ਵਿਚ ਮੰਗ ਕੀਤੀ ਹੈ। ਈ.ਟੀ.ਪੀ.ਬੀ. ਇੱਕ ਵਿਧਾਨਕ ਬੋਰਡ ਹੈ ਜੋ ਵੰਡ ਤੋਂ ਬਾਅਦ ਭਾਰਤ ਵਿੱਚ ਪਰਵਾਸ ਕਰਨ ਵਾਲੇ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧਨ ਕਰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਕੌਂਸਲ ਬੋਰਡ ਦੇ ਉਪ ਸਕੱਤਰ ਜ਼ਹੀਰ ਖਾਨ ਅਤੇ ਮਾਨਸੇਹਰਾ ਤਹਿਸੀਲ ਦੇ ਪ੍ਰਸ਼ਾਸਕ ਬਸ਼ਾਰਤ ਖਾਨ ਦੀ ਕਮੇਟੀ ਈ.ਟੀ.ਪੀ.ਬੀ. ਦੀ ਬੇਨਤੀ ‘ਤੇ ਬਣਾਈ ਗਈ ਸੀ।
ਸਦੀ ਪੁਰਾਣੇ ਗੁਰਦੁਆਰੇ ਦੀ ਸੰਭਾਲ ਲਈ ਪਾਕਿ ਚ ਯਤਨ

Comment here