ਸਾਹਿਤਕ ਸੱਥਦੁਨੀਆਵਿਸ਼ੇਸ਼ ਲੇਖ

ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਫਸੀ ਮਨੁੱਖਤਾ

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਵਿਗਿਆਨ ਦੀ ਇੱਕ ਸ਼ਾਖਾ ਹੈ ਜੋ ਬੁੱਧੀ ਨਾਲ ਮਸ਼ੀਨਾਂ ਅਤੇ ਸੌਫਟਵੇਅਰ ਵਿਕਸਿਤ ਕਰਦੀ ਹੈ। 1955 ਵਿੱਚ, ਜੌਨ ਮੈਕਕਾਰਥੀ ਨੇ ਇਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨਾਮ ਦਿੱਤਾ ਤੇ ਇਸਨੂੰ ਬੁੱਧੀਮਾਨ ਮਸ਼ੀਨਾਂ ਬਣਾਉਣ ਦਾ ਵਿਗਿਆਨ ਅਤੇ ਇੰਜੀਨੀਅਰਿੰਗ ਵਜੋਂ ਪਰਿਭਾਸ਼ਿਤ ਕੀਤਾ। ਅਜੋਕੇ ਸਮੇਂ ਨਿਊ ਵਰਲਡ ਆਰਡਰ ਤਹਿਤ ਅਸੀਂ ਆਰਟੀਫੀਸ਼ਲ ਇੰਟੈਲੀਜੈਂਸ ਵਲ ਜਾ ਰਹੇ ਹਾਂ। ਇਸ ਯੁਗ ਨੇ ਵਿਸ਼ਵ ਦੇ ਸਾਰੇ ਮਹਾਦੀਪਾਂ, ਦੇਸਾਂ ਅਤੇ ਬਾਸ਼ਿੰਦਿਆਂ ਨੂੰ ਤੁਲਨਾਵੀ ਅਨੁਪਾਤ ਵਿਚ ਪ੍ਰਭਾਵਿਤ ਕੀਤਾ ਹੈ। ਅੱਜ ਦੁਨੀਆਂ ਭਰ ਦੇ ਕਾਰਪੋਰੇਟਾਂ ਨੂੰ ਬਸਤੀਆਂ ਬਣਾਉਣ ਦੀ ਲੋੜ ਨਹੀਂ। ਅੱਜ ਸਕਰੀਨ ਦੇ ਇੱਕੋ ਟੱਚ ਨਾਲ ਵਿਭਿੰਨ ਦੇਸਾਂ ਦੀਆਂ ਆਰਥਿਕ, ਰਾਜਨੀਤਿਕ ਸਥਿਤੀਆਂ ਬਦਲ ਸਕਦੀਆਂ ਹਨ। ਇੱਕੋ ਟਵੀਟ ਨਾਲ ਕਰਿਪਟੋਕਰੰਸੀਆਂ ਵਿਚ ਉਤਾਰ-ਚੜ੍ਹਾਅ ਦੇਖੇ ਜਾ ਸਕਦੇ ਹਨ। ਇੱਕੋ ਝਟਕੇ ਨਾਲ ਦੁਨੀਆਂ ਦੇ ਮਹਾਨ ਥੰਮ ਹਿਲਾਏ ਜਾ ਸਕਦੇ ਹਨ।
ਆਰਟੀਫੀਸ਼ਲ ਇੰਟੈਲੀਜੈਂਸ ਵਿੱਚ ਮਨੁੱਖੀ ਭਾਵਨਾਵਾਂ ਲਈ ਕੋਈ ਥਾਂ ਨਹੀਂ ਹੋਵੇਗੀ। ਇਸ ਰੋਬੋਟ ਜਾਂ ਵਰਚੁਅਲ ਦੁਨੀਆਂ ਵਿੱਚ ਕਿਤੇ ਨਾ ਕਿਤੇ ਅਸੀਂ ਅਸਲ ਸੰਸਾਰ, ਕੁਦਰਤ, ਆਪਣੇ ਪਰਿਵਾਰ ਰਿਸ਼ਤਿਆਂ, ਦੋਸਤਾਂ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਇਸ ਕਾਰਨ ਸਾਡੇ ਅੰਦਰਲੀ ਮਨੁੱਖਤਾ ਨਸ਼ਟ ਹੁੰਦੀ ਜਾ ਰਹੀ ਹੈ। ਅਸੀਂ ਇਕਲੇ ਪੈਂਦੇ ਜਾ ਰਹੇ ਹਾਂ, ਸਟਰੈਸ ਵਿਚ ਹਾਂ। ਆਰਟੀਫੀਸ਼ਲ ਇੰਟੈਲੀਜੈਂਸ ਦੀ ਦੁਨੀਆਂ ਵਿਚ ਗੁਆਚੇ ਅਸੀਂ ਰੋਬੋਟ ਬਣ ਰਹੇ ਹਾਂ। ਜ਼ਿੰਦਗੀ ਜੀਉਣ ਦਾ ਚਾਅ ਮੁਕ ਰਿਹਾ ਹੈ।
ਵਿਗਿਆਨੀ ਸਟੀਫਨ ਹਾਕਿੰਗ ਨੇ ਕਿਹਾ ਸੀ ਕਿ ਜੇਕਰ ਆਰਟੀਫੀਸ਼ਲ ਇੰਟੈਲੀਜੈਂਸ ਮਸ਼ੀਨਾਂ ਬਣਾਈਆਂ ਗਈਆਂ ਤਾਂ ਇਹ ਮਨੁੱਖੀ ਸਭਿਅਤਾ ਨੂੰ ਤਬਾਹ ਕਰ ਦੇਣਗੀਆਂ। ਇੱਕ ਵਾਰ ਜਦੋਂ ਮਨੁੱਖ ਆਰਟੀਫੀਸ਼ਲ ਇੰਟੈਲੀਜੈਂਸ ਮਸ਼ੀਨਾਂ ਬਣਾ ਲਵੇਗਾ, ਤਾਂ ਇਹ ਮਸ਼ੀਨਾਂ ਆਪਣੇ ਆਪ ਹੀ ਆਪਣੀਆਂ ਕਾਪੀਆਂ ਬਣਾਉਣ ਦੇ ਯੋਗ ਹੋ ਜਾਣਗੀਆਂ। ਇਹ ਮਸ਼ੀਨਾਂ ਮਨੁੱਖੀ ਸੰਵੇਦਨਾਵਾਂ ਨੂੰ ਨੁਕਸਾਨ ਪਹੁੰਚਾਉਣਗੀਆਂ। ਪਰ ਕੀ ਇਹ ਥਿਕਿੰਗ ਮਸ਼ੀਨਾਂ ਬੰਦੇ ਦਾ ਤੋੜ ਹੋ ਸਕਦੀਆਂ ਹਨ? ਰੋਬੋਟਾਂ ’ਤੇ ਸਾਡੇ ਮਨੁੱਖਾਂ ਦੀ ਦਿਨ-ਬ-ਦਿਨ ਵੱਧ ਰਹੀ ਨਿਰਭਰਤਾ ਸਹੂਲਤ ਅਤੇ ਆਰਾਮ ਦੇ ਨਾਲ-ਨਾਲ ਸਾਡੇ ਲਈ ਖ਼ਤਰੇ ਦੀ ਘੰਟੀ ਬਣ ਸਕਦੀ ਹੈ। ਦੁਨੀਆ ਭਰ ਦੇ ਬਹੁਤ ਸਾਰੇ ਵਿਗਿਆਨਕ ਗਲਪ ਲੇਖਕਾਂ ਨੇ ਇਸ ਖਤਰਨਾਕ ਖਦਸ਼ੇ ਬਾਰੇ ਕਹਾਣੀਆਂ ਲਿਖੀਆਂ, ਫਿਲਮਾਂ ਵੀ ਬਣੀਆਂ ਹਨ। ਕੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਇਨ੍ਹਾਂ ਮਸ਼ੀਨਾਂ ਨੂੰ ਤਾਕਤਵਰ ਅਤੇ ਬੁੱਧੀਮਾਨ ਬਣਾ ਕੇ ਆਪਣੇ ਆਪ ਨੂੰ ਕਮਜ਼ੋਰ ਕਰ ਰਹੇ ਹਾਂ? ਉਸ ਦਿਨ ਕੀ ਹੋਵੇਗਾ ਜਦੋਂ ਆਧੁਨਿਕ ਰੋਬੋਟ ਮਨੁੱਖਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਣਗੇ? ਮਸ਼ਹੂਰ ਕੰਪਨੀ ਸਪੇਸ ਐਕਸ ਅਤੇ ਦੁਨੀਆ ਦੇ ਮਸ਼ਹੂਰ ਪੁਲਾੜ ਯਾਨ ਨਿਰਮਾਤਾ ਕੰਪਨੀ ਟੇਸਲਾ ਦੇ ਸੀਈਓ ਐਲੋਨ ਮਸਕ ਦਾ ਵੀ ਮੰਨਣਾ ਹੈ ਕਿ ਤੀਸਰੇ ਵਿਸ਼ਵ ਯੁੱਧ ਦਾ ਮੁੱਖ ਕਾਰਨ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਵੇਗਾ। ਇਸ ਨਾਲ ਦੁਨੀਆਂ ਦੀ ਤਬਾਹੀ ਮਚੇਗੀ।
ਮੌਜੂਦਾ ਸਮਾਂ ਕੁਆਂਟਿਮ ਕੰਪਿਊਟਿੰਗ, ਕ੍ਰਿਤ੍ਰਿਮ ਸਤ੍ਰਕ ਰਿਬੋਟਿਕਸ, ਬਿੱਗ ਡਾਟਾ, ਨੈਨੋ ਤਕਨਾਲੋਜੀ, ਬਲੌਕ ਚੇਨ ਅਤੇ ਜਨੈਟਿਕ ਇੰਜੀਨੀਅਰਿੰਗ ਵਰਗੀਆਂ ਅਤਿ ਵਿਕਸਿਤ ਤਕਨੀਕਾਂ ਹਨ। ਜਿਸ ਕੰਪਨੀ ਕੋਲ ਦੁਨੀਆਂ ਭਰ ਦਾ ਡਾਟਾ ਹੈ, ਉਸ ਕੋਲ ਤਾਕਤ ਹੈ। ਅਜਿਹੀ ਤਾਕਤ ਨੂੰ ਰੋਬੋਟ ਦੀ ਮਦਦ ਨਾਲ ਹੈਂਡਲ ਕੀਤਾ ਜਾਂਦਾ ਹੈ। ਅਮਾਲੀਆ, ਸੋਫੀਆ ਰੋਬੋ ਵੱਡੀਆਂ ਯੂਰਪੀ ਕੰਪਨੀਆਂ ਵਿਚ ਇੱਕੋ ਸਮੇਂ ਲਗਪਗ 100 ਭਾਸ਼ਾਵਾਂ ਦੀਆਂ ਫੋਨ ਕਾਲਜ਼ ਸੰਭਾਲ ਸਕਦੀਆਂ ਹਨ। ਜਨੈਟਿਕ ਇੰਜੀਨੀਅਰਿੰਗ ਜ਼ਰੀਏ ਡਿਜ਼ਾਈਨਰ ਬੇਬੀ ਤਿਆਰ ਕੀਤੇ ਜਾ ਰਹੇ ਹਨ। ਕ੍ਰਿਤ੍ਰਿਮ ਬੁੱਧੀਮਤਾ ਯੁਕਤ ਰੋਬੋ ਕਾਰਾਂ (ਵੇਅਮੋ) ਕੈਬਾਂ ਦੀ ਜਗ੍ਹਾ ਲੈ ਰਹੀਆਂ ਹਨ। ਮਨੁੱਖ ਦੇ ਵਧੇਰੇ ਐਡਵਾਂਸ ਹੋਣ ਨਾਲ ਪ੍ਰਕਿਰਤੀ, ਵਾਤਾਵਰਣ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ। ‘ਇਨਕਵੈਲਟੀ ਇੰਡੈਕਸ’ ਮੁਤਾਬਿਕ ਅੱਜ ਦੁਨੀਆਂ ਦੀ ਸੰਪਤੀ ਦੇ 44 ਫੀਸਦੀ ਹਿੱਸੇ ’ਤੇ ਸਿਰਫ ਇਕ ਫੀਸਦੀ ਲੋਕਾਂ ਦਾ ਕਬਜ਼ਾ ਹੈ।
ਇਸ ਨਿਊ ਵਰਡ ਆਰਡਰ ਤਹਿਤ ਮਨੁੱਖ ਮਾਇਆ ਵਿਚ ਅੰਨਾ ਹੋਇਆ ਆਪਣੀ ਸੁਖ ਸ਼ਾਂਤੀ ਗੁਆਕੇ ਹਸਣਾ ,ਰੌਣਾ ਸਭ ਭੁਲ ਜਾਵੇਗਾ। ਬੇਸ਼ੱਕ ਇਸ ਯੁਗ ਵਿਚ ਮਨੁੱਖ ਨਵੀਆਂ ਧਰਤੀਆਂ ਖੋਜ ਰਿਹਾ ਹੈ। ਪੁਲਾੜ ਯਾਤਰਾ ਦੇ ਅਗਲੇਰੇ ਮਿਸ਼ਨ ਵੱਲ ਵਧ ਰਿਹਾ ਹੈ, ਪਰ ਸਾਡੇ ਸੁਹਜ ਸਵਾਦ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਆਰਟੀਫੀਸ਼ਲ ਇੰਟੈਲੀਜੈਂਸ ਦੇ ਦੌਰ ਨੇ ਮਨੁੱਖ ਅੰਦਰ ਅਜੀਬ ਤਰ੍ਹਾਂ ਦੀ ਕਾਹਲ ਪੈਦਾ ਕਰ ਦਿੱਤੀ ਹੈ। ਮਨੁੱਖ ਪ੍ਰਕਾਸ਼ ਦੀ ਸਪੀਡ ਨਾਲ ਸਫਰ ਕਰਨਾ ਲੋਚਦਾ ਹੈ। ਇਹੀ ਕਾਹਲ ਮਨੁੱਖ ਨੂੰ ਮਨੁੱਖ ਤੋਂ ਦੂਰ ਹੀ ਨਹੀਂ, ਸਗੋਂ ਆਪਣੇ-ਆਪ ਤੋਂ ਵੀ ਦੂਰ ਕਰ ਰਹੀ ਹੈ।
ਨਿਊ ਵਰਲਰ ਆਰਡਰ ਦੀ ਸਭਿਅਤਾ ਤਹਿਤ ਅਜੋਕੇ ਦੌਰ ਵਿਚ ਮਨੁੱਖ ਸੰਪੂਰਨ ਆਜ਼ਾਦ ਨਹੀਂ ਹੈ, ਮਸ਼ੀਨਾਂ ਤੇ ਕਾਰਪਰੇਟ ਦਾ ਗੁਲਾਮ ਹੈ। ਮੋਬਾਇਲ ਫੋਨ, ਨੈਵੀਗੇਸ਼ਨਾਂ, ਕੈਮਰਿਆਂ, ਸਕਰੀਨਾਂ, ਵ੍ਹੱਟਸਐਪ, ਇੰਸਟਾ ਵਰਗੇ ਵੱਡੇ ਪਲੇਟਫਾਰਮ ਦਿਨੋਂ-ਦਿਨ ਸਾਡੀ ਨਿੱਜਤਾ ’ਤੇ ਪ੍ਰਸ਼ਨ-ਚਿੰਨ੍ਹ ਲਾ ਰਹੇ ਹਨ। ਬੰਦੇ ਦੀਆਂ ਰੋਜ਼ ਮੱਰਾ ਐਕਟੀਵਿਟੀਆਂ ਨੂੰ ਡਾਟਾ ਦੇ ਰੂਪ ਵਿਚ ਇਕੱਤਰ ਕੀਤਾ ਜਾ ਰਿਹਾ ਹੈ। ਉਸ ਦੀਆਂ ਭਾਵਨਾਵਾਂ, ਖੁਸ਼ੀਆਂ, ਗਮੀਆਂ, ਸੰਵੇਦਨਾਵਾਂ ਆਦਿ ਨੂੰ ਬਾਜ਼ਾਰ ਦੀ ਵਸਤ ਵਜੋਂ ਵੇਖਿਆ ਜਾ ਰਿਹਾ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜੁਗਤ ਰਾਹੀਂ ਆਪਣੇ ਟਿਕਾਣਿਆਂ ’ਤੇ ਬੈਠੇ ਮਨੁੱਖਾਂ ਨੂੰ ਅਦ੍ਰਿਸ਼ ਨਿਰਦੇਸ਼ ਦਿੱਤੇ ਜਾ ਰਹੇ ਹਨ ਅਤੇ ਉਸ ਨੂੰ ਸ਼ਤਰੰਜ ਦੇ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ, ਪਰ ਨਿਰਦੇਸ਼ਕ ਅਦ੍ਰਿਸ਼ ਰਹਿੰਦਾ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਨਵੇਂ ਯੁੱਗ ਵਿਚ ਪੜਿ੍ਹਆ-ਲਿਖਿਆ ਚੇਤੰਨ ਵਰਗ ਵੀ ਵਧੇਰੇ ਪ੍ਰਭਾਵਿਤ ਹੈ। ਵੱਡੀਆਂ ਕੰਪਨੀਆਂ ਵੱਲੋਂ ਜੋ ਮਨੁੱਖ ਨੂੰ ਜੀਣ ਦੇ ਬਦਲ ਦਿੱਤੇ ਜਾ ਰਹੇ ਹਨ, ਬੰਦਾ ਉਨ੍ਹਾਂ ਉੱਪਰ ਨਿਰਭਰ ਹੋ ਕੇ ਸੀਮਤ ਜ਼ਿੰਦਗੀ ਜਿਊਂਦਾ ਹੈ ਅਤੇ ਇਸ ਸੀਮਤ ਜਿਹੀ ਜ਼ਿੰਦਗੀ ਨੂੰ ਅਸੀਮਤ ਸਮਝਣ ਦਾ ਭਰਮ ਪਾਲ ਰਿਹਾ ਹੈ। ਇੰਜ ਸੀਮਤ ਜਿਹੀ ਜ਼ਿੰਦਗੀ ਜਿਊਂਦਾ ਮਨੁੱਖ ਦਿਨੋਂ-ਦਿਨ ਆਪਣੇ ਅੰਤਰੀਵੀ ਮਨ ਤੇ ਰੂਹਾਨੀਅਤ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਥਿੰਕਿੰਗ ਮਸ਼ੀਨੀਕਰਨ ਵਿਚ ਗ੍ਰਸਿਆ ਬੰਦਾ ਇੱਛਾ ਅਨੁਸਾਰ ਵੀ ਇਸ ਨੂੰ ਛੱਡ ਨਹੀਂ ਸਕਦਾ। ਮੋਬਾਇਲ, ਇੰਟਰਨੈੱਟ, ਮੀਡੀਆ, ਟੂਲਕਿੱਟਾਂ ਸਾਡੀ ਆਮ ਜ਼ਿੰਦਗੀ ਦੇ ਅੰਗ ਬਣ ਚੁੱਕੇ ਹਨ। ਪਰਮਾਣੂ ਹਥਿਆਰਾਂ ਨਾਲ ਲੈਸ ਸੰਸਾਰ ਦੀਆਂ ਵੱਡੀਆਂ ਤਾਕਤਾਂ ਦੇ ਮੁਖੀ, ਹਰ ਵੇਲੇ ਆਪਣੇ ਨਾਲ ਪਰਮਾਣੂ ਬੰਬਾਂ ਦੇ ਬਟਨਾਂ ਦਾ ਸੂਟਕੇਸ ਚੁੱਕੀ ਫਿਰਦੇ ਹਨ। ਪਲਾਂ ਵਿੱਚ ਹੀ ਮਨੁੱਖ ਦੀ ਈਜਾਦ ਕੀਤੀ ਬਣਾਉਟੀ ਬੁੱਧੀ ਦਾ ਹੰਕਾਰ ਤੇ ਹੁਕਮ , ਪੂਰੇ ਸੰਸਾਰ ਨੂੰ ਅੱਗ ਦੇ ਗੋਲ਼ੇ ਵਿੱਚ ਤਬਦੀਲ ਕਰ ਦੇਣਗੇ। ਅਜਿਹੀ ਤਬਾਹੀ ਦੀ ਪਰਲੋ ਅੱਗੇ ਮਨੁੱਖ ਦੀ ਸਿਆਣਪ ਬੇਵੱਸ ਹੋਵੇਗੀ। ਮਨੁੱਖ ਦੀਆ ਨਸਲਾਂ ਦੇ ਪੱਲੇ ਤਾਂ ਪਛਤਾਵਾ ਵੀ ਨਹੀਂ ਰਹਿ ਜਾਵੇਗਾ।
ਇਹ ਤ੍ਰਾਸਦੀ ਦੁਨੀਆਂ ਭਰ ਦੇ ਉਹਨਾਂ ਮਨੁੱਖਾਂ ਦੀ ਹੈ, ਜੋ ਦਿਨੋਂ-ਦਿਨ ਮਾਇਆ ਜਾਲ ਵਿਚ ਧੱਸਦੇ ਜਾ ਰਹੇ ਹਨ ਤੇ ਨਵੀਂ ਉਤਪੰਨ ਹੋ ਰਹੀ ਮਾਨਸਿਕ ਖੜੋਤ ਦਾ ਸ਼ਿਕਾਰ ਹੋ ਰਹੇ ਹਨ। ਪਰ ਨਿਊ ਵਰਲਡ ਆਰਡਰ ਦੀ ਨਵੀਂ ਸਭਿਅਤਾ ਕੋਲ ਬਦਲ ਰਹੇ ਸੁਹਜ ਸਵਾਦਾਂ ਦੀ ਨਿਸ਼ਾਨਦੇਹੀ ਕਰਨ ਅਤੇ ਬੰਦੇ ਅੰਦਰਲੀ ਮਨੱਖਤਾ, ਨੈਤਿਕਤਾ ਨੂੰ ਕਾਇਮ ਰੱਖਣ ਦਾ ਕੋਈ ਨਿਯਮ ਨਹੀਂ ਹੈ। ਪਰ ਗੁਰਮਤਿ ਵਿਚਾਰਧਾਰਾ ਅੱਜ ਵੀ ਪ੍ਰਸੰਗਿਕ ਹੈ ਤੇ ਨਿਊ ਵਰਲਡ ਆਰਡਰ ਦੀ ਸਭਿਅਤਾ ਦਾ ਬਦਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਵਚਨ ਅਨੁਸਾਰ, ਮਾਇਆ ਭਰਮ ਦੀ ਉਹ ਦੀਵਾਰ ਹੈ ਜਿਹੜੀ ਮਨੁੱਖ ਦੀ ਮੱਤ ਮਾਰ ਕੇ ਉਸ ਨੂੰ ਰੱਬ ਦੇ ਰਾਹ ਤੋਂ ਭਟਕਾ ਕੇ ਪੁੱਠੇ ਪਾਸੇ ਵੱਲ ਪ੍ਰੇਰ ਕੇ ਲੈ ਜਾਂਦੀ ਹੈ। ਗੁਰਬਾਣੀ ਵਿਚ ਮਾਇਆ ਦੇ ਪਾਸਾਰ ਨੂੰ ਸਰਪਨੀ, ਛਲ ਨਾਗਨੀ, ਨਕਟੀ, ਸਕਤੀ, ਮੋਹਣੀ, ਚੇਰੀ, ਅਮਲੁ ਗਲੋਲਾ ਕੂੜ ਕਾ, ਡਾਇਨ, ਚੁੜੇਲ, ਬਿਖਿਆ, ਕਾਚਾ ਧਨੁ, ਮੋਹ ਠਗਉਲੀ, ਬਿਖੈ ਠਗਉਰੀ, ਠਗਵਾਰੀ, ਡਾਕੀ (ਡਾਇਨ), ਕਮਲਾ ਭ੍ਰਮ ਭੀਤਿ, ਕੂਕਰੀ (ਕੁੱਤੀ), ਮਾਖੀ ਅਤੇ ਬਿਸਟਾ (ਗੰਦਗੀ) ਆਦਿਕ ਕਿਹਾ ਹੈ। ਇਸ ਤੋਂ ਬਚਣ ਦਾ ਰਾਹ ਸੰਗਤ ਤੇ ਨਾਮ ਰਤੀ ਕੁਦਰਤੀ ਜਿੰਦਗੀ ਨੂੰ ਦਸਿਆ ਹੈ। ਗੁਰੂ ਸਾਹਿਬ ਦਾ ਫਲਸਫਾ ਹੀ ਕੁਦਰਤੀ ਸਚ ਤੋਂ ਟੁਟੇ ਮਨੁੱਖ ਦੀ ਅਗਵਾਈ ਕਰ ਸਕਦਾ ਹੈ। ਆਰਟੀਫੀਸ਼ਲ ਮਨੁੱਖ ਦਾ ਬਦਲ ਗੁਰਬਾਣੀ ਦਾ ਮਨੁੱਖ ਹੋਵੇਗਾ ਜਿਸ ਨੂੰ ਗੁਰੂ ਨੇ ਗੁਰਮੁਖ ਕਿਹਾ ਹੈ। ਗਉੜੀ? ਮਹਲਾ 5॥ ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥ ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ॥1॥ ਰਹਾਉ॥ ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ॥ ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ॥1॥ ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ॥ ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ॥2॥ ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥ ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ॥3॥ ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ॥ ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ॥4॥6॥127॥ ਪੰਨਾ 206
ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ। ਹੇ ਕਮਲੇ ਗੰਵਾਰ! ਤੂੰ ਇਹਨਾਂ ਸੁਹਜ ਸਵਾਦਾਂ, ਗੈਰ ਕੁਦਰਤੀ ਜ਼ਿੰਦਗੀ ਵਿਚ ਇਉਂ ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ ਹੁੰਦਾ ਹੈ। ਹੇ ਮੂਰਖ ਪ੍ਰਾਣੀ! ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ ਅੰਤ ਵੇਲੇ ਤੇਰੇ ਨਾਲ ਨਹੀਂ ਜਾਂਦੀ। ਤੂੰ ਜਗਤ ਵਿਚ ਨੰਗਾ ਆਇਆ ਸੀ ਇਥੋਂ ਨੰਗਾ ਹੀ ਚਲਾ ਜਾਏਂਗਾ। ਤੂੰ ਵਿਅਰਥ ਹੀ ਜੂਨਾਂ ਦੇ ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ।1।
ਹੇ ਕਮਲੇ! ਇਹ ਮਾਇਆ ਦੀ ਖੇਡ ਕਸੁੰਭੇ ਦੀ ਖੇਡ ਹੈ, ਇਸ ਨੂੰ ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ। ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ। ਮਾਇਆ ਦੇ ਧੰਧੇ ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ। ਜਿਵੇਂ ਜਵਾਨੀ ਵੇਲੇ ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ।
ਹੇ ਦਾਸ ਨਾਨਕ! ਆਖ- ਮੈਨੂੰ ਗੁਰੂ ਨੇ ਸਮਝਾ ਦਿੱਤਾ ਹੈ ਕਿ ਜਗਤ ਦਾ ਮੋਹ ਇਹੋ ਜਿਹਾ ਹੈ। ਤਦ ਮੈਂ ਜਗਤ ਦਾ ਮਾਣ ਛੱਡ ਕੇ ਗੈਰ ਕੁਦਰਤੀ ਜ਼ਿੰਦਗੀ ਤਿਆਗ ਕੇ ਗੁਰੂ ਦੀ ਸ਼ਰਨ ਪਿਆ ਹਾਂ। ਗੁਰੂ-ਸੰਤ ਨੇ ਮੈਨੂੰ ਰੱਬ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਰਬੀ ਭਗਤੀ ,ਰਬੀ ਸਚ ਆਪਣੇ ਹਿਰਦੇ ਵਿਚ ਪੱਕਾ ਕਰ ਲਿਆ ਹੈ।
ਸੋ ਨਿਊ ਵਰਲਡ ਆਰਡਰ ਦੀਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਫਸੀ ਬੇਵਸ, ਬੇਗਾਨਗੀ, ਨਿਰਾਸ਼ਤਾ ਤੇ ਦੁੱਖ ਭੋਗ ਰਹੀ ਮਨੁੱਖਤਾ ਦਾ ਅਨੰਦ ਭਰਪੂਰ ਜੀਵਨ ਗੁਰੂ ਗਰੰਥ ਸਾਹਿਬ ਦੇ ਪ੍ਰਵਚਨ ਸੁਣਨ, ਹੁਕਮ ਨਿਭਾਉਣ, ਸੰਗਤ ਕਰਨ ਤੇ ਗੁਰੂ ਦੀ ਦਰਸਾਈ ਕੁਦਰਤੀ ਸਭਿਅਤਾ ਸਿਰਜਣ ਵਿਚ ਹੈ। ਕੀ ਸਿਖ ਧਰਮ ਗੁਰੂ ਗਰੰਥ ਸਾਹਿਬ ਦੇ ਹੁਕਮ ਅਨੁਸਾਰ ਕੁਦਰਤੀ ਸਭਿਅਤਾ ਸਿਰਜਣ ਵਿਚ ਸਫਲ ਹੋ ਸਕਣਗੇ? ਇਹ ਸਾਡੇ ਲਈ ਬਹੁਤ ਵੱਡਾ ਚੈਲਿੰਜ ਹੈ।

Comment here