ਕਾਬੁਲ-ਇਥੋਂ ਦੇ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਅੱਤਵਾਦੀਆਂ ਨੇ ਚੀਨ ਦੇ ਇਕ ਗੈਸਟ ਹਾਊਸ ਨੂੰ ਨਿਸ਼ਾਨਾ ਬਣਾਇਆ। ਗੈਸਟ ਹਾਊਸ ਦੇ ਨੇੜੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਧਮਾਕਾ ਬਹੁਤ ਜ਼ਬਰਦਸਤ ਸੀ ਅਤੇ ਕਈ ਰਾਊਂਡ ਗੋਲੀਆਂ ਚਲਾਈਆਂ ਗਈਆਂ। ਸੂਤਰਾਂ ਦੀ ਮੰਨੀਏ ਤਾਂ ਜਿਸ ਗੈਸਟ ਹਾਊਸ ’ਤੇ ਹਮਲਾ ਹੋਇਆ ਸੀ, ਉਥੇ ਕਈ ਚੀਨੀ ਅਧਿਕਾਰੀ ਅਕਸਰ ਆਉਂਦੇ ਰਹਿੰਦੇ ਹਨ। ਹਮਲਾ ਕਿਸ ਨੇ ਕੀਤਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਤੋਂ ਤਾਲਿਬਾਨ ਨੇ ਅਗਸਤ 2021 ’ਚ ਸੱਤਾ ਸੰਭਾਲੀ ਹੈ, ਅਫ਼ਗਾਨਿਸਤਾਨ ਵਿੱਚ ਕਈ ਚੀਨੀ ਪ੍ਰੋਜੈਕਟ ਚੱਲ ਰਹੇ ਹਨ। ਇਨ੍ਹਾਂ ਕਾਰਨ ਚੀਨੀ ਨਾਗਰਿਕਾਂ ਦੀ ਗਿਣਤੀ ਵੀ ਵਧੀ ਹੈ। ਚੀਨ ਨੇ ਵੀ ਕਾਬੁਲ ’ਚ ਆਪਣਾ ਦੂਤਘਰ ਬਰਕਰਾਰ ਰੱਖਿਆ ਹੈ, ਜਦਕਿ ਅਜੇ ਤੱਕ ਦੂਤਘਰ ਨੂੰ ਕੋਈ ਅਧਿਕਾਰੀ ਨਹੀਂ ਸੌਂਪਿਆ ਗਿਆ ਹੈ।
ਹੋਟਲ ਦੇ ਅੰਦਰੋਂ ਗੋਲੀਬਾਰੀ
ਹਮਲਾਵਰਾਂ ਨੇ ਕੇਂਦਰੀ ਕਾਬੁਲ ਸਥਿਤ ਇਮਾਰਤ ਦੇ ਅੰਦਰੋਂ ਗੋਲੀਬਾਰੀ ਕੀਤੀ। ਕੁਝ ਵਿਦੇਸ਼ੀ ਨਾਗਰਿਕ ਵੀ ਇਥੇ ਰਹਿ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੈਸਟ ਹਾਊਸ ਸ਼ੇਰ-ਏ-ਨੌ ਇਲਾਕੇ ’ਚ ਸਥਿਤ ਹੈ। ਇਸ ਗੈਸਟ ਹਾਊਸ ’ਚ ਵਿਦੇਸ਼ੀ ਅਤੇ ਚੀਨੀ ਨਾਗਰਿਕ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਤੋਂ ਇਕ ਦਿਨ ਪਹਿਲਾਂ ਹੀ ਚੀਨ ਦੇ ਰਾਜਦੂਤ ਵਾਂਗ ਯੂ ਨੇ ਤਾਲਿਬਾਨ ਦੇ ਉਪ ਵਿਦੇਸ਼ ਮੰਤਰੀ ਸਟੈਨਿਕਜ਼ਈ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ’ਚ ਉਨ੍ਹਾਂ ਨੇ ਚੀਨੀ ਦੂਤਘਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ। ਕਾਬੁਲ ਦੇ ਜਿਸ ਹੋਟਲ ’ਤੇ ਹਮਲਾ ਹੋਇਆ ਹੈ, ਉਸ ਨੂੰ ’ਚਾਈਨੀਜ਼ ਹੋਟਲ’ ਵੀ ਕਿਹਾ ਜਾਂਦਾ ਹੈ। ਅਫ਼ਗਾਨਿਸਤਾਨ ’ਚ ਹਾਲ ਹੀ ਦੇ ਮਹੀਨਿਆਂ ’ਚ ਕਈ ਹਮਲੇ ਹੋਏ ਹਨ। ਇਨ੍ਹਾਂ ’ਚੋਂ ਕੁਝ ’ਤੇ ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਆਈ.ਐੱਸ.ਕੇ.ਪੀ. ਅੱਤਵਾਦੀਆਂ ਨੇ ਚੀਨੀ ਹੋਟਲ ’ਤੇ ਹਮਲਾ ਕੀਤਾ ਸੀ। ਇਸੇ ਅੱਤਵਾਦੀ ਸੰਗਠਨ ਨੇ ਪਿਛਲੇ ਦਿਨੀਂ ਚੀਨ ’ਚ ਪਾਕਿਸਤਾਨ ਦੇ ਰਾਜਦੂਤ ’ਤੇ ਜਾਨਲੇਵਾ ਹਮਲਾ ਕੀਤਾ ਸੀ। ਹੁਣ ਤੱਕ ਇਸ ਹਮਲੇ ’ਤੇ ਚੀਨੀ ਦੂਤਘਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
Comment here