ਓਟਾਵਾ- ਅਫਗਾਨਿਸਤਾਨ ਦੇ ਹਾਲਾਤਾਂ ਤੋਂ ਪੂਰੀ ਦੁਨੀਆ ਚਿੰਤਤ ਹੈ। ਇੱਥੇ ਦੇ ਸਿੱਖ ਤੇ ਹਿੰਦੂ ਭਾਈਚਾਰੇ ਦੀ ਜਾਨ ਮਾਲ ਦੀ ਚਿੰਤਾ ਕਰਦਿਆਂ ਕੈਨੇਡਾ ਦੇ ਕਈ ਸਿੱਖ ਸੰਗਠਨਾਂ ਨੇ ਟਰੂਡੋ ਸਰਕਾਰ ਨੂੰ ਅਫਗਾਨਿਸਤਾਨ ਦੇ ਸਿੱਖ ਤੇ ਹਿੰਦੂ ਘੱਟਗਿਣਤੀ ਭਾਈਚਾਰਿਆਂ ਲਈ ਸਪੈਸ਼ਲ ਪ੍ਰੋਗਰਾਮ ਚਲਾਉਣ ਦੀ ਮੰਗ ਕੀਤੀ ਹੈ। ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ, ਖਾਲਸਾ ਏਡ ਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ (ਡਬਲਯੂਐਸਓ) ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਸਿੱਖ ਤੇ ਹਿੰਦੂ ਘੱਟਗਿਣਤੀ ਭਾਈਚਾਰਿਆਂ ਨੂੰ ਅੱਤਵਾਦੀ ਸਮੂਹਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਅਫ਼ਗਾਨਿਸਤਾਨ ਦੇ ਹਾਲਾਤ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਤੱਕ ਨੂੰ ਨਹੀਂ ਬਖਸ਼ਿਆ ਜਾ ਰਿਹਾ ਹੈ। ਬੀਤੇ ਦਿਨੀਂ ਰਿਊਟਰ ਦਾ ਪੱਤਰਕਾਰ ਦਾਨਿਸ਼ ਸਿੱਦਿਕੀ ਵੀ ਆਪਣੀ ਜਾਨ ਤੋਂ ਹੱਥ ਧੋ ਬੈਠਾ, ਜੋ ਕਿ ਅਫ਼ਗਾਨ ਲੋਕਾਂ ਦੀ ਤਬਾਹੀ ਦੀਆਂ ਕਹਾਣੀਆਂ ਦੁਨੀਆ ਨਾਲ ਸਾਂਝੀਆਂ ਕਰ ਰਿਹਾ ਸੀ। ਇਸ ਤੋਂ ਇਲਾਵਾ ਕੈਨੇਡੀਅਨ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੇ ਅਫ਼ਗਾਨ ਦੋਭਾਸ਼ੀਆਂ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਿੱਖ ਸੰਗਠਨਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਅਫ਼ਗਾਨਿਸਾਨ ਦੀ ਅਸੁਰੱਖਿਅਤ ਆਬਾਦੀ ਦੀ ਸੁਰੱਖਿਆ ਲਈ ਜਲਦ ਤੋਂ ਜਲਦ ਢੁਕਵੇਂ ਕਦਮ ਚੁੱਕੇ ਜਾਣ।
ਦੱਸ ਦੇਈਏ ਕਿ 2015 ਵਿੱਚ ਮਨਮੀਤ ਸਿੰਘ ਭੁੱਲਰ ਅਫ਼ਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਘੱਟਗਿਣਤੀ ਭਾਈਚਾਰਿਆਂ ਦੀ ਮਦਦ ਲਈ ਅੱਗੇ ਆਇਆ ਸੀ। ਉਸ ਦੀ ਮੌਤ ਮਗਰੋਂ ਬਣੀ ‘ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ’ ਨੇ ਕੈਨੇਡਾ ਸਰਕਾਰ ਅਤੇ ਭਾਈਚਾਰਕ ਭਾਈਵਾਲਾਂ ਨਾਲ ਮਿਲ ਕੇ 60 ਰਫਿਊਜੀਆਂ ਨੂੰ ਕੈਨੇਡਾ ਲਿਆਉਣ ਲਈ ਕੰਮ ਕੀਤਾ ਅਤੇ ਹੁਣ ਕਤਾਰ ਵਿੱਚ ਲੱਗੇ ਬਾਕੀ 120 ਰਫਿਊਜੀਆਂ ਨੂੰ ‘ਪ੍ਰਾਈਵੇਟ ਸਪੌਂਸਰਸ਼ਿਪ ਰਫਿਊਜੀ ਪ੍ਰੋਗਰਾਮ’ ਰਾਹੀਂ ਕੈਨੇਡਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਮਾਰਚ 2020 ਨੂੰ ਕਾਬੁਲ ’ਚ ਸਥਿਤ ਗੁਰਦੁਆਰਾ ‘ਸ੍ਰੀ ਗੁਰੂ ਹਰ ਰਾਏ ਸਾਹਿਬ’ ਨੇੜੇ ਹੋਏ ਆਤਮਘਾਤੀ ਬੰਬ ਧਮਾਕੇ ਮਗਰੋਂ ਸੈਂਕੜੇ ਸਿੱਖ ਤੇ ਹਿੰਦੂ ਅਫ਼ਗਾਨਿਸਤਾਨ ’ਚੋਂ ਆਪਣੀ ਭੱਜੇ ਸਨ, ਜੋ ਕਿ ਮੌਜੂਦਾ ਸਮੇਂ ਭਾਰਤ ਵਿੱਚ ਹਨ, ਪਰ ਹੁਣ ਤੱਕ ਉਨ੍ਹਾਂ ਦਾ ਮੁੜਵਸੇਬਾ ਨਹੀਂ ਹੋ ਸਕਿਆ ਹੈ। ਸਿੱਖ ਸੰਗਠਨਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਮੌਜੂਦਾ ਗੰਭੀਰ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਕੈਨੇਡਾ ਸਰਕਾਰ ਆਪਣੇ ਯਤਨਾਂ ਵਿੱਚ ਵਾਧਾ ਕਰਦੇ ਹੋਏ ਇੱਕ ਸਪੈਸ਼ਲ ਪ੍ਰੋਗਰਾਮ ਬਣਾਏ, ਜਿਸ ਰਾਹੀਂ ਸਿੱਖਾਂ ਸਣੇ ਅਫ਼ਗਾਨਿਸਤਾਨ ਦੇ ਹੋਰ ਘੱਟਗਿਣਤੀ ਭਾਈਚਾਰੇ ਦੇ ਰਫਿਊਜੀਆਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾਵੇ। ‘ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ’ ਦੇ ਆਗੂ ਤਰਜਿੰਦਰ ਭੁੱਲਰ ਨੇ ਲਿਬਰਲ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ’ਚੋਂ ਉਜੜ ਕੇ ਆਉਣ ਵਾਲੇ ਸਿੱਖਾਂ ਤੇ ਹਿੰਦੂਆਂ ਨੂੰ ਕੈਨੇਡਾ ਦੀ ਧਰਤੀ ’ਤੇ ਮੁੜਵਸੇਬੇ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਗੰਭੀਰ ਖ਼ਤਰੇ ਦਾ ਸਾਹਮਣੇ ਕਰ ਰਹੇ ਲੋਕਾਂ ਨੂੰ ਖੁਸ਼ਹਾਲ ਜੀਵਨ ਮਿਲ ਸਕੇ। ਇਸ ਤੋਂ ਇਲਾਵਾ ਜਿਨ੍ਹਾਂ ਅਫ਼ਗਾਨ ਅਨੁਵਾਦਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਮਿਲ ਰਹੀਆਂ ਹਨ, ਉਨ੍ਹਾਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਲਈ ਮੌਜੂਦਾ ਹਾਲਾਤ ਬੜੇ ਭਿਆਨਕ ਬਣੇ ਹੋਏ ਹਨ। ਨਿੱਤ ਦਿਨ ਉਨ੍ਹਾਂ ’ਤੇ ਜਾਨ ਲੇਵਾ ਹਮਲੇ ਹੋ ਰਹੇ ਹਨ। ਉਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਸਣੇ ਇਨ੍ਹਾਂ ਘੱਟਗਿਣਤੀ ਭਾਈਚਾਰਿਆਂ ਦੀ ਮਦਦ ਲਈ ਇੰਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 25.2 ਅਧੀਨ ਇੱਕ ਸਪੈਸ਼ਲ ਪ੍ਰੋਗਰਾਮ ਬਣਾਇਆ ਜਾਵੇ, ਜਿਸ ਰਾਹੀਂ ਇਨ੍ਹਾਂ ਅਸੁਰੱਖਿਅਤ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਅਫਗਾਨ ਦੇ ਸਿੱਖਾਂ ਹਿੰਦੂਆਂ ਲਈ ਕਨੇਡਾ ਸਰਕਾਰ ਨੂੰ ਵਿਸ਼ੇਸ਼ ਪ੍ਰੋਗਰਾਮ ਚਲਾਉਣ ਦੀ ਅਪੀਲ

Comment here