ਅਪਰਾਧਸਿਆਸਤਖਬਰਾਂਚਲੰਤ ਮਾਮਲੇ

300 ਤੋਂ 1000 ਰੁਪਏ ’ਚ ਨਸ਼ੇ ਦੀ ਹੋਮ ਡਲਿਵਰੀ

 ਲੁਧਿਆਣਾ : ਕੀ ਤੁਹਾਨੂੰ ਨਸ਼ੇ ਦੀ ਜਰੂਰਤ ਹੈ? ਕੀ ਤੁਹਾਨੂੰ ਨਸ਼ਾ ਘਰ ਤੱਕ ਡਲਿਵਰ ਕਰਵਾਉਣਾਂ ਹੈ? ਕੋਈ ਗੱਲ ਨਹੀਂ ਪੰਜਾਬ ’ਚ ਇਹ ਸਭ ਮੁਮਕਿਨ ਹੈ ਕਿਉਂਕਿ ਪੰਜਾਬ ਹੁਣ ਉਡਦਾ ਪੰਜਾਬ ਜੋ ਬਣ ਚੱਕਾ ਹੈ। ਪੁਲਿਸ ਦੇ ਲੱਖ ਦਾਅਵਿਆਂ ਦੇ ਬਾਵਜੂਦ ਸ਼ਹਿਰ ਦੀਆਂ ਬਾਹਰੀ ਬਸਤੀਆਂ ’ਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਹਾਲਾਤ ਇਹ ਹਨ ਕਿ ਨਸ਼ੇ ਦੇ ਕਾਰਨ ਬਦਨਾਮ ਇਨ੍ਹਾਂ ਬਸਤੀਆਂ ’ਚ ਜਾ ਕੇ ਦੋ ਜਾਂ ਤਿੰਨ ਲੋਕਾਂ ਤੋਂ ਨਸ਼ੇ ਬਾਰੇ ਪੁੱਛਣ ’ਤੇ ਹੀ ਡਲਿਵਰੀ ਬੁਆਏ ਨਸ਼ਾ ਦੇਣ ਪੁੱਜ ਜਾਂਦਾ ਹੈ। ਲਗਪਗ ਹਰ ਥਾਂ ’ਤੇ ਨਸ਼ਾ ਮੁਹੱਈਆ ਹੋ ਰਿਹਾ ਹੈ, ਬਸ ਪੈਸਾ ਹੋਣਾ ਚਾਹੀਦੈ ਕੋਲ। ਇਸ ਦੀ ਜਾਂਚ ਲਈ ਟੀਮ ਨੇ ਇਨ੍ਹਾਂ ਥਾਵਾਂ ਦਾ ਦੌਰਾ ਹੀ ਨਹੀਂ ਕੀਤਾ, ਸਗੋਂ ਉਥੋਂ ਨਸ਼ੇ ਦੇ ਸੌਦਾਗਰਾਂ ਨਾਲ ਨਸ਼ੇ ਦਾ ਸੌਦਾ ਵੀ ਕੀਤਾ। ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਖੁੱਲ੍ਹ ਗਏ ਹਨ ਕਿ ਪੈਸੇ ਲੈ ਕੇ ਨਸ਼ਾ ਤੈਅ ਜਗ੍ਹਾ ਤਕ ਪਹੁੰਚਾਉਣ ਦੀ ਗੱਲ ਕਹੀ ਜਾ ਰਹੀ ਹੈ। ਬਕਾਇਦਾ ਡਲਿਵਰੀ ਬੁਆਏ ਰੱਖੇ ਗਏ ਹਨ ਤੇ ਉਹ ਪੈਸੇ ਲੈ ਕੇ ਨਸ਼ੇ ਦੀ ਡਲਿਵਰੀ ਦਿੰਦੇ ਹਨ। ਇਸੇ ਚੀਜ਼ ਉੱਪਰ ਵੱਖ ਵੱਖ ਇਲਾਕਿਆਂ ’ਚ ਸਰਵੇ ਕੀਤਾ ਗਿਆ ਇੱਕ ਸਰਵੇ ਕੀਤਾ ਗਿਆ।

ਪੀਰੂ ਬੰਦਾ

ਪੀਰੂ ਬੰਦਾ ਦੀ ਇਕ ਗਲੀ ਦੇ ਬਾਹਰ ਟੀਮ ਨੇ ਉਥੋਂ ਲੰਘ ਰਹੇ ਚਾਰ ਨੌਜਵਾਨਾਂ ਨੂੰ ਪੁੱਛਿਆ ‘ਯਾਰ! ਨਸ਼ਾ ਚਾਹੀਦੈ, ਕੀ ਮਿਲ ਜਾਵੇਗਾ? ਮੇਰਾ ਭਰਾ ਨਸ਼ਾ ਕਰਦਾ ਹੈ, ਉਸ ਨੂੰ ਪੁਲਿਸ ਨੇ ਚੁੱਕ ਲਿਆ ਸੀ ਤੇ ਅਸੀਂ ਉਸ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ, ਉਸ ਨੂੰ ਨਸ਼ੇ ਦੀ ਤੋਡ਼ ਹੈ, ਜੇ ਹੋ ਸਕੇ ਤਾਂ ਦਿਵਾ ਦਿਓ।’ ਜਵਾਬ ਮਿਲਿਆ ‘ਪੀਰੂ ਬੰਦਾ ਦੀ ਕਿਸੇ ਵੀ ਗਲੀ ’ਚ ਚਲੇ ਜਾਓ, ਨਸ਼ਾ ਮਿਲ ਜਾਵੇਗਾ ਜਾਂ ਨਾਲ ਚੱਲੋ ਅਸੀਂ ਦਿਵਾ ਦਿੰਦੇ ਹਾਂ।’ ਨਾਲ ਚੱਲਣ ਤੋਂ ਮਨ੍ਹਾਂ ਕਰਨ ਦੇ ਬਾਅਦ 10 ਤੋਂ 12 ਮਿੰਟਾਂ ’ਚ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਇਕ ਨੌਜਵਾਨ ਆਇਆ ਤੇ ਕਿਹਾ ‘ਹਾਂ ਜੀ ਵੀਰੇ ਕੀ ਚਾਹੀਦੈ।’ ਮੈਂ ਕਿਹਾ,‘ਮੇਰਾ ਭਰਾ ਚਿੱਟੇ ਦਾ ਨਸ਼ਾ ਕਰਦੈ, ਕੀ ਮਿਲ ਜਾਵੇਗਾ।’ ਉਸ ਨੇ ਕਿਹਾ ‘ਜਿੰਨਾ ਮਰਜ਼ੀ ਲੈ ਲਓ, ਮੇਰੇ ਨਾਲ ਚੱਲੋ।’ ਪਹਿਲਾਂ ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਕੁਝ ਦੇਰ ਬਾਅਦ ਵਾਪਸ ਆਇਆ ਤੇ ਇਕ ਗ੍ਰਾਮ ਤੋਂ ਵੀ ਘੱਟ ਨਸ਼ਾ ਪੁਡ਼ੀ ’ਚ ਲਿਆ ਕੇ ਦਿੱਤਾ ਤੇ 500 ਰੁਪਏ ਮੰਗਣ ਲੱਗ ਪਿਆ। ਉਕਤ ਨੌਜਵਾਨ ਨੇ ਪੈਸੇ ਲਏ ਤੇ ਉਥੋਂ ਚਲਾ ਗਿਆ, ਜਾਂਦੇ ਸਮੇਂ ਮੋਬਾਈਲ ਨੰਬਰ ਲੈ ਗਿਆ ਤੇ ਕਹਿ ਗਿਆ ਕਿ ‘ਲੋਡ਼ ਪਵੇ ਤਾਂ ਫੋਨ ਕਰ ਦਿਓ, ਨਸ਼ਾ ਤੁਹਾਡੇ ਘਰ ਪਹੁੰਚ ਜਾਵੇਗਾ।’

ਇਲਾਕਾ : ਅਨਾਜ ਮੰਡੀ

ਪੀਰੂ ਬੰਦਾ ਇਲਾਕੇ ਤੋਂ ਬਾਅਦ ਟੀਮ ਜਲੰਧਰ ਬਾਈਪਾਸ ਦੀ ਅਨਾਜ ਮੰਡੀ ’ਚ ਪਹੁੰਚੀ। ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਉੱਥੇ ਇਕ ਨੌਜਵਾਨ ਮਿਲਿਆ, ਜੋ ਨਸ਼ੇ ਕਾਰਨ ਟੁੱਟਾ ਹੋਇਆ ਸੀ। ਟੀਮ ਮੈਂਬਰ ਨੇ ਉਸ ਨੂੰ ਪੁੱਛਿਆ ‘ਕੀ ਨਸ਼ਾ ਮਿਲੇਗਾ, ਮੈਂ ਆਪਣੇ ਭਰਾ ਲਈ ਲੈਣਾ ਹੈ।’ ਨੌਜਵਾਨ ਝੱਟ ਦੋ ਹੋਰ ਨੌਜਵਾਨਾਂ ਵੱਲ ਇਸ਼ਾਰਾ ਕਰਦੇ ਬੋਲਿਆ ‘ਉਨ੍ਹਾਂ ਦੋਵਾਂ ਕੋਲੋਂ ਮਿਲ ਜਾਵੇਗਾ, ਉਨ੍ਹਾਂ ਕੋਲ ਪੁਡ਼ੀ ਹੈ, ਬੱਸ ਪੈਸੇ ਦੋ ਤੇ ਲੈ ਲਓ।’ ਟੀਮ ਮੈਂਬਰ ਨੇ ਕਿਹਾ ‘ਮੈਨੂੰ ਉਹ ਜਾਣਦਾ ਹੀ ਨਹੀਂ ਹੈ, ਕਿਵੇਂ ਦੇਵੇਗਾ?’ ਨੌਜਵਾਨ ਕਹਿਣ ਲੱਗਾ ‘ਇਸ ’ਚ ਜਾਣ ਪਛਾਣ ਦੀ ਕੀ ਲੋਡ਼ ਹੈ, ਪੈਸੇ ਦਿਓ ਤੇ ਲੈ ਲਓ।’ ਟੀਮ ਮੈਂਬਰ ਨੇ ਪੁੱਛਿਆ ਕਿ ਕਿੰਨੇ ਪੈਸੇ ’ਚ ਮਿਲਦਾ ਹੈ ਨਸ਼ਾ। ਇਸ ’ਤੇ ਉਕਤ ਨੌਜਵਾਨ ਨੇ ਕਿਹਾ ਕਿ 300 ਤੋਂ ਲੈ ਕੇ 1000 ਰੁਪਏ ਤਕ ਦੀ ਪੁਡ਼ੀ ਮਿਲਦੀ ਹੈ। ਉਸ ਨੌਜਵਾਨ ਨੇ ਪੁਡ਼ੀ ਲਿਆ ਕੇ ਦੇਣ ਲਈ ਪੈਸੇ ਮੰਗੇ। ਜਦ ਟੀਮ ਮੈਂਬਰ ਨੇ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਉਕਤ ਨੌਜਵਾਨ ਕੋਲ ਆਏ ਤੇ ਪੁਡ਼ੀ ਦਿਖਾਈ। ਟੀਮ ਮੈਂਬਰ ਨੇ ਪੁਡ਼ੀ ਦੀ ਫੋਟੋ ਖਿੱਚੀ ਤੇ ਕਿਹਾ ਕਿ ਉਹ ਇਸ ਨੂੰ ਦਿਖਾਉਣ ਲਈ ਆਪਣੇ ਭਰਾ ਨੂੰ ਫੋਟੋ ਭੇਜਣਗੇ। ਇਸੇ ਤਰ੍ਹਾਂ ਸਲੇਮ ਟਾਬਰੀ ਵਿੱਚ ਵੀ ਹਾਲ ਇਸੇ ਤਰਾਂ ਹਨ।ਇਲਾਕੇ ਦੇ ਲੋਕ ਵੀ ਨਸ਼ੇਡ਼ੀਆਂ ਤੋਂ ਪਰੇਸ਼ਾਨ ਹਨ। ਨਸ਼ਾ ਹੁਣ ਸ਼ਰੇਆਮ ਲੋਕਾਂ ਦੇ ਘਰਾਂ ਤਕ ਪਹੁੰਚਣ ਲੱਗ ਪਿਆ ਹੈ। ਪਰ ਪੁਲਿਸ ਅੱਖਾਂ ਤੇ ਪੱਟੀ ਵੰਨ ਕੇ ਬੈਠੀ ਹੈ। ਪੁਲਿਸ ’ਤੇ ਇਹ ਵੀ ਦੋਸ਼ ਹਨ ਕਿ ਪੁਲਿਸ ਨਸ਼ਾ ਤਸਕਰਾਂ ਕੋਲੋਂ ਪੈਸੇ ਲੈ ਕੇ ਛੱਡ ਦਿੰਦੀ ਹੈ ਜਾਂ ਜੇਕਰ ਮਾਮਲਾ ਦਰਜ ਵੀ ਹੁੰਦਾ ਹੈ ਤਾਂ ਤਸਕਰ ਕੁਝ ਮਹੀਨੇ ਬਾਅਦ ਹੀ ਜ਼ਮਾਨਤ ਲੈ ਕੇ ਬਾਹਰ ਆ ਜਾਂਦੇ ਹਨ ਤੇ ਮੁਡ਼ ਨਸ਼ਾ ਵੇਚਣ ਲੱਗ ਜਾਂਦੇ ਹਨ।

Comment here