ਸਿਆਸਤਖਬਰਾਂ

30ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਬੱਬਰ ਅਕਾਲੀ ਲਹਿਰ ਤੇ ਕਿਸਾਨੀ ਸੰਘਰਸ਼ ਨੂੰ ਹੋਵੇਗਾ ਸਮਰਪਿਤ

ਜਲੰਧਰ- ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਯਾਦ ਕਰਦਿਆਂ, ਖੇਤੀ ਕਾਨੂੰਨਾਂ ਖਿਲਾਫ਼ ਲੜੇ ਜਾ ਰਹੇ ਸ਼ਾਨਾਮੱਤੇ ਇਤਿਹਾਸਕ ਘੋਲ ਨੂੰ ਸਮਰਪਤ ਹੋਏਗਾ 31 ਅਕਤੂਬਰ ਅਤੇ 1 ਨਵੰਬਰ ਨੂੰ ਮਨਾਇਆ ਜਾਣ ਵਾਲਾ ਦੋ ਰੋਜ਼ਾ 30ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ |’
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਅਤੇ ਖਜ਼ਾਨਚੀ ਰਣਜੀਤ ਸਿੰਘ ਔਲਖ ਨੇ ਬੁੱਧਵਾਰ ਦੇਸ਼ ਭਗਤ ਯਾਦਗਾਰ ਹਾਲ ‘ਚ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੇਲੇ ‘ਚ ਜਿੱਥੇ ਬੱਬਰ ਅਕਾਲੀ ਲਹਿਰ ਦੀ ਇਤਿਹਾਸਕ ਪ੍ਰਸੰਗਕਤਾ ਨੂੰ ਉਭਾਰਿਆ ਜਾਏਗਾ, ਉਥੇ ਬੀਤੇ ਇੱਕ ਵਰ੍ਹੇ ਤੋਂ ਦਿੱਲੀ ਸਮੇਤ ਦੇਸ਼ ‘ਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਟਿੱਚ ਸਮਝਦਿਆਂ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦੀ ਦੀ ਟੋਕਰੀ ‘ਚ ਸੁੱਟਣ ਤੋਂ ਅੜੀ ਹੋਈ ਦੇਸੀ-ਬਦੇਸੀ ਕਾਰਪੋਰੇਟਾਂ ਦੀ ਸੇਵਾਦਾਰ ਮੋਦੀ ਹਕੂਮਤ ਖਿਲਾਫ਼ ਹੋਰ ਵੀ ਵਿਆਪਕ ਅਤੇ ਤਿੱਖਾ ਜਨਤਕ ਸੰਗਰਾਮ ਜਾਰੀ ਰੱਖਣ ਲਈ ਦਿ੍ੜ੍ਹ ਸੰਕਲਪ ਹੋਣ ਦਾ ਸੱਦਾ ਦੇਵੇਗਾ ‘ਮੇਲਾ ਗ਼ਦਰੀ ਬਾਬਿਆਂ ਦਾ |’ ਕਮੇਟੀ ਆਗੂਆਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 31 ਅਕਤੂਬਰ ਨੂੰ ਸਵੇਰੇ 10:30 ਵਜੇ ਸ਼ਮ੍ਹਾ ਰੌਸ਼ਨ ਕਰਕੇ ਕਿਸਾਨ ਅੰਦੋਲਨ ਅਤੇ ਬੱਬਰ ਅਕਾਲੀ ਲਹਿਰ ਉਪਰ ਵਿਚਾਰ-ਚਰਚਾ ਹੋਏਗੀ | ਪਹਿਲੇ ਸੈਸ਼ਨ ‘ਚ ‘ਕਿਸਾਨ ਸੰਕਟ: ਸੰਘਰਸ਼ ਅਤੇ ਹੱਲ’ ਵਿਸ਼ੇ ਸੰਬੰਧੀ ਮੁੱਖ ਵਕਤਾ ਹੋਣਗੇ ਡਾ. ਗਿਆਨ ਸਿੰਘ (ਰਿ.ਪ੍ਰੋ., ਉੱਘੇ ਅਰਥ ਸ਼ਾਸਤਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਜਗਰੂਪ ਅਤੇ ਦਰਸ਼ਨ ਖਟਕੜ, ਦੂਜੇ ਸੈਸ਼ਨ ਵਿੱਚ ‘ਬੱਬਰ ਅਕਾਲੀ ਲਹਿਰ ਦਾ ਇਤਿਹਾਸ’ ਵਿਸ਼ੇ ਉਪਰ ਮੁੱਖ ਵਕਤਾ ਹੋਣਗੇ ਡਾ. ਕਮਲੇਸ਼ ਮੋਹਨ (ਰਿ.ਪ੍ਰੋ. ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) | ਉਪਰੰਤ 4 ਵਜੇ ਕਵੀ ਦਰਬਾਰ ਅਤੇ ਸ਼ਾਮ 6 ਵਜੇ ਦਸਤਾਵੇਜ਼ੀ ਫ਼ਿਲਮ ਹੋਏਗੀ |
ਪਹਿਲੀ ਨਵੰਬਰ ਸਵੇਰੇ 10:30 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭਗਤ ਸਿੰਘ ਝੁੰਗੀਆਂ ਅਦਾ ਕਰਨਗੇ | ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮੇਲੇ ਨੂੰ ਸੰਬੋਧਨ ਕਰਨਗੇ | ਇਸ ਉਪਰੰਤ ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ‘ਬੱਬਰਾਂ, ਜਲਿ੍ਹਆਂਵਾਲਾ ਬਾਗ਼ ਅਤੇ ਮਜ਼ਦੂਰ-ਕਿਸਾਨ ਘੋਲ ਦੀ ਗੂੰਜ’ ਪਾਉਂਦਾ ਸੰਗੀਤਕ ਓਪੇਰਾ ਰੂਪੀ ਝੰਡੇ ਦਾ ਗੀਤ ‘ਵਕਤ ਦੀ ਆਵਾਜ਼’ ਹੋਏਗਾ | ਗੀਤ ਵਿੱਚ ਡਾ. ਸੁਰਜੀਤ ਪਾਤਰ ਅਤੇ ਡਾ. ਵਰਿਆਮ ਸਿੰਘ ਸੰਧੂ ਦੀ ਕਾਵਿ-ਵੰਨਗੀ ਵੀ ਸ਼ਾਮਲ ਹੋਏਗੀ | ਝੰਡੇ ਦੇ ਗੀਤ ਦੀ ਤਿਆਰੀ ਲਈ 28 ਅਕਤੂਬਰ ਤੋਂ ਦੇਸ਼ ਭਗਤ ਯਾਦਗਾਰ ਹਾਲ ‘ਚ ਵਰਕਸ਼ਾਪ ਲੱਗ ਰਹੀ ਹੈ |
ਪਹਿਲੀ ਨਵੰਬਰ ਦਿਨ ਵੇਲੇ ਮੁੱਖ ਬੁਲਾਰੇ ਪੀ. ਸਾਈਨਾਥ ਹੋਣਗੇ | ਗੁਰਸ਼ਰਨ ਭਾਅ ਜੀ ਦਾ ਲਿਖਿਆ ਬੱਬਰ ਅਕਾਲੀ ਸੂਰਬੀਰਾਂ ਬਾਰੇ ਨਾਟਕ ‘ਸੀਸ ਤਲੀ ‘ਤੇ’ ਚੰਡੀਗੜ੍ਹ ਸਕੂਲ ਆਫ਼ ਡਰਾਮਾ (ਏਕੱਤਰ) ਨਾਟਕ ਖੇਡੇਗਾ | ਗੀਤ-ਸੰਗੀਤਕ ਰੰਗ ਦੇ ਸੰਗ ਸ਼ਾਮ 4 ਵਜੇ ਤੱਕ ਬਹੁ ਕਲਾ ਵੰਨਗੀ ਭਰਪੂਰ ਦਿਨ ਦਾ ਮੇਲਾ ਹੋਏਗਾ | ‘ਕਿਰਤੀ ਪਾਰਟੀ: ਦੂਜੀ ਸੰਸਾਰ ਜੰਗ ਸਮੇਂ’ ਮੂਲ ਰਚਨਾ : ਚੈਨ ਸਿੰਘ ਚੈਨ, ਸੰਪਾਦਨ: ਚਰੰਜੀ ਲਾਲ ਕੰਗਣੀਵਾਲ ਅਤੇ ਸੋਵੀਨਰ ਲੋਕ ਅਰਪਣ ਕੀਤੇ ਜਾਣਗੇ | ਸ਼ਾਮ 6 ਵਜੇ ਫੁਲਵਾੜੀ ਕਲਾ ਕੇਂਦਰ ਲੋਹੀਆਂ (ਜਗੀਰ ਜੋਸਣ) ਦੀ ਟੀਮ ਪੇਸ਼ ਕਰੇਗੀ ‘ਜਾਗੋ’ | ਪਹਿਲੀ ਨਵੰਬਰ ਨਾਟਕਾਂ ਭਰੀ ਰਾਤ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਦੀ ਨਾਟਕ ਟੀਮ ਲੋਕ ਕਲਾ ਮੰਚ, ਮਾਨਸਾ ‘ਐਂ ਕਿਵੇਂ ਖੋਹ ਲੈਣਗੇ ਜ਼ਮੀਨਾਂ ਸਾਡੀਆਂ’, ਮੰਚ ਰੰਗ ਮੰਚ ਅੰਮਿ੍ਤਸਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਪੇਸ਼ ਕਰੇਗਾ ‘ਖ਼ੂਨੀ ਵਿਸਾਖੀ’, ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ) ‘ਧੰਨ ਲੇਖਾਰੀ ਨਾਨਕਾ’, ਇਟਾਲੀਅਨ ਨਾਟਕਕਾਰ ਦਾਰੀਓ ਫੋ ਦੇ ਨਾਟਕ ਦਾ ਪੰਜਾਬੀ ਰੂਪ ‘ਏਦਾਂ ਤਾਂ ਫਿਰ ਏਦਾਂ ਹੀ ਸਈ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ‘ਚ ਸੁਚੇਤਕ ਰੰਗ ਮੰਚ ਮੁਹਾਲੀ ਅਤੇ ‘ਘਸਿਆ ਹੋਇਆ ਆਦਮੀ’ ਸ਼ੈਰੀ ਸਿਹੋੜਾ, ਪਾਵੇਲ ਸਿਹੋੜਾ ਦੀ ਨਿਰਦੇਸ਼ਨਾ ‘ਚ ਅਵਾਮੀ ਰੰਗ ਮੰਚ ਸਿਹੋੜਾ (ਲੁਧਿਆਣਾ) ਪੇਸ਼ ਕਰੇਗਾ |
ਪੰਜਾਬ ਦੀਆਂ ਨਾਮਵਰ ਸੰਗੀਤ ਮੰਡਲੀਆਂ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਗੀਤ ਵਿਭਾਗ (ਡਾ. ਨਿਵੇਦਤਾ ਸਿੰਘ), ਲੋਕ ਸੰਗੀਤ ਮੰਡਲੀ ਧੌਲਾ (ਜੁਗਰਾਜ ਧੌਲਾ ਅਤੇ ਨਵਦੀਪ ਧੌਲਾ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਨਰਗਿਸ (ਮਾਨਵਤਾ ਕਲਾ ਮੰਚ ਨਗਰ), ਗਗਨ ਆਜ਼ਾਦ, ਕੁਲਦੀਪ ਜਲੂਰ, ਅੰਮਿ੍ਤਪਾਲ ਬਠਿੰਡਾ ਆਦਿ ਗਾਇਕ ਕਲਾਕਾਰ ਗੀਤ-ਸੰਗੀਤ ਪੇਸ਼ ਕਰਨਗੇ |
ਜਲਿ੍ਹਆਂਵਾਲਾ ਬਾਗ਼ ਦਾ ਮੂਲ ਸਰੂਪ ਜੇਕਰ ਬਹਾਲ ਨਾ ਕੀਤਾ ਗਿਆ ਤਾਂ ਮੇਲੇ ‘ਚ ਲੋਕਾਂ ਦੀ ਸਹਿਮਤੀ ਲੈ ਕੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਏਗਾ | ਨਵੰਬਰ 1984 ਨੂੰ ਦਿੱਲੀ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਮੇਲੇ ‘ਚ ਆਵਾਜ਼ ਬੁਲੰਦ ਕੀਤੀ ਜਾਏਗੀ |
ਜ਼ਿਕਰਯੋਗ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਅੱਗੇ ਘਾਹ ਪਾਰਕ ਵਿੱਚ ਪੁਸਤਕ ਪ੍ਰਦਰਸ਼ਨੀ 30 ਅਕਤੂਬਰ ਤੋਂ ਸ਼ੁਰੂ ਹੋ ਕੇ 2 ਨਵੰਬਰ ਸਰਘੀ ਵੇਲੇ ਤੱਕ ਨਿਰੰਤਰ ਲੱਗੀ ਰਹੇਗੀ | ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਅਤੇ ਸੰਗਰਾਮੀਆਂ ਦੇ ਪਿੰਡਾਂ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਹੋਏ ਸਮਾਗਮਾਂ ਨੂੰ ਮਿਲੇ ਉਤਸ਼ਾਹਜਨਕ ਹੁੰਗਾਰੇ ਬਾਰੇ ਦੱਸਦਿਆਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਬੱਬਰ ਅਕਾਲੀਆਂ ਦੇ ਪਿੰਡਾਂ ਵਿਚੋਂ ਮੇਲੇ ਵਿੱਚ ਜਥੇ ਬਣਾ ਕੇ ਲੋਕ ਸ਼ਾਮਲ ਹੋਣਗੇ | ਕਮੇਟੀ ਨੇ ਸਮੂਹ ਦੇਸ਼ ਭਗਤ, ਜਮਹੂਰੀ ਸੰਸਥਾਵਾਂ, ਵਿਅਕਤੀਆਂ ਨੂੰ ਮੇਲੇ ਦੀ ਸਫ਼ਲਤਾ ਲਈ ਹਰ ਪੱਖੋਂ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ | ਕਾਨਫਰੰਸ ਵਿੱਚ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਪਿ੍ਥੀਪਾਲ ਮਾੜੀਮੇਘਾ, ਵਿਜੈ ਬੰਬੇਲੀ, ਕ੍ਰਿਸ਼ਨਾ ਵੀ ਹਾਜ਼ਰ ਸਨ |

Comment here