ਨਵੀਂ ਦਿੱਲੀ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਤਾਲਿਬਾਨ ਦਾਖਲ ਹੋ ਚੁੱਕਾ ਹੈ ਜਿਸ ਤੋਂ ਬਾਅਦ ਉੱਥੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ’ਚ ਲੱਗੇ ਹੋਏ ਹਨ। ਭਾਰਤ ਸਰਕਾਰ ਨੇ ਵੀ ਏਅਰ ਇੰਡੀਆ ਨੂੰ ਕਿਹਾ ਕਿ ਉਹ ਕਾਬੁਲ ਤੋਂ ਐਮਰਜੈਂਸੀ ਨਿਕਾਸੀ ਲਈ ਦੋ ਹਵਾਈ ਜਹਾਜ਼ਾਂ ਨੂੰ ਸਟੈਂਡਬਾਇ ’ਤੇ ਰੱਖੇ। ਏਅਰ ਇੰਡੀਆ ਨੇ ਕਾਬੁਲ ਤੋਂ ਨਵੀਂ ਦਿੱਲੀ ਲਈ ਐਮਰਜੈਂਸੀ ਆਪਰੇਸ਼ਨ ਲਈ ਇਕ ਦਲ ਤਿਆਰ ਕੀਤਾ ਹੈ। ਏਅਰ ਇੰਡੀਆ ਦੀ ਦਿੱਲੀ ਤੋਂ ਕਾਬੁਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਫ਼ਲਾਈਟ ਨੇ 12.30 ਵਜੇ ਉਡਾਣ ਭਰਨੀ ਸੀ ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਬੁਲ ਤੋਂ ਏਅਰ ਇੰਡੀਆ ਦੀ ਵਾਪਸੀ ਦੀ ਉਡਾਣ ਐਤਵਾਰ ਸ਼ਾਮ ਨੂੰ 129 ਯਾਤਰੀਆਂ ਨੂੰ ਲੈ ਕੇ ਦਿੱਲੀ ਪੁੱਜੀ। ਇਨ੍ਹਾਂ ਵਿਚ ਹਾਮਿਦ ਕਰਜ਼ਈ ਦੇ ਚਚੇਰੇ ਭਰਾ ਅਤੇ ਸਾਬਕਾ ਸੰਸਦ ਮੈਂਬਰ ਵਰਗੇ ਕਈ ਲੋਕ ਸ਼ਾਮਲ ਹਨ। ਕਾਬੁਲ ਤੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ ਇਕ ਮਹਿਲਾ ਦਾ ਦਰਦ ਫੁਟ ਪਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਦੁਨੀਆ ਨੇ ਅਫ਼ਗਾਨਿਸਤਾਨ ਨੂੰ ਛੱਡ ਦਿੱਤਾ। ਸਾਡੇ ਦੋਸਤ ਮਾਰੇ ਜਾ ਰਹੇ ਹਨ। ਤਾਲਿਬਾਨ ਸਾਨੂੰ ਮਾਰਨ ਜਾ ਰਿਹਾ ਹੈ, ਸਾਡੀਆਂ ਔਰਤਾਂ ਨੂੰ ਕੋਈ ਹੋਰ ਅਧਿਕਾਰ ਨਹੀਂ ਮਿਲਣ ਵਾਲਾ ਹੈ। ਆਮ ਨਾਗਰਿਕਾਂ ਨਾਲ ਅਫ਼ਗਾਨਿਸਤਾਨ ਦੇ ਕਈ ਰਾਜਨੇਤਾ ਅਤੇ ਅਧਿਕਾਰੀ ਵੀ ਐਤਵਾਰ ਨੂੰ ਦਿੱਲੀ ਪਹੁੰਚੇ। ਹਵਾਈ ਅੱਡੇ ‘ਤੇ ਉਤਰਦੇ ਹੀ ਅਫ਼ਗਾਨਿਸਤਾਨ ਦੇ ਸਾਬਕਾ ਸੰਸਦ ਮੈਂਬਰ ਜਮੀਲ ਕਰਜਈ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਉਥੋਂ ਦੌੜਿਆ ਤਾਂ ਉਥੋਂ ਦੇ ਹਾਲਾਤ ਤੁਸੀਂ ਸਮਝ ਸਕਦੇ ਹੋ। ਰਾਸ਼ਟਰਪਤੀ ਅਸ਼ਰਫ ਗਨੀ ਦੀ ਟੀਮ ਗੱਦਾਰ ਹੈ, ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ। ਲੋਕ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।ਅਫ਼ਗਾਨਿਸਤਾਨ ਦੇ ਪਕਤੀਆ ਸੂਬੇ ਦੇ ਸੰਸਦ ਮੈਂਬਰ ਸਈਅਦ ਹਸਨ ਪਕਤੀਆਵਲ ਵੀ ਦਿੱਲੀ ਪਹੁੰਚੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹਾਲਾਤ ਬੇਹੱਦ ਖ਼ਰਾਬ ਹਨ। ਮੈਂ ਦੇਸ਼ ਛੱਡਣਾ ਨਹੀਂ ਚਾਹੁੰਦਾ। ਮੈਂ ਇੱਥੇ ਇਕ ਬੈਠਕ ਲਈ ਆਇਆ ਹਾਂ, ਮੈਂ ਅਫ਼ਗਾਨਿਸਤਾਨ ਵਾਪਸ ਜਾਵਾਂਗਾ।
ਹਵਾਬਾਜ਼ੀ ਅਥਾਰਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ (ਭਾਰਤੀ ਸਮੇਂ ਮੁਤਾਬਕ) ਦੁਪਹਿਰ ਕਰੀਬ ਪੌਣੇ ਇਕ ਵਜੇ ਏ. ਆਈ.-243 ਉਡਾਣ ਦਿੱਲੀ ਤੋਂ ਰਵਾਨਾ ਹੋਈ ਤੇ ਉਸ ਨੂੰ ਕਾਬੁਲ ਹਵਾਈ ਅੱਡੇ ਦੇ ਆਸਪਾਸ ਇਕ ਘੰਟੇ ਤਕ ਚੱਕਰ ਲਾਉਣਾ ਪਿਆ ਕਿਉਂਕਿ ਉਸ ਨੂੰ ਉਤਰਨ ਲਈ ਹਵਾਈ ਆਵਾਜਾਈ ਕੰਟਰੋਲ (ਏ. ਟੀ. ਸੀ.) ਤੋਂ ਇਜਾਜ਼ਤ ਨਹੀਂ ਮਿਲੀ ਸੀ, ਇਸ ਲਈ ਏ. ਆਈ.-243 ਦੀ ਉਡਾਣ ਦੀ ਆਮ ਸਮਾਂ ਮਿਆਦ ਇਕ ਘੰਟੇ ਚਾਲੀ ਮਿੰਟ ਦੀ ਬਜਾਏ ਦੋ ਘੰਟੇ ਪੰਜਾਹ ਮਿੰਟ ਸੀ।
Comment here