ਚੰਡੀਗੜ੍ਹ-ਪੰਜਾਬ ਦੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲ ਸਰੋਤਾਂ ਬਾਰੇ ਬਣਾਈ ਗਈ ਸਥਾਈ ਸੰਸਦੀ ਕਮੇਟੀ ਨੂੰ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਦਾ ਅਧਿਐਨ ਕਰਨ ਲਈ ਪੰਜਾਬ ਵਿੱਚ ਆ ਕੇ ਇਸ ਦਾ ਅਧਿਐਨ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਦੀਆਂ ਨਦੀਆਂ, ਨਹਿਰਾਂ, ਵੇਈਆਂ ਅਤੇ ਦਰਿਆਵਾਂ ਵਿੱਚ ਲਗਾਤਾਰ ਫੈਕਟਰੀਆਂ ਦੇ ਵੱਲੋਂ ਸੁੱਟੇ ਜਾ ਰਹੇ ਜ਼ਹਿਰੀਲੇ ਅਤੇ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਸੰਤ ਸੀਚੇਵਾਲ ਨੇ ਇਸ ਕਮੇਟੀ ਨੂੰ ਜਾਣੂ ਕਰਵਾਇਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਕਮੇਟੀ ਨੂੰ ਜਾਣੂ ਕਰਵਾਇਆ ਕਿ ਦੂਸ਼ਿਤ ਹੋ ਰਹੇ ਜ਼ਹਿਰੀਲੇ ਪਾਣੀ ਦੇ ਕਾਰਨ ਮਾਲਵਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਲੋਕ ਕੈਂਸਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ ।
ਪੰਜਾਬ ਦੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੁੱਚੀ ਕਮੇਟੀ ਦੀ ਚੇਅਰਮੈਨ ਸਮੇਤ ਸਮੁੱਚੇ ਮੈਂਬਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਤੇਜ਼ੀ ਨਾਲ ਗੰਧਲੇ ਅਤੇ ਜ਼ਹਿਰੀਲੇ ਹੋ ਰਹੇ ਪਾਣੀਆਂ ਦੇ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਪੰਜਾਬ ਦਾ ਦੌਰਾ ਕੀਤਾ ਜਾਵੇ ।ਇਸ ਦੌਰਾਨ ਕਮੇਟੀ ਦੇ ਚੇਅਰਪਰਸਨ ਨੇ ਸੰਤ ਸੀਚੇਵਾਲ ਨੂੰ ਭਰੋਸਾ ਦਵਾਇਆ ਕਿ ਉਹ ਕਮੇਟੀ ਨੂੰ ਪੰਜਾਬ ਲਿਆ ਕੇ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ ਅਤੇ ਨਦੀਆਂ, ਨਹਿਰਾਂ, ਵੇਈਆਂ ਅਤੇ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਫੈਕਟਰੀਆਂ ਦੇ ਜ਼ਹਿਰੀਲੇ ਅਤੇ ਸੀਵਰੇਜ਼ ਦੇ ਗੰਦੇ ਪਾਣੀਆਂ ਦਾ ਅਧਿਐਨ ਜ਼ਰੂਰ ਕਰਵਾਉਣਗੇ।
ਇਸ ਮੌਕੇ ਸੰਤ ਸੀਚੇਵਾਲ ਦਾ ਕਹਿਣਾ ਸੀ ਕਿ ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਦੇ ਮੁਤਾਬਕ ਸਾਲ 2039 ਤੱਕ ਪੰਜਾਬ ਦਾ ਧਰਤੀ ਹੇਠਲਾ ਪਾਣੀ 1000 ਫੁੱਟ ਡੂੰਘਾ ਚਲਾ ਜਾਵੇਗਾ। ਜਿਸ ਕਾਰਨ ਅਜਿਹੇ ਹਾਲਾਤ ਵਿੱਚ ਖੇਤੀ ਪ੍ਰਧਾਨ ਸੂਬਾ ਪੰਜਾਬ ਆਪਣੇ ਇਸ ਕਿੱਤੇ ਨੂੰ ਕਿਵੇਂ ਬਚਾਵੇਗਾ? ਇਹ ਇਕ ਵੱਡਾ ਸਵਾਲ ਹੈ, ਜਿਸ ਨੂੰ ਸਕਝਣ ਅਤੇ ਇਸ ਖਤਰੇ ਪਰਤੀ ਜਾਗਰੂਕ ਹੋਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਕਮੇਟੀ ਦੇ ਚੇਅਰਪਰਸਨ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਗਿਆ ਹੈ ਕਿ ਉਨ੍ਹਾਂ ਦੇ ਵੱਲੋਂ ਸਾਲ 2000 ਤੋਂ ਸੰਗਤ ਦੇ ਸਹਿਯੋਗ ਨਾਲ ਪਵਿੱਤਰ ਵੇਈਂ ਦੀ ਕਾਰਸੇਵਾ ਕਰਵਾਈ ਜਾ ਰਹੀ ਹੈ। ਸਾਲ 2008 ਤੋਂ ਲਗਾਤਾਰ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਦੇ ਖਿਲਾਫ ਸੂਬੇ ਦੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸੰਤ ਸੀਚੇਵਾਲ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਕਮੇਟੀ ਦੇ ਚੇਅਰਪਰਸਨ ਪਰਬਤਭਾਈ ਸਾਵਾਭਾਈ ਪਟੇਲ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਕਮੇਟੀ ਨੂੰ ਪੰਜਾਬ ਲੈ ਕੇ ਆਉਣਗੇ।ਕਮੇਟੀ ਵੱਲੋਂ ਇਸ ਫੇਰੀ ਦੌਰਾਨ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ ਅਤੇ ਨਦੀਆਂ ਅਤੇ ਦਰਿਆਵਾਂ ‘ਚ ਪਾਏ ਜਾ ਰਹੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀਆਂ ਨੂੰ ਲੈ ਕੇ ਵੀ ਅਧਿਐਨ ਕਰਵਾਇਆ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਜਲ ਸਰੋਤਾਂ ਬਾਰੇ ਸੰਸਦੀ ਕਮੇਟੀ ਦੇ ਵੱਲੋਂ ਕੋਲਕਾਤਾ, ਪੋਰਟ ਬਲੇਰ ਅਤੇ ਚੇਨਈ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰੇ ਦੌਰਾਨ ਕਮੇਟੀ ਦੇ ਵੱਲੋਂ ਉਥੇ ਕੁਦਰਤੀ ਜਲ ਸਰੋਤਾਂ ‘ਚ ਪੈ ਰਹੇ ਦੂਸ਼ਿਤ ਪਾਣੀਆਂ ਬਾਰੇ ਨਿਰੀਖਣ ਕੀਤਾ ਗਿਆ ਸੀ। ਇਸ ਦੌਰੇਦੇ ਵਿੱਚ 12 ਸੰਸਦ ਮੈਂਬਰਾਂ ਅਤੇ ਕੇਂਦਰੀ ਭੂ-ਜਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ।

Comment here