ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸੰਕਟਗ੍ਰਸਤ ਯੁਕਰੇਨ ਚ ਭਾਰਤੀ ਰੈਸਟੋਰੈਂਟ ਨੇ ਪੀੜਤਾਂ ਲਈ ਦਰ ਖੋਲ੍ਹੇ

ਕੀਵ: ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਲੱਖਾਂ ਲੋਕ ਆਪਣੀ ਜਾਨ ਦੀ ਸੁਰੱਖਿਆ ਲਈ ਸੁਰੱਖਿਅਤ ਪਨਾਹਗਾਹ ਦੀ ਤਲਾਸ਼ ਕਰ ਰਹੇ ਹਨ। ਇਸੇ ਦੌਰਾਨ ਰਾਜਧਾਨੀ ਕੀਵ ਵਿੱਚ ਸਥਿਤ ਇੱਕ ਭਾਰਤੀ ਰੈਸਟੋਰੈਂਟ ਨੇ ਇੱਕ ਨੇਕ ਪਹਿਲ ਕਰਦੇ ਹੋਏ ਆਪਣਾ ਰੈਸਟੋਰੈਂਟ ਲੋਕਾਂ ਲਈ ਖੋਲ੍ਹ ਦਿੱਤਾ ਹੈ। ਜਿੱਥੇ ਮੁਫਤ ਭੋਜਨ ਦੇ ਨਾਲ-ਨਾਲ ਲੋਕਾਂ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਅਮਰੀਕੀ ਅਖਬਾਰ ਵਾਸ਼ਿੰਗਟਨ ਦੀ ਰਿਪੋਰਟ ਦੀ ਖਬਰ ਮੁਤਾਬਕ ਕੀਵ ‘ਚ ਸਥਿਤ ‘ਸਾਥੀਆ’ ਰੈਸਟੋਰੈਂਟ ਦੇ ਮਾਲਕ ਮਨੀਸ਼ ਦਵੇ ਨੇ ਆਪਣੇ ਰੈਸਟੋਰੈਂਟ ਨੂੰ ਅਸਥਾਈ ਬੰਕਰ ‘ਚ ਬਦਲ ਦਿੱਤਾ ਹੈ। ਜਿੱਥੇ 130 ਤੋਂ ਵੱਧ ਲੋਕਾਂ ਨੂੰ ਠਹਿਰਾਇਆ ਗਿਆ ਹੈ। ਮਨੀਸ਼ ਦਵੇ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਉਹ ਜਿੱਥੇ ਤੱਕ ਹੋ ਸਕੇ ਲੋਕਾਂ ਨੂੰ ਖਾਣਾ ਅਤੇ ਰਿਹਾਇਸ਼ ਦੇਣਗੇ। ਦਰਅਸਲ ਰੂਸੀ ਫੌਜ ਨੇ ਕੀਵ ਅਤੇ ਖਾਰਕੀਵ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਕਾਰਨ ਇੱਥੇ ਸਥਿਤੀ ਵਿਗੜ ਗਈ ਹੈ। ਅਜਿਹੇ ਔਖੇ ਸਮੇਂ ਵਿੱਚ ਇਹ ਭਾਰਤੀ ਰੈਸਟੋਰੈਂਟ ਨਾ ਸਿਰਫ਼ ਭਾਰਤੀਆਂ ਨੂੰ ਸਗੋਂ ਯੂਕਰੇਨ ਸਮੇਤ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਰਿਹਾਇਸ਼ ਪ੍ਰਦਾਨ ਕਰ ਰਿਹਾ ਹੈ। ਦਰਜਨਾਂ ਵਿਦਿਆਰਥੀ, ਗਰਭਵਤੀ ਔਰਤਾਂ ਅਤੇ ਬੇਘਰੇ ਲੋਕ ਇੱਥੇ ਰਹਿ ਰਹੇ ਹਨ। ਰੈਸਟੋਰੈਂਟ ਦੇ ਮਾਲਕ ਮਨੀਸ਼ ਦਵੇ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ, ਬਹੁਤ ਸਾਰੇ ਯੂਕਰੇਨੀ ਨਾਗਰਿਕ ਵੀ ਇੱਥੇ ਆਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇੱਥੇ ਸੁਰੱਖਿਅਤ ਰਹਿਣਗੇ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਬੇਸਮੈਂਟ ਦੇ ਹੇਠਾਂ ਹੈ ਇਸ ਲਈ ਸੁਰੱਖਿਅਤ ਹੈ। ਰੂਸੀ ਹਮਲੇ ਦੌਰਾਨ ਇਸ ਰੈਸਟੋਰੈਂਟ ‘ਚ ਰਹਿਣ ਦੇ ਨਾਲ-ਨਾਲ ਲੋਕਾਂ ਨੂੰ ਖਾਣਾ ਵੀ ਦਿੱਤਾ ਜਾ ਰਿਹਾ ਹੈ। ਹਾਲਾਂਕਿ ਮਨੀਸ਼ ਦਵੇ ਨੇ ਅਨਾਜ ਦੇ ਸਟਾਕ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ‘ਤੇ ਪਾਬੰਦੀਆਂ ਕਾਰਨ ਰਾਸ਼ਨ ਦੀ ਸਪਲਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਿਰਫ 4 ਤੋਂ 5 ਦਿਨਾਂ ਦਾ ਆਟਾ ਅਤੇ ਚੌਲ ਬਾਕੀ ਹਨ ਪਰ ਇਸ ਤੋਂ ਇਲਾਵਾ ਸਾਨੂੰ ਸਬਜ਼ੀਆਂ ਅਤੇ ਹੋਰ ਸਾਮਾਨ ਵੀ ਖਰੀਦਣਾ ਪੈਂਦਾ ਹੈ। ਸਾਥੀਆ ਰੈਸਟੋਰੈਂਟ ਦੇ ਮਾਲਕ ਮਨੀਸ਼ ਦਵੇ ਗੁਜਰਾਤ ਦੇ ਵਡੋਦਰਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ 2021 ਵਿੱਚ ਕੀਵ ਵਿੱਚ ਇੰਡੀਅਨ ਰੈਸਟੋਰੈਂਟ ਖੋਲ੍ਹਿਆ ਸੀ।

Comment here