ਅਪਰਾਧਸਿਆਸਤਖਬਰਾਂ

ਸੁਖਬੀਰ ਬਾਦਲ ਤੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਪੁੱਛਗਿੱਛ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨੀਂ 7 ਸਾਲ ਪੁਰਾਣੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਸਾਹਮਣੇ ਮੁੜ ਪੇਸ਼ ਹੋਏ। ਸੈਕਟਰ 32 ਸਥਿਤ ਪੰਜਾਬ ਪੁਲਿਸ ਅਧਿਕਾਰੀ ਸੰਸਥਾਨ ਵਿਚ ਏ.ਡੀ.ਜੀ.ਪੀ. ਐਲ.ਕੇ ਯਾਦਵ ਦੀ ਅਗਵਾਈ ਵਾਲੀ ਸਿੱਟ ਨੇ ਕਰੀਬ ਤਿੰਨ ਘੰਟੇ ਸੁਖਬੀਰ ਤੋਂ ਪੁੱਛਗਿੱਛ ਕੀਤੀ। ਸੁਖਬੀਰ ਤੋਂ ਇਸ ਤੋਂ ਪਹਿਲਾਂ ਵੀ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਉਨ੍ਹਾਂ ਨੂੰ ਤਿੰਨ ਵਾਰ ਸੰਮਨ ਭੇਜਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸੁਖਬੀਰ ਉਸ ਸਮੇਂ ਉਪ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਸੀ। ਅਜਿਹੇ ਵਿਚ ਸਿੱਟ ਹਰ ਚੀਜ਼ ਨੂੰ ਸਾਫ਼ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਸਿੱਟ ਪੁੱਛਗਿੱਛ ਕਰ ਚੁੱਕੀ ਹੈ। ਤਤਕਾਲੀ ਡੀ.ਜੀ.ਪੀ. ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਜਦਕਿ ਬਾਅਦ ਵਿਚ ਦੋ ਵਾਰ ਸੰਮਨ ਭੇਜਿਆ ਗਿਆ ਪਰ ਤਬੀਅਤ ਠੀਕ ਨਾ ਹੋਣ ਕਾਰਨ ਉਹ ਪੁੱਛਗਿੱਛ ਵਿਚ ਸ਼ਾਮਿਲ ਨਹੀਂ ਹੋਏ। ਦੂਜੇ ਪਾਸੇ ਸਿੱਟ ਨੇ ਇਸ ਦੌਰਾਨ ਜ਼ਖ਼ਮੀ ਲੋਕਾਂ ਨੂੰ ਵੀ ਆਪਣੀ ਜਾਣਕਾਰੀ ਦੇਣ ਦਾ ਮੌਕਾ ਦਿੱਤਾ ਸੀ। ਸਿੱਟ ਹੁਣ ਇਸ ਗੋਲੀ ਕਾਂਡ ਵਿਚ ਜ਼ਖਮੀਆਂ ਦਾ ਪਤਾ ਲਗਾਉਣ ਵਿਚ ਜੁਟ ਗਈ ਹੈ। ਕੋਟਕਪੂਰਾ ਗੋਲੀ ਕਾਂਡ ਸਾਲ 2015 ਵਿਚ ਹੋਇਆ ਸੀ। ਇਸ ਵਿਚ ਦੋ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਸਨ ਅਤੇ ਇਸ ਦੌਰਾਨ ਹੁਣ ਤੱਕ ਤਿੰਨ ਮੁੱਖ ਮੰਤਰੀ ਬਦਲੇ ਜਾ ਚੁੱਕੇ ਹਨ ਪਰ ਇਸ ਮਾਮਲੇ ਦੀ ਸਚਾਈ ਸਾਹਮਣੇ ਨਹੀਂ ਆਈ।

Comment here