ਸਿੱਕਮ-ਇਥੋਂ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਕਬਾਇਲੀ ਭਾਈਚਾਰਿਆਂ ਦੇ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਵੱਖ-ਵੱਖ ਲਾਭ ਦੇਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਦੱਖਣੀ ਸਿੱਕਮ ਦੇ ਜੋਰਥਾਂਗ ਕਸਬੇ ਵਿਚ ਮਾਘ ਸੰਕ੍ਰਾਂਤੀ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿੱਕਮ ਦੀ “ਜਨਨ ਦਰ ਵਿਚ ਹਾਲ ਹੀ ਦੇ ਸਾਲਾਂ ਵਿਚ ਪ੍ਰਤੀ ਮਹਿਲਾ ਇਕ ਬੱਚੇ ਦਾ ਸਭ ਤੋਂ ਘੱਟ ਵਾਧਾ ਦਰਜ ਕੀਤਾ ਜਾਣ ਦੇ ਨਾਲ ਭਾਈਚਾਰਿਆਂ ਦੀ ਆਬਾਦੀ ਘਟ ਰਹੀ ਹੈ।’ ਤਮਾਂਗ ਨੇ ਕਿਹਾ, “ਸਾਨੂੰ ਔਰਤਾਂ ਸਮੇਤ ਸਥਾਨਕ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਕੇ ਘਟਦੀ ਜਣਨ ਦਰ ਨੂੰ ਵਧਾਉਣ ਦੀ ਲੋੜ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਨੌਕਰੀ ਕਰ ਰਹੀਆਂ ਔਰਤਾਂ ਨੂੰ 365 ਦਿਨਾਂ ਦੀ ਜਣੇਪਾ ਛੁੱਟੀ ਅਤੇ ਪੁਰਸ਼ ਕਰਮਚਾਰੀਆਂ ਨੂੰ 30 ਦਿਨਾਂ ਦੀ ਛੁੱਟੀ ਦੇਣ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਮਹਿਲਾ ਮੁਲਾਜ਼ਮਾਂ ਨੂੰ ਦੂਜੇ ਬੱਚੇ ਲਈ ਇੱਕ ਅਤੇ ਤੀਜੇ ਬੱਚੇ ਲਈ ਦੋ ਇੰਕਰੀਮੈਂਟ ਦੇਣ ਦੀ ਤਜਵੀਜ਼ ਰੱਖੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕ ਵੀ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਲਈ ਵਿੱਤੀ ਸਹਾਇਤਾ ਲਈ ਯੋਗ ਹੋਣਗੇ, ਜਿਸ ਦੇ ਵੇਰਵੇ ਸਿਹਤ ਅਤੇ ਇਸਤਰੀ ਤੇ ਬਾਲ ਸੰਭਾਲ ਵਿਭਾਗ ਵੱਲੋਂ ਤਿਆਰ ਕੀਤੇ ਜਾਣਗੇ।
ਤਮਾਂਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿੱਕਮ ਦੇ ਹਸਪਤਾਲਾਂ ਵਿੱਚ ਆਈਵੀਐਫ (ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੀ ਸਹੂਲਤ ਸ਼ੁਰੂ ਕੀਤੀ ਹੈ ਤਾਂ ਜੋ ਉਨ੍ਹਾਂ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਜਿਨ੍ਹਾਂ ਨੂੰ ਕੁਦਰਤੀ ਤੌਰ ‘ਤੇ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਰਾਹੀਂ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਸਾਰੀਆਂ ਮਾਵਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 38 ਔਰਤਾਂ ‘ਆਈਵੀਐਫ’ ਸਹੂਲਤ ਨਾਲ ਗਰਭ ਧਾਰਨ ਕਰ ਚੁੱਕੀਆਂ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਮਾਵਾਂ ਵੀ ਬਣ ਚੁੱਕੀਆਂ ਹਨ। ਇਸ ਸਮੇਂ ਸਿੱਕਮ ਦੀ ਅੰਦਾਜ਼ਨ 7 ਲੱਖ ਤੋਂ ਘੱਟ ਆਬਾਦੀ ਹੈ, ਜਿਸ ਵਿੱਚੋਂ ਲਗਭਗ 80 ਪ੍ਰਤੀਸ਼ਤ ਨਸਲੀ ਭਾਈਚਾਰਾ ਹੈ।
ਸਿੱਕਮ ‘ਚ ਇਕ ਤੋਂ ਵੱਧ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਦੀ ਵਧੇਗੀ ਤਨਖਾਹ


Comment here