ਵਾਸ਼ਿੰਗਟਨ-ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਿੱਖ ਧਰਮ ਨਾਲ ਸਬੰਧਤ ਹੋਣ ਕਾਰਨ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਕੁਝ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਉਹ ਹਾਰ ਨਹੀਂ ਮੰਨੇਗੀ ਅਤੇ ਚੋਟੀ ਦੇ ਅਹੁਦੇ ਦੀ ਦੌੜ ਵਿੱਚ ਬਣੀ ਰਹੇਗੀ। ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਸਾਬਕਾ ਸਹਿ ਪ੍ਰਧਾਨ ਢਿੱਲੋਂ (54) ਦੇ ਸਾਹਮਣੇ ਇਸ ਅਹੁਦੇ ਲਈ ਪ੍ਰਭਾਵਸ਼ਾਲੀ ਨੇਤਾ ਅਤੇ ਆਰ.ਐੱਨ.ਸੀ. ਦੀ ਪ੍ਰਧਾਨ ਰੋਨਾ ਮੈਕਡੈਨੀਅਲ ਦੀ ਚੁਣੌਤੀ ਹੈ। ਢਿੱਲੋਂ ਨੇ ਸੋਮਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਉਨ੍ਹਾਂ ਦੇ ਧਰਮ ਨੂੰ ਲੈ ਕੇ ਉਨ੍ਹਾਂ ‘ਤੇ ਕੀਤੇ ਜਾਣ ਵਾਲੇ ਹਮਲੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਟੀਮ ਨੂੰ ਆਰ.ਐੱਨ.ਸੀ. ਵਿੱਚ ਜਵਾਬਦੇਹੀ, ਪਾਰਦਰਸ਼ਤਾ, ਇਮਾਨਦਾਰੀ ਅਤੇ ਸ਼ਿਸ਼ਟਾਚਾਰ ਦੇ ਨਵੇਂ ਮਾਪਦੰਡਾਂ ਸਮੇਤ ਸਕਾਰਾਤਮਕ ਤਬਦੀਲੀ ਲਿਆਉਣ ਤੋਂ ਨਹੀਂ ਰੋਕ ਸਕਣਗੇ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਕਈ ਧਮਕੀ ਭਰੇ ਟਵੀਟ ਮਿਲੇ ਹਨ। ਉਨ੍ਹਾਂ ਕਿਹਾ ਕਿ ਅੱਜ ਧਮਕੀਆਂ ਮਿਲ ਰਹੀਆਂ ਹਨ। ਰੋਨਾ ਦੇ ਇੱਕ ਸਮਰਥਕ ਨੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਵਿਰਾਸਤ ਸਬੰਧੀ ਮੇਰੇ ਸੰਦੇਸ਼ ਦਾ ਜਵਾਬ ਦਿੱਤਾ ਅਤੇ ਮੈਨੂੰ “ਨਰਾਜ਼ ਕਰਨ ਵਾਲੇ” ਸੰਦੇਸ਼ ਭੇਜਣ ਤੋਂ ਵੋਟਰਾਂ ਨੂੰ ਨਾ ਰੋਕਣ ‘ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ (ਮੇਰੀ ਟੀਮ ਵਿਚ ਕਿਸੇ ਨੇ ਵੀ ਕਿਸੇ ਮੈਂਬਰ ਨੂੰ ਸੰਦੇਸ਼ ਭੇਜਣ ਲਈ ਨਹੀਂ ਕਿਹਾ ਹੈ)।
ਉਨ੍ਹਾਂ ਨੇ ਆਪਣੇ ਵੈਰੀਫਾਈਡ ਟਵਿੱਟਰ ਅਕਾਉਂਟ ‘ਪੰਜਾਬਣ’ ‘ਤੇ ਟਵੀਟ ਕੀਤਾ, “ਮੇਰੀ ਟੀਮ ਦੇ ਇੱਕ ਹੋਰ ਵਿਅਕਤੀ ਨੂੰ ਆਰ.ਐੱਨ.ਸੀ. ਨੂੰ ਵਾਧੂ ਧੰਨ ਦੇਣ ਵਾਲਿਆਂ ਦੇ ਬਾਰੇ ਵਿਚ ਸਵਾਲ ਚੁੱਕਣ ਲਈ ਆਰ.ਐੱਨ.ਸੀ. ਸਲਾਹਕਾਰ ਦਾ ਧਮਕੀ ਭਰਿਆ ਫੋਨ ਆਇਆ। ਇਹ ਸੰਦੇਸ਼ ਭੇਜਿਆ ਗਿਆ ਸੀ ਕਿ ਜੇਕਰ ਮੇਰੇ ਸਮਰਥਕ ਚੁੱਪ ਨਹੀਂ ਹੁੰਦੇ ਤਾਂ ਉਹ ਪ੍ਰਚਾਰ ਮੁਹਿੰਮ ਜਾਂ ਆਰ.ਐੱਨ.ਸੀ. ਲਈ ਕੰਮ ਨਹੀਂ ਕਰਨਗੇ। ਪੋਲੀਟਿਕੋ ਅਖ਼ਬਾਰ ਨੇ ਪਿਛਲੇ ਹਫਤੇ ਰਿਪੋਰਟ ਵਿਚ ਕਿਹਾ ਸੀ ਕਿ ਵਿਰੋਧੀਆਂ ਨੇ ਢਿੱਲੋਂ ਦੇ ਸਿੱਖ ਧਰਮ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਜਿਸ ਨਾਲ ਕਮੇਟੀ ਦੇ ਕੁਝ ਮੈਂਬਰ ਪਰੇਸ਼ਾਨ ਹੋ ਗਏ ਹਨ। ਢਿੱਲੋਂ ਨੇ ਪੋਲੀਟਿਕੋ ਨੂੰ ਕਿਹਾ ਕਿ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਆਰ.ਐੱਨ.ਸੀ. ਦੇ ਕੁਝ ਮੈਂਬਰਾਂ ਨੇ ਮੇਰੇ ਸਿੱਖ ਧਰਮ ਨੂੰ ਮੇਰੇ ਵਿਰੁੱਧ ਇਕ ਹਥਿਆਰ ਵਜੋਂ ਵਰਤਦਿਆਂ ਆਰ.ਐੱਨ.ਸੀ. ਚਲਾਉਣ ਦੀ ਮੇਰੀ ਯੋਗਤਾ ‘ਤੇ ਸਵਾਲ ਚੁੱਕਿਆ ਹੈ। ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ 27 ਜਨਵਰੀ ਨੂੰ ਹੋਵੇਗੀ।
ਵਿਰੋਧੀਆਂ ਨੇ ਮੇਰੇ ਸਿੱਖ ਧਰਮ ਨੂੰ ਮੇਰੇ ਵਿਰੁੱਧ ਵਰਤਿਆ-ਹਰਮੀਤ ਢਿੱਲੋਂ


Comment here