ਅਪਰਾਧਸਿਆਸਤਖਬਰਾਂ

ਵਿਧਾਇਕ ਨੇ ਰਾਤ ਨੂੰ ਰੇਡ ਮਾਰ ਕੇ ਫੜੀ ਨਾਜਾਇਜ਼ ਮਾਈਨਿੰਗ

ਲੁਧਿਆਣਾ-ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਹਾਲੇ ਵੀ ਮਾਈਨਿੰਗ ਮਾਫ਼ੀਆ ਰਾਤ ਦੇ ਸਮੇਂ ਗੈਰ ਕਾਨੂੰਨੀ ਧੰਦਾ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਮਾਛੀਵਾੜਾ ਸਾਹਿਬ ਦੇ ਪਿੰਡ ਦੁਪਾਣਾ ਵਿਖੇ ਕਈ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਨੇ ਇਸ ਮਾਈਨਿੰਗ ਮਾਫੀਆ ਨੂੰ ਨੱਥ ਨਾ ਪਾਈ ਤਾਂ ਇੱਥੋਂ ਦੇ ‘ਆਪ’ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਖੁਦ ਹੀ ਰਾਤ ਸਮੇਂ ਰੇਡ ਕਰਨੀ ਪਈ। ਵਿਧਾਇਕ ਨੇ ਰੇਡ ਦੌਰਾਨ ਰੇਤੇ ਨਾਲ ਭਰੀਆਂ ਦੋ ਟਰਾਲੀਆਂ ਫੜੀਆਂ। ਜਦਕਿ ਮਾਫੀਆ ਨਾਲ ਜੁੜੇ ਲੋਕ ਪਹਿਲਾਂ ਹੀ ਭੱਜਣ ‘ਚ ਕਾਮਯਾਬ ਹੋ ਗਏ ਸੀ। ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਪਿੰਡਵਾਸੀ ਲਗਾਤਾਰ ਸ਼ਿਕਾਇਤਾਂ ਕਰ ਰਹੇ ਸੀ ਕਿ ਰਾਤ ਸਮੇਂ ਮਾਈਨਿੰਗ ਹੁੰਦੀ ਹੈ। ਜਿਸ ‘ਤੇ ਕਾਰਵਾਈ ਕਰਦੇ ਹੋਏ ਵਿਧਾਇਕ ਦਿਆਲਪੁਰਾ ਨੇ ਬੀਤੀ ਰਾਤ ਕਰੀਬ 11 ਵਜੇ ਦੁਪਾਣਾ ਪਿੰਡ ਵਿਖੇ ਨਾਜਾਇਜ਼ ਮਾਈਨਿੰਗ ਵਾਲੀ ਥਾਂ ‘ਤੇ ਰੇਡ ਕੀਤੀ।
ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਦੁਪਾਣਾ ਪਿੰਡ ਵਿਖੇ ਜਿੱਥੇ ਪਹਿਲਾਂ ਸਰਕਾਰੀ ਖੱਡ ਚੱਲਦੀ ਸੀ ਤਾਂ ਉੱਥੇ ਹੁਣ ਨਾਜਾਇਜ਼ ਮਾਈਨਿੰਗ ਹੁੰਦੀ ਹੈ। ਇਸ ‘ਤੇ ਉਹਨਾਂ ਨੇ ਰਾਤ ਸਮੇਂ ਰੇਡ ਮਾਰੀ। ਜਦੋਂ ਦੇਖਿਆ ਤਾਂ ਦਰਿਆ ਤੋਂ ਕਰੀਬ ਢਾਈ ਤਿੰਨ ਕਿਲੋਮੀਟਰ ਦੇ ਅੰਦਰ ਖੱਡ ਸੀ। ਉੱਥੇ ਖੜ੍ਹੇ ਲੋਕ ਉਹਨਾਂ ਨੂੰ ਦੇਖ ਕੇ ਭੱਜ ਗਏ, ਪ੍ਰੰਤੂ ਉਹਨਾਂ ਨੇ ਦੋ ਟਰਾਲੀਆਂ ਫੜ ਲਈਆਂ। ਨਾਜਾਇਜ਼ ਮਾਈਨਿੰਗ ਖਿਲਾਫ ਪੰਜਾਬ ਸਰਕਾਰ ਦੇ ਰੁਖ ‘ਤੇ ਵਿਧਾਇਕ ਦਿਆਲਪੁਰਾ ਬੋਲੇ ਕਿ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ। ਵਧੀਆ ਤਰੀਕੇ ਨਾਲ ਸਰਕਾਰ ਪਾਲਿਸੀ ਲੈ ਕੇ ਆਈ ਹੈ ਅਤੇ ਰੈਵੇਨਿਉ ਇਕੱਠਾ ਹੋ ਰਿਹਾ ਹੈ, ਪ੍ਰੰਤੂ ਅਜਿਹੇ ਅਨਸਰ ਪਿਛਲੀਆਂ ਸਰਕਾਰਾਂ ਵੇਲੇ ਪੈਦਾ ਹੋਏ ਅਤੇ ਹਾਲੇ ਵੀ ਨਹੀਂ ਟਿਕ ਰਹੇ। ਇਹਨਾਂ ਨੂੰ ਨੱਥ ਪਾਉਣ ਲਈ ਲੋਕ ਸਹਿਯੋਗ ਦੇ ਰਹੇ ਹਨ ਅਤੇ ਸੂਚਨਾ ਦਿੰਦੇ ਹਨ। ਇਸੇ ਕਰਕੇ ਲੋਕਾਂ ਦੀ ਸ਼ਿਕਾਇਤ ‘ਤੇ ਉਹਨਾਂ ਨੇ ਰੇਡ ਮਾਰੀ।
ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਨੂੰ ਠੱਲ ਪਾਉਣ ਲਈ ਸਰਕਾਰ ਹਰ ਕਦਮ ਚੁੱਕ ਰਹੀ ਹੈ। ਅਜਿਹੇ ਮਾਫੀਆ ਨੂੰ ਸੁਧਾਰਨ ਲਈ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ। ਵਿਧਾਇਕ ਨੇ ਦੱਸਿਆ ਕਿ ਦਰਿਆ ਦੇ ਅੰਦਰ ਤੱਕ ਜਾਣ ਨੂੰ ਉਹਨਾਂ ਨੂੰ ਸਮਾਂ ਲੱਗ ਗਿਆ। ਜਿਸ ਕਰਕੇ ਮਾਈਨਿੰਗ ਮਾਫ਼ੀਆ ਦੇ ਲੋਕ ਮਸ਼ੀਨਰੀ ਸਮੇਤ ਭੱਜ ਗਏ। ਦੋ ਟਰਾਲੀਆਂ ਖੋਲ੍ਹ ਕੇ ਛੱਡ ਗਏ। ਮਾਫ਼ੀਆ ਦੇ ਲੋਕਾਂ ਨੂੰ ਚੋਰੀ ਦੇ ਰਸਤਿਆਂ ਦਾ ਪਤਾ ਹੈ ਇਸ ਕਰਕੇ ਉਹ ਭੱਜਣ ‘ਚ ਸਫ਼ਲ ਰਹੇ। ਨਾਜਾਇਜ਼ ਮਾਈਨਿੰਗ ਰੋਕਣ ‘ਚ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਵਿਧਾਇਕ ਨੇ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਪੁਲਿਸ ਨੂੰ ਵੀ ਔਕੜਾਂ ਆ ਰਹੀਆਂ ਹਨ। ਇਸ ਕਰਕੇ ਥੋੜ੍ਹੀ ਪ੍ਰੇਸ਼ਾਨੀ ਆਉਂਦੀ ਹੈ। ਇਸ ਦੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਦੁਪਾਣਾ ਦੇ ਕੋਲ ਹੋਰ ਵੀ ਥਾਂਵਾ ਉਪਰ ਨਜਾਇਜ ਮਾਈਨਿੰਗ ਚੱਲਦੀ ਹੈ. ਜਿੱਥੇ ਹੁਣ ਅਗਲੀ ਵਾਰ ਰੇਡ ਮਾਰ ਕੇ ਇਸ ਨੂੰ ਬੰਦ ਕਰਾਇਆ ਜਾਵੇਗਾ।

Comment here