* ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ
ਰਾਜੌਰੀ-ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਰਾਜੌਰੀ ਜ਼ਿਲ੍ਹੇ ਵਿਚ ਐਤਵਾਰ ਅਤੇ ਸੋਮਵਾਰ ਮਹਿਜ 15 ਘੰਟਿਆਂ ਦੇ ਅੰਦਰ ਦੋ ਅੱਤਵਾਦੀ ਹਮਲਿਆਂ ਨਾਲ ਦਹਿਲੇ ਡਾਂਗਰੀ ਪਿੰਡ ’ਚ ਇਕੱਠੀਆਂ 6 ਲਾਸ਼ਾਂ ਨੂੰ ਵੇਖ ਕੇ ਹਰ ਅੱਖ ’ਚ ਗ਼ਮ ਤੋਂ ਜ਼ਿਆਦਾ ਰੋਹ ਹੈ। ਅੱਜ ਡਾਂਗਰੀ ਪਿੰਡ ’ਚ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਹੋਇਆ। ਨਾਗਰਿਕਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਇਸ ਦੌਰਾਨ ਹਰ ਅੱਖ ਨਮ ਸੀ ਅਤੇ ਲੋਕਾਂ ’ਚ ਅੱਤਵਾਦ ਖਿਲਾਫ਼ ਭਾਰੀ ਰੋਹ ਨਜ਼ਰ ਆਇਆ। ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ, ਏ. ਡੀ. ਜੀ. ਪੀ. ਜੰਮੂ ਮੁਕੇਸ਼ ਸਿੰਘ, ਭਾਜਪਾ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਸਮੇਤ ਵੱਡੀ ਗਿਣਤੀ ’ਚ ਡਾਂਗਰੀ ਪਿੰਡ ’ਚ ਇਕੱਠੇ ਹੋਏ। ਰਾਜੌਰੀ ਵਿਚ ਦੋਹਰੇ ਅੱਤਵਾਦੀ ਹਮਲੇ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਉਪ ਰਾਜਪਾਲ ਮਨੋਜ ਸਿਨਹਾ ਨੇ ਹਮਲੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਦੱਸਣਯੋਗ ਹੈ ਕਿ ਅੱਤਵਾਦੀਆਂ ਦੀ ਫਾਇਰਿੰਗ ’ਚ 4 ਨਾਗਰਿਕ ਮਾਰੇ ਗਏ। ਇਸ ਤੋਂ ਬਾਅਦ ਸੋਮਵਾਰ ਆਈ. ਈ. ਡੀ. ਧਮਾਕੇ ਵਿਚ ਇਕ ਬੱਚੇ ਅਤੇ ਇਕ ਨਾਬਾਲਗ ਦੀ ਮੌਤ ਹੋਣ ਨਾਲ ਰਾਜੌਰੀ ਸੋਗ ਵਿਚ ਡੁੱਬ ਗਿਆ। ਸੋਮਵਾਰ ਨੂੰ ਪੂਰਾ ਦਿਨ ਡਾਂਗਰੀ ਚੌਕ ਦੇ ਵਿਚੋਂ-ਵਿਚ 6 ਲਾਸ਼ਾਂ ਰੱਖ ਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਪੂਰਾ ਪਿੰਡ ਇਸ ਦੌਰਾਨ ਰੋਹ ਹੈ। ਲੋਕਾਂ ਵਿਚ ਇਕ ਪਾਸੇ ਅੱਤਵਾਦੀ ਹਮਲੇ ਰੋਕਣ ’ਚ ਨਾਕਾਮੀ ਨੂੰ ਲੈ ਕੇ ਗੁੱਸਾ ਹੈ ਅਤੇ ਦੂਜੇ ਪਾਸੇ ਅੱਤਵਾਦੀਆਂ ਦੇ ਸਫਾਏ ਦੀ ਸੂਚਨਾ ਦੀ ਉਡੀਕ ਹੈ। ਦਰਅਸਲ ਐਤਵਾਰ ਸ਼ਾਮ ਅੱਤਵਾਦੀਆਂ ਨੇ ਇਕ ਪੀੜਤ ਦੇ ਘਰ ਆਈ. ਈ. ਡੀ. ਲਾ ਦਿੱਤੀ ਸੀ। ਸੋਮਵਾਰ ਸਵੇਰੇ ਆਈ. ਈ. ਡੀ. ਧਮਾਕਾ ਹੋਇਆ, ਜਿਸ ਵਿਚ 4 ਸਾਲ ਦੇ ਬੱਚੇ ਅਤੇ ਉਸ ਦੀ 16 ਸਾਲਾ ਚਚੇਰੀ ਭੈਣ ਸੁਮੀਖਾ ਦੀ ਮੌਤ ਹੋ ਗਈ। ਧਮਾਕੇ ਦੀ ਜੱਦ ’ਚ ਆਏ 9 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਨੌਜਵਾਨਾਂ ਦੇ ਹੱਥਾਂ ’ਚ ਕਿਤਾਬਾਂ ਦੇਖ ਕੇ ਪ੍ਰੇਸ਼ਾਨ ਹੈ ਪਾਕਿਸਤਾਨ-ਚੁੱਘ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਜੰਮੂ-ਕਸ਼ਮੀਰ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਲਈ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਦੀ ਆਲੋਚਨਾ ਕੀਤੀ ਹੈ। ਚੁੱਘ ਨੇ ਅੱਤਵਾਦੀ ਹਮਲੇ ਤੋਂ ਬਾਅਦ ਰਾਜੌਰੀ ਨੇੜੇ 6 ਲੋਕਾਂ ਦੀ ਮੌਤ ’ਤੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਕਿਹਾ ਕਿ ਇਹ ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਇਕ ਕਾਇਰਤਾ ਵਾਲਾ ਕੰਮ ਸੀ ਜੋ ਕਿ ਅਸਲ ’ਚ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹਾਲੀਆ ਵਿਕਾਸ ਅਤੇ ਵਿਕਾਸ ਤੋਂ ਪ੍ਰੇਸ਼ਾਨ ਹੋ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਅਤੇ ਨਿਰਦੋਸ਼ ਲੋਕਾਂ ’ਤੇ ਗੋਲੀਆਂ ਚਲਾਉਣਾ ਅੱਤਵਾਦੀਆਂ ਦਾ ਕਾਇਰਤਾ ਭਰਿਆ ਕੰਮ ਹੈ। ਚੁੱਘ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੇ ਹੱਥਾਂ ’ਚ ਬੰਦੂਕਾਂ ਅਤੇ ਪੱਥਰਾਂ ਦੀ ਬਜਾਏ ਕਿਤਾਬਾਂ ਅਤੇ ਕੰਪਿਊਟਰਾਂ ਨੂੰ ਦੇਖ ਕੇ ਪ੍ਰੇਸ਼ਾਨ ਹੈ। ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਦੇ ਏਜੰਟਾਂ ਨੂੰ ਇਹ ਸਮਝਾਇਆ ਜਾਵੇ ਕਿ ਮੋਦੀ ਸਰਕਾਰ ਇਸ ਖੇਤਰ ’ਚ ਤਰੱਕੀ ਅਤੇ ਖੁਸ਼ਹਾਲੀ ਦਾ ਨਵਾਂ ਸੱਭਿਆਚਾਰ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਚੁੱਘ ਨੇ ਕਿਹਾ ਕਿ ਘਾਟੀ ’ਚ ਹੋ ਰਹੀਆਂ ਅਜਿਹੀਆਂ ਹਿੰਸਾ ਨੂੰ ਮੋਦੀ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠੇਗੀ।
ਅੱਤਵਾਦ ਵਿਰੁੱਧ ਇਕਜੁਟ ਹੈ ਦੇਸ਼-ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜੰਮੂ ਕਸ਼ਮੀਰ ਦੇ ਰਾਜੌਰੀ ’ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜਤਾਈ ਅਤੇ ਕਿਹਾ ਕਿ ਅੱਤਵਾਦ ਦੇ ਵਿਰੁੱਧ ਪੂਰਾ ਦੇਸ਼ ਇਕਜੁਟ ਹੈ। ਖੜਗੇ ਨੇ ਟਵੀਟ ਕੀਤਾ, ‘‘ਜੰਮੂ ਕਸ਼ਮੀਰ ਦੇ ਰਾਜੌਰੀ ’ਚ 2 ਥਾਂ ਹੋਏ ਅੱਤਵਾਦੀ ਹਮਲਿਆਂ ਤੋਂ ਬੇਹੱਦ ਦੁਖੀ ਹਾਂ, ਜਿਸ ’ਚ 2 ਬੱਚਿਆਂ ਸਮੇਤ 6 ਲੋਕਾਂ ਦੀ ਜਾਨ ਚੱਲੀ ਗਈ ਹੈ ਅਤੇ 15 ਜ਼ਖ਼ਮੀ ਹੋ ਗਏ। ਅੱਤਵਾਦ ਅਤੇ ਵਿਸ਼ੇਸ਼ ਰੂਪ ਨਾਲ ਕਸ਼ਮੀਰੀ ਪੰਡਿਤਾਂ ਖਿਲਾਫ਼ ਇਨ੍ਹਾਂ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹਾਂ।’’ ਉਨ੍ਹਾਂ ਨੇ ਅੱਤਵਾਦ ਖਿਲਾਫ਼ ਇਕਜੁਟਤਾ ਜ਼ਾਹਰ ਕਰਦੇ ਹੋਏ ਅੱਗੇ ਕਿਹਾ, ‘‘ਸੱਭਿਅਕ ਸਮਾਜ ’ਚ ਅੱਤਵਾਦ ਦਾ ਕੋਈ ਸਥਾਨ ਨਹੀਂ ਹੈ। ਇਸ ਮੁੱਦੇ ’ਤੇ ਪੂਰਾ ਦੇਸ਼ ਇਕਜੁਟ ਹੈ। ਅਸੀਂ ਆਪਣੀਆਂ ਸੁਰੱਖਿਆ ਫ਼ੋਰਸਾਂ ਨਾਲ ਖੜ੍ਹੇ ਹਨ, ਜੋ ਰੋਜ਼ਾਨਾ ਜੰਮੂ ਕਸ਼ਮੀਰ ’ਚ ਅੱਤਵਾਦ ਨਾਲ ਬਹਾਦਰੀ ਨਾਲ ਲੜ ਰਹੇ ਹਨ। ਇਨ੍ਹਾਂ ਅੱਤਵਾਦੀ ਹਮਲਿਆਂ ’ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ।’’

Comment here