ਅਪਰਾਧਸਿਆਸਤਵਿਸ਼ੇਸ਼ ਲੇਖ

ਭਾਰਤ ਮੁਲਕ ਚ ਵਸਦੇ ਤਾਲਿਬਾਨਾਂ ਦਾ ਕੀ ਹੋਵੇ??

ਬੀਤੇ ਦਿਨੀਂ ਅਫ਼ਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਹੋਏ ਬੰਬ ਧਮਾਕਿਆਂ ਵਿੱਚ ਪੌਣਾ ਸੈਂਕੜਾ ਲੋਕ ਮਾਰੇ ਗਏ | ਇਹ ਅਤੀ ਦੁਖਦਾਈ ਹੈ, ਪਰ ਅਜਿਹੀਆਂ ਘਟਨਾਵਾਂ ਅਫ਼ਗਾਨ ਲੋਕਾਂ ਦੀ ਹੋਣੀ ਬਣ ਚੁੱਕੀਆਂ ਹਨ | ਤਾਲਿਬਾਨ ਨੇ ਅਮਰੀਕਾ ਦੀ ਅਣਦਿਸਦੀ ਮਦਦ ਨਾਲ ਅਫ਼ਗਾਨਿਸਤਾਨ ਦੀ ਸੱਤਾ ਉੱਤੇ ਕਬਜ਼ਾ ਕੀਤਾ ਹੈ | ਤਾਲਿਬਾਨ ਨੂੰ ਜ਼ਾਹਿਲ, ਆਦਮਯੁੱਗ ਦੇ ਕਬੀਲੇ, ਅੰਧ ਵਿਸ਼ਵਾਸੀ ਤੇ ਜ਼ਾਲਿਮ ਪ੍ਰਵਿਰਤੀ ਦੇ ਖੂੰਖਾਰ ਕਿਹਾ ਜਾ ਸਕਦਾ ਹੈ, ਪਰ ਸਾਡੇ ਆਪਣੇ ਦੇਸ਼ ਦੇ ਸਾਡੇ ਵੱਲੋਂ ਚੁਣੇ ਗਏ ਹਾਕਮਾਂ ਬਾਰੇ ਅਸੀਂ ਚੁੱਪ ਰਹਿੰਦੇ ਹਾਂ | ਕੀ ਇਹ ਸੱਚ ਨਹੀਂ ਕਿ ਅਸੀਂ ਜਿਸ ਸਮਾਜ ਵਿੱਚ ਜੀ ਰਹੇ ਹਾਂ, ਉਹ ਤਾਲਿਬਾਨੀ ਮਾਨਸਿਕਤਾ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ | ਅਸੀਂ ਏਨੇ ਦੱਬੂ ਤੇ ਡਰਪੋਕ ਹੋ ਚੁੱਕੇ ਹਾਂ ਕਿ ਸੱਚ ਨੂੰ ਸੱਚ ਕਹਿਣ ਤੋਂ ਪਾਸਾ ਵੱਟ ਜਾਂਦੇ ਹਾਂ |
ਇਹ ਸਾਡਾ ਸਮਾਜ ਹੀ ਹੈ, ਜਿੱਥੇ ਅੰਧ-ਵਿਸ਼ਵਾਸਾਂ ਵਿਰੁੱਧ ਵਿਗਿਆਨਕ ਸੋਚ ਫੈਲਾਉਣ ਦੇ ਦੋਸ਼ ਵਿੱਚ ਗੌਰੀ ਲੰਕੇਸ਼, ਗੋਬਿੰਦ ਪਨਸਾਰੇ, ਐੱਸ ਐੱਮ ਕਲਬੁਰਗੀ ਤੇ ਨਰਿੰਦਰ ਡਾਭੋਲਕਰ ਵਰਗੇ ਮਹਾਂਗਿਆਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ | ਸੱਤਾ ਉੱਤੇ ਬੈਠੇ ਤਾਨਾਸ਼ਾਹ, ਨਿਰਦਈ ਤੇ ਅਲੋਕਤੰਤਰਿਕ ਹਾਕਮ ਕਾਤਲਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਹਨ |
ਅੱਜ ਦੀ ਹਕੀਕਤ ਇਹ ਹੈ ਕਿ ਸਮੁੱਚਾ ਦੇਸ਼ ਹਰ ਪੱਧਰ ਉੱਤੇ ਦੰਗੇਬਾਜ਼ਾਂ ਦਾ ਬੰਧਕ ਬਣ ਚੁੱਕਾ ਹੈ | ਦੇਸ਼ ਦੀਆਂ ਸਭ ਲੋਕਤੰਤਰੀ ਸੰਸਥਾਵਾਂ, ਮੀਡੀਆ, ਪੁਲਸਤੰਤਰ, ਕਾਰਜਪਾਲਿਕਾ ਤੇ ਚੋਣ ਕਮਿਸ਼ਨ ਨੂੰ ਡਰਾ-ਧਮਕਾ ਕੇ ਜਾਂ ਲੋਭ-ਲਾਲਚ ਰਾਹੀਂ ਸੱਤਾਧਾਰੀਆਂ ਨੇ ਬੰਧਕ ਬਣਾ ਲਿਆ ਹੈ |
ਘੱਟ-ਗਿਣਤੀਆਂ, ਦਲਿਤਾਂ ਤੇ ਔਰਤਾਂ ਨਾਲ ਸਾਡੇ ਦੇਸ਼ ਵਿੱਚ ਵੀ ਉਹੀ ਕੁਝ ਹੋ ਰਿਹਾ ਹੈ, ਜੋ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵਿਰੋਧੀਆਂ ਨਾਲ ਹੋ ਰਿਹਾ ਹੈ | ਝਾਰਖੰਡ ਵਿੱਚ ਜਸੀਮੂਦੀਨ ਨਾਂਅ ਦਾ ਮੁਸਲਿਮ ਵਿਅਕਤੀ ਰੇਲ ਵਿੱਚ ਸਫ਼ਰ ਕਰ ਰਿਹਾ ਸੀ | ਉਹ ਕੰਮ ਦੀ ਭਾਲ ਵਿੱਚ ਕੇਰਲਾ ਗਿਆ ਸੀ, ਪਰ ਕੰਮ ਨਾ ਮਿਲਣ ਕਾਰਨ ਵਾਪਸ ਪਿੰਡ ਨੂੰ ਮੁੜ ਰਿਹਾ ਸੀ | ਜਸੀਮੂਦੀਨ ਮੁਤਾਬਕ ਕੁਝ ਵਿਅਕਤੀਆਂ ਨੇ ਪਹਿਲਾਂ ਉਸ ਦਾ ਨਾਂਅ ਪੁੱਛਿਆ ਤੇ ਫਿਰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ | ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ | ਕਿਸੇ ਰਹਿਮ ਦਿਲ ਨੇ ਉਸ ਨੂੰ ਚੁੱਕ ਕੇ ਨੇੜਲੇ ਸਟੇਸ਼ਨ ਉੱਤੇ ਪੁਚਾਇਆ, ਜਿੱਥੇ ਅੱਗੋਂ ਪੁਲਸ ਨੇ ਉਸ ਨੂੰ ਰਾਂਚੀ ਦੇ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ |
21 ਅਗਸਤ ਨੂੰ ਰਾਜਸਥਾਨ ਦੇ ਰਾਮਗੰਜ ਥਾਣਾ ਇਲਾਕੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ | ਇਸ ਵਿੱਚ ਕੁਝ ਵਿਅਕਤੀ ਇੱਕ ਭਿਖਾਰੀ ਤੇ ਉਸ ਦੇ ਦੋ ਬੱਚਿਆਂ ਦੀ ਬਰਬਰਤਾਪੂਰਨ ਕੁੱਟਮਾਰ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਤੂੰ ਪਾਕਿਸਤਾਨ ਚਲਾ ਜਾ, ਉਥੇ ਭੀਖ ਮਿਲੇਗੀ | ਇਸ ਮਾਮਲੇ ਵਿੱਚ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਦੇ ਨਾਂਅ ਲਲਿਤ ਸ਼ਰਮਾ, ਸ਼ੈਲੇਂਦਰ ਟਾਕ, ਤੇਜਪਾਲ, ਸੁਰੇਂਦਰ ਤੇ ਰੋਹਿਤ ਹਨ |
ਭਾਜਪਾ ਦੀ ਮੱਧ ਪ੍ਰਦੇਸ਼ ਵਾਲੀ ਸਰਕਾਰ ਨੇ ਤਾਂ ਅਮਿਤ ਸ਼ਾਹ ਦਾ ਪੀੜਤ ਨੂੰ ਹੀ ਗੁਨਾਹਗਾਰ ਸਾਬਤ ਕਰਨ ਵਾਲਾ ਨੁਸਖਾ ਵਰਤਣਾ ਸ਼ੁਰੂ ਕਰ ਦਿੱਤਾ ਹੈ | ਪਿਛਲੇ ਦਿਨੀਂ ਇੰਦੌਰ ਵਿੱਚ ਕੁਝ ਹਿੰਦੂਤਵੀ ਗੁੰਡਿਆਂ ਨੇ ਇੱਕ ਚੂੜੀ ਵੇਚਣ ਵਾਲੇ ਤਸਲੀਮ ਅਲੀ ਦੀ ਕੁੱਟਮਾਰ ਕਰ ਦਿੱਤੀ | ਮਾਮਲਾ ਕਾਫ਼ੀ ਭਖ ਗਿਆ ਤਾਂ 28 ਘੰਟਿਆਂ ਬਾਅਦ ਇੱਕ ਛੇਵੀਂ ਕਲਾਸ ਦੀ ਕੁੜੀ ਦੀ ਸ਼ਿਕਾਇਤ ਉੱਤੇ ਚੂੜੀਵਾਲੇ ਵਿਰੁੱਧ ਕਰੜੀਆਂ ਧਾਰਾਵਾਂ, ਜਿਨ੍ਹਾਂ ਵਿੱਚ ਬੱਚਿਆਂ ਨਾਲ ਜਿਨਸੀ ਅਪਰਾਧ ਤੇ ਛੇੜਛਾੜ ਦੀਆਂ ਧਾਰਾਵਾਂ ਸ਼ਾਮਲ ਹਨ, ਹੇਠ ਮੁਕੱਦਮਾ ਦਰਜ ਕਰ ਲਿਆ ਗਿਆ | ਕੁੜੀ ਮੁਤਾਬਕ ਚੂੜੀ ਵਾਲੇ ਨੇ ਉਸ ਸਮੇਂ ਉਸ ਦੀ ਬਾਂਹ ਫੜ ਲਈ, ਜਦੋਂ ਉਸ ਦੀ ਮਾਂ ਪੈਸੇ ਲੈਣ ਘਰ ਅੰਦਰ ਗਈ ਸੀ | ਇਸ ਸੰਬੰਧੀ ਜਦੋਂ ਪ੍ਰੈੱਸ ਨੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਚੂੜੀ ਤਾਂ ਬਾਂਹ ਫੜ ਕੇ ਹੀ ਪਾਈ ਜਾਣੀ ਹੈ, ਬਾਂਹ ਫੜਨ ਤੋਂ ਮਾਮਲਾ ਛੇੜਛਾੜ ਤੱਕ ਪੁੱਜ ਗਿਆ | ਇਸ ਦੀ ਜਾਂਚ ਕੀਤੀ ਜਾ ਰਹੀ ਹੈ |
ਇਹ ਤਾਂ ਕੁਝ ਤਾਜ਼ਾ ਘਟਨਾਵਾਂ ਹਨ, ਜਿਉਂ-ਜਿਉਂ ਹਾਕਮਾਂ ਦੀ ਹਰਮਨਪਿਆਰਤਾ ਦਾ ਗਰਾਫ਼ ਡਿੱਗਦਾ ਜਾਵੇਗਾ, ਅਜਿਹੀਆਂ ਘਟਨਾਵਾਂ ਵਧਦੀਆਂ ਜਾਣਗੀਆਂ | ਇਸ ਤੋਂ ਇਲਾਵਾ ਜਦੋਂ ਸੱਤਾਧਾਰੀ ਪਾਰਟੀ ਦੇ ਆਗੂ ਮੁਸਲਿਮ ਔਰਤਾਂ ਨੂੰ ਕਬਰਾਂ ਵਿੱਚੋਂ ਕੱਢ ਕੇ ਬਲਾਤਕਾਰ ਦੀਆਂ ਧਮਕੀਆਂ ਦਿੰਦੇ ਹਨ, ਔਰਤਾਂ ਦੇ ਲਿਬਾਸ ਨੂੰ ਗਿੱਠਾਂ ਨਾਲ ਮਿਣਦੇ ਹਨ, ਉਨ੍ਹਾਂ ਨੂੰ ਸ਼ਾਮ ਪੈਣ ਉੱਤੇ ਘਰੋਂ ਨਾ ਨਿਕਲਣ ਦੀਆਂ ਨਸੀਹਤਾਂ ਦਿੰਦੇ ਹਨ ਤਾਂ ਉਨ੍ਹਾਂ ਨੂੰ ਤਾਲਿਬਾਨਾਂ ਨਾਲੋਂ ਵੱਖ ਕਿਵੇਂ ਰੱਖਿਆ ਜਾ ਸਕਦਾ ਹੈ |

ਪੇਸ਼ਕਸ਼ – ਅਵਤਾਰ ਸਿੰਘ 

Comment here