ਸਿਆਸਤਖਬਰਾਂ

ਭਾਜਪਾ ਨੇ ਵਿੱਢੀ ਪੰਜਾਂ ਸੂਬਿਆਂ ਚ ਚੋਣ ਸਰਗਰਮੀ

ਚੰਡੀਗੜ-ਦੇਸ਼ ਵਿੱਚ ਚੋਣਾਂ ਦੀ ਸਰਗਰਮੀ ਸ਼ੁਰੂ ਹੋ ਚੁਕੀ ਹੈ, ਕਿਉਂਕਿ ਅਗਲੇ ਸਾਲ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਇਹਨਾਂ ਸੂਬਿਆਂ ਚੋੰ ਯੂ ਪੀ ਤੇ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਭਾਜਪਾ ਦਾ ਸਖਤ ਵਿਰੋਧ ਹੋ ਰਿਹਾ ਹੈ। ਇਸ ਦੇ ਬਾਵਜੂਦ ਭਾਜਪਾ ਚੋਣ ਸਰਗਰਮੀ ਚ ਰੁਝ ਗਈ ਹੈ।  ਪਾਰਟੀ ਨੇ ਅੱਜ ਪੰਜ ਰਾਜਾਂ ਵਿਚ ਪਾਰਟੀ ਦੇ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। ਭਾਜਪਾ ਨੇ ਪ੍ਰਧਾਨ ਸਮੇਤ 8 ਕੇਂਦਰੀ ਮੰਤਰੀਆਂ ਨੂੰ ਯੂਪੀ ਵਿੱਚ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਜ਼ਿੰਮੇਵਾਰੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਦਿੱਤੀ ਗਈ ਹੈ। ਭਾਜਪਾ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਇੰਚਾਰਜ ਬਣਾਇਆ ਹੈ। ਪਾਰਟੀ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਮੀਨਾਕਸ਼ੀ ਲੇਖੀ ਦੇ ਨਾਲ ਸੰਸਦ ਮੈਂਬਰ ਵਿਨੋਦ ਚਾਵੜਾ ਨੂੰ ਵਿਧਾਨ ਸਭਾ ਚੋਣਾਂ ਲਈ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਪੰਜਾਬ ਵਿੱਚ ਅਗਲੇ ਸਾਲ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੇ ਨਾਲ ਚੋਣਾਂ ਹੋਣਗੀਆਂ।ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਉੱਤਰਾਖੰਡ ਦੇ ਮੁੱਖ ਇੰਚਾਰਜ ਹੋਣਗੇ। ਲੌਕੇਟ ਚੈਟਰਜੀ ਅਤੇ ਸਰਦਾਰ ਆਰਪੀ ਸਿੰਘ ਸਹਿ-ਇੰਚਾਰਜ ਦੀ ਭੂਮਿਕਾ ਵਿੱਚ ਹੋਣਗੇ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਗੋਆ ਅਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਮਨੀਪੁਰ ਦੇ ਇੰਚਾਰਜ ਹੋਣਗੇ।

Comment here