ਸਿਆਸਤਖਬਰਾਂਦੁਨੀਆ

ਭਲਕੇ ਰਾਜਨਾਥ ਤਿੰਨ ਦਿਨਾ ਦੌਰੇ ‘ਤੇ ਵੀਅਤਨਾਮ ਜਾਣਗੇ

ਨਵੀਂ ਦਿੱਲੀ- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ ਵੀਅਤਨਾਮ ਦੇ ਦੌਰੇ ਤੇ ਜਾ ਰਹੇ ਹਨ, ਦੋ-ਪੱਖੀ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ਲਈ ਤਿੰਨ ਦਿਨਾਂ ਦੌਰੇ ‘ਤੇ ਰਹਿਣਗੇ। ਰੱਖਿਆ ਮੰਤਰਾਲੇ ਨੇ ਇਸ ਬਾਰੇ ਕਿਹਾ ਕਿ ਦੌਰੇ ਦੌਰਾਨ ਰਾਜਨਾਥ ਵੀਅਤਨਾਮ ਨੂੰ 12 ਹਾਈ ਸਪੀਡ ਗਾਰਡ ਕਿਸ਼ਤੀਆਂ ਵੀ ਸੌਂਪਣਗੇ। ਇਹ ਕਿਸ਼ਤੀਆਂ ਭਾਰਤ ਵੱਲੋਂ ਵੀਅਤਨਾਮ ਨੂੰ ਦਿੱਤੇ 10 ਕਰੋੜ ਡਾਲਰ ਦੇ ਰੱਖਿਆ ਕਰਜ਼ੇ ਤਹਿਤ ਬਣਾਈਆਂ ਗਈਆਂ ਹਨ। ਰੱਖਿਆ ਮੰਤਰਾਲਾ ਮੁਤਾਬਕ ਵੀਅਤਨਾਮ ਦੇ ਨਾਲ ਵਧ ਰਹੇ ਰੱਖਿਆ ਸਹਿਯੋਗ ਦੇ ਸੰਦਰਭ ਵਿਚ ਇਹ ਪ੍ਰਾਜੈਕਟ ਮਹੱਤਵਪੂਰਨ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਤਮ-ਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’, ‘ਮੇਕ ਫਾਰ ਦਿ ਵਰਲਡ’ ਵਿਜ਼ਨ ਨੂੰ ਦਰਸਾਉਂਦਾ ਹੈ। ਦੌਰੇ ਦੌਰਾਨ ਰਾਜਨਾਥ ਆਪਣੇ ਵੀਅਤਨਾਮੀ ਹਮ-ਰੁਤਬਾ ਜਨਰਲ ਫਾਨ ਵਾਨ ਗਿਆਂਗ ਨਾਲ ਵਿਆਪਕ ਗੱਲਬਾਤ ਕਰਨਗੇ।  ਮੰਤਰਾਲੇ ਦੇ ਮੁਤਾਬਕ ਭਾਰਤ ਅਤੇ ਵੀਅਤਨਾਮ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 50 ਸਾਲ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ ‘ਤੇ ਰੱਖਿਆ ਮੰਤਰੀ ਦੀ ਵੀਅਤਨਾਮ ਦੀ ਯਾਤਰਾ ਦੋ-ਪੱਖੀ ਰੱਖਿਆ ਸਹਿਯੋਗ ਅਤੇ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ਵਿਚ ਮਦਦ ਕਰੇਗੀ। ਰਾਜਨਾਥ ਸਿੰਘ ਦਾ ਵੀਅਤਨਾਮ ਦੇ ਰਾਸ਼ਟਰਪਤੀ ਨਗੁਏਨ ਜ਼ੁਆਨ ਫੁਕ ਅਤੇ ਪ੍ਰਧਾਨ ਮੰਤਰੀ ਫਾਮ ਮਿਨਹ ਚਿਨ ਨਾਲ ਵੀ ਮੁਲਾਕਾਤ ਦਾ ਪ੍ਰੋਗਰਾਮ ਹੈ।

Comment here