ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਰਵਾਰ ਮਾਨ ਸਰਕਾਰ ‘ਤੇ ਮਾਈਨਿੰਗ ਨੂੰ ਲੈ ਕੇ ਹਮਲਾ ਬੋਲਿਆ ਗਿਆ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ 11 ਮਹੀਨਿਆਂ ‘ਚ ਭਗਵੰਤ ਮਾਨ ਸਰਕਾਰ ਸਭ ਤੋਂ ਵੱਡੀ ਬੇਈਮਾਨ ਬਣ ਕੇ ਉਭਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 11 ਮਹੀਨਿਆਂ ਵਿੱਚ ਮਾਨ ਸਰਕਾਰ ਨੇ ਸਭ ਤੋਂ ਵੱਡਾ ਘਪਲਾ ਕੀਤਾ ਹੈ, ਜਿਸਦੀ ਉਹ ਸੀਬੀਆਈ ਅਤੇ ਸੀਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕਰਨਗੇ। ਉਧਰ, ਮਜੀਠੀਆ ਦੇ ਦੋਸ਼ਾਂ ਦਾ ਪੰਜਾਬ ਸਰਕਾਰ ਨੇ ਵੀ ਜਵਾਬ ਦਿੱਤਾ ਹੈ ਅਤੇ ਗੁੰਮਰਾਹਕੁੰਨ ਦੱਸਿਆ ਹੈ।
ਵੀਰਵਾਰ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ ਬੇਈਮਾਨਾਂ ਦੀ ਸਰਕਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਲੋਕਾਂ ਨੇ ਦੀਪ ਮਲਹੋਤਰਾ ਤੋਂ 200 ਤੋਂ 400 ਕਰੋੜ ਰੁਪਏ ਲਏ ਹੋਣ, ਉਹ ਫੈਕਟਰੀ ਕਿਵੇਂ ਬੰਦ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕੁੱਝ ਵੀਡੀਓਜ਼ ਦਿਖਾਵਾਂਗਾ। ਉਨ੍ਹਾਂ ਕਿਹਾ ਕਿ ਹਰ 3 ਮਹੀਨਿਆਂ ਵਿੱਚ ਸਰਕਾਰ ਲੇ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ ਹੈ, ਜਦਕਿ ਕੇਜਰੀਵਾਲ ਨੇ ਕਿਹਾ ਸੀ ਕਿ 54000 ਕਰੋੜ ਦਾ ਰੈਵੀਨਿਊ ਆਵੇਗਾ ਤਾਂ ਹੁਣ ਇਹ ਲੋਕ ਉਸ ਕੋਲ ਗੱਲ ਕਿਉਂ ਨਹੀਂ ਕਰਦੇ।
ਉਨ੍ਹਾਂ ਤਸਵੀਰਾਂ ਵਿਖਾਉਂਦੇ ਦੱਸਿਆ ਕਿ ਇਹ ਰਾਕੇਸ਼ ਚੌਧਰੀ ਆਮ ਆਦਮੀ ਪਾਰਟੀ ਦਾ ਭਗੌੜਾ ਹੈ ਅਤੇ ਕਈ ਪਰਚੇ ਵੀ ਦਰਜ ਹਨ, ਜਿਸ ਨੂੰ ਸਰਕਾਰ ਨੇ ਮਾਈਨਿੰਗ ਸਾਈਟਾਂ ਦਿੱਤੀਆਂ ਹਨ ਅਤੇ ਰੀਨਿਊ ਕੀਤੀਆਂ ਹਨ। ਉਨ੍ਹਾਂ ਰਾਕੇਸ਼ ਚੌਧਰੀ ਦੀਆਂ ਕਾਂਗਰਸ ਦੇ ਆਗੂਆਂ ਨਾਲ ਤਸਵੀਰਾਂ ਵੀ ਵਿਖਾਈਆਂ ਅਤੇ ਕਿਹਾ ਕਿ ਜੋ ਚੰਨੀ ਦੀ ਜੁੰਡਲੀ ਕੰਮ ਕਰਦੀ ਸੀ, ਉਸ ਨੂੰ ਹੀ ਰੀਨਿਊ ਕਰ ਦਿੱਤਾ ਗਿਆ ਹੈ।
ਕੇਜਰੀਵਾਲ ਤੇ ਮਾਨ ਨਵੇਂ ਹਨੀ ਤੇ ਚੰਨੀ
ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ ਨੇ ਐਕਸਾਈਜ਼ ਪਾਲਿਸੀ ਘਪਲੇ ਤੋਂ ਵੀ ਵੱਡਾ ਘਪਲਾ ਕੀਤਾ ਹੈ, ਜੋ ਕਿ 500 ਕਰੋੜ ਰੁਪਏ ਦਾ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਫੈਕਟਰੀ ਉਪਰ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਭਰਦੀ ਹੈ ਤਾਂ ਫਿਰ ਇਸ ਨੇ ਮਾਈਨਿੰਗ ਵਿਭਾਗ ਤੋਂ ਹਰਜੋਤ ਬੈਂਸ ਨੂੰ ਕਿਉਂ ਹਟਾਇਆ। ਅਕਾਲੀ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਨਵੇਂ ਹਨੀ ਅਤੇ ਚੰਨੀ ਆ ਗਏ ਹਨ, ਕੇਜਰੀਵਾਲ, ਹਨੀ ਅਤੇ ਭਗਵੰਤ ਮਾਨ, ਚੰਨੀ ਹੈ।
ਸਰਕਾਰ ਦਾ ਮਜੀਠੀਆ ਨੂੰ ਜਵਾਬ
ਦੂਜੇ ਪਾਸੇ ਮਜੀਠੀਆ ਦੇ ਦੋਸ਼ਾਂ ਦਾ ਪੰਜਾਬ ਸਰਕਾਰ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਰਾਕੇਸ਼ ਚੌਧਰੀ ਨੂੰ ਕੰਟਰੈਕਟ ਪਿਛਲੀਆਂ ਸਰਕਾਰਾਂ ਨੇ ਦਿੱਤਾ ਸੀ, ਜਿਸ ਨੇ ਕੰਟਰੈਕਟ ਰੱਦ ਕਰਨ ਵਿਰੁੱਧ ਹਾਈਕੋਰਟ ਤੋਂ ਸਟੇਅ ਲੈ ਰੱਖੀ ਹੈ। ਸਰਕਾਰ ਨੇ ਕਿਹਾ ਕਿ ਮਜੀਠੀਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਹੁਣ ਤੱਕ 84 ਮਾਈਨਿੰਗ ਮਾਫੀਆ ਉਪਰ ਕੇਸ ਦਰਜ ਕੀਤੇ ਗਏ ਹਨ।
ਭਗਵੰਤ ਸਰਕਾਰ ਬੇਈਮਾਨਾਂ ਦੀ ਸਰਕਾਰ-ਬਿਕਰਮ ਮਜੀਠੀਆ


Comment here