ਚੰਡੀਗੜ੍ਹ-ਅੱਜ ਪੂਰੇ ਪੰਜਾਬ ਭਰ ਵਿੱਚ ਰਵਾਇਤੀ ‘ਲੋਹੜੀ’ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੀਐਮ ਹਾਊਸ ਵਿਖੇ ਲੋਹੜੀ ਮਨਾਈ ਗਈ। ਸੀਐਮ ਹਾਊਸ ਵਿੱਚ ਮੁੱਖ ਮੰਤਰੀ ਮਾਨ ਨੇ ਆਪਣੀ ਪਤਨੀ ਨਾਲ ਸ਼ਿਰਕਤ ਕੀਤੀ। ਸੀਐਮ ਹਾਊਸ ਵਿੱਚ ਲੋਹੜੀ ਮੌਕੇ ਕਈ ਪੰਜਾਬੀ ਗਾਇਕਾਂ ਨੂੰ ਸੱਦਿਆ ਗਿਆ ਸੀ, ਜਿੰਨ੍ਹਾਂ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਾਇਕ ਨੂੰ ਇੱਕ ਸਪੈਸ਼ਲ ਗੀਤ ਸੁਣਾਉਣ ਦੀ ਫੁਰਮਾਇਸ਼ ਕੀਤੀ ਤਾਂ ਪੰਜਾਬੀ ਗਾਇਕ ਹਰਸਿਮਰਨ ਨੇ ਕਿਹਾ ਕਿ ਤੁਸੀਂ ਤਾਂ ਬੰਦੂਕ ਵਾਲੇ ਗੀਤ ਬੰਦ ਕਰ ਦਿੱਤੇ, ਇਸ ਲਈ ਅਸੀਂ ਨਹੀਂ ਸੁਣਾਉਣੇ ਤਾਂ ਮਾਨ ਨੇ ਹੀ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, ਚਲੋ ਮਿਰਜ਼ੇ ਦਾ ਤੀਰ ਸੁਣਾ ਦਿਓ, ਇਸ ਉਤੇ ਤਾਂ ਕੋਈ ਪਾਬੰਦੀ ਨਹੀਂ। ਇਸ ਤੋਂ ਬਾਅਦ ਉਥੇ ਹਾਜ਼ਰੀਨ ਸਾਰੇ ਹੱਸ ਪਏ।
ਦੱਸ ਦਈਏ ਕਿ ਪੰਜਾਬੀ ਗਾਇਕ ਹਰਜੀਤ ਹਰਮਨ, ਦੇਬੀ ਮਖਸੂਸਪੁਰੀ ਅਤੇ ਹਰਸਿਮਰਨ ਸਮੇਤ ਕਈ ਕਲਾਕਾਰ ਲੋਹੜੀ ਮਨਾਉਣ ਲਈ ਸੀਐਮ ਦੀ ਰਿਹਾਇਸ਼ ‘ਤੇ ਪਹੁੰਚੇ ਸਨ। ਬੀਤੇ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਸਤੋਜ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਸੀ। ਪਿੰਡ ਸਤੋਜ ਵਿਖੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਵੀ ਸਮਾਂ ਬਿਤਾਇਆ ਸੀ।
ਲੋਹੜੀ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਈ ਜਾਂਦੀ ਹੈ। ਖਾਸ ਤੌਰ ‘ਤੇ ਨਵੇਂ ਵਿਆਹੇ ਜਾਂ ਨਵਜੰਮੇ ਬੱਚੇ ਦੇ ਆਉਣ ਨਾਲ ਲੋਹੜੀ ਦਾ ਉਡੀਕ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਨਵਜੰਮੇ ਬੱਚੇ ਦੀ ਲੋਹੜੀ ਘਰ ‘ਚ ਖੁਸ਼ੀਆਂ ਲੈ ਕੇ ਆਉਂਦੀ ਹੈ, ਉਥੇ ਹੀ ਨਵੇਂ ਵਿਆਹੇ ਜੋੜਿਆਂ ਦੇ ਘਰ ਵੀ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ।

Comment here