ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਬ੍ਰਿਟੇਨ ‘ਚ ਕੋਵਿਡ ਦਾ ਨਵਾਂ ਵੈਰੀਐਂਟ ਲੋਕਾਂ ਲਈ ਹੋ ਸਕਦਾ ਖ਼ਤਰਨਾਕ

ਲੰਡਨ-ਇੰਗਲੈਂਡ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬ੍ਰਿਟੇਨ ਵਿਚ ਪਿਛਲੇ ਮਹੀਨੇ ਸਾਹਮਣੇ ਆਇਆ ਕੋਵਿਡ ਦਾ ਇਕ ਨਵਾਂ ਵੈਰੀਐਂਟ ਈਜੀ.5.1 ਹੁਣ ਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਵੈਰੀਐਂਟ ਤੇਜ਼ੀ ਨਾਲ ਫੈਲਣ ਵਾਲੇ ਓਮੀਕਰੋਨ ਤੋਂ ਪੈਦਾ ਹੋਇਆ ਹੈ। ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਈਜੀ.5.1 ਨੂੰ ‘ਏਰਿਸ’ ਉਪਨਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਹਰ 7 ਨਵੇਂ ਮਾਮਲਿਆਂ ਵਿੱਚੋਂ ਇਕ ਮਾਮਲਾ ਇਸ ਵੈਰੀਐਂਟ ਦਾ ਸਾਹਮਣੇ ਆ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ, ਖਾਸ ਕਰਕੇ ਏਸ਼ੀਆ ਵਿੱਚ ਵੱਧ ਰਹੇ ਮਾਮਲਿਆਂ ਕਾਰਨ ਦੇਸ਼ ਵਿੱਚ ਇਸ ਦਾ ਪ੍ਰਸਾਰ ਹੋਣ ਦੇ ਬਾਅਦ 31 ਜੁਲਾਈ ਨੂੰ ਇਸ ਨੂੰ ਕੋਵਿਡ ਦੇ ਇੱਕ ਵੈਰੀਐਂਟ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਨੇ 2 ਹਫ਼ਤੇ ਪਹਿਲਾਂ ਹੀ ਈਜੀ.5.1 ਵੈਰੀਐਂਟ ‘ਤੇ ਉਸ ਸਮੇਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ, ਜਦੋਂ ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਗੈਬਰੇਅਸਸ ਨੇ ਕਿਹਾ ਸੀ ਕਿ ਲੋਕ ਵੈਕਸੀਨ ਨਾਲ ਬਿਹਤਰ ਸੁਰੱਖਿਅਤ ਹਨ, ਪਰ ਦੇਸ਼ਾਂ ਨੂੰ ਆਪਣੀ ਚੌਕਸੀ ਵਿਚ ਕਮੀ ਨਹੀਂ ਆਉਣ ਦੇਣੀ ਚਾਹੀਦੀ।
ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਨਵਾਂ ਵੈਰੀਐਂਟ ਜ਼ਿਆਦਾ ਗੰਭੀਰ ਹੈ, ਕਿਉਂਕਿ ਹੈਲਥ ਪ੍ਰੋਟੈਕਸ਼ਨ ਏਜੰਸੀ ਦੇ ਤਾਜ਼ਾ ਅੰਕੜੇ ਦਿਖਾਉਂਦੇ ਹਨ ਕਿ ਇਹ ਹੁਣ ਦੇਸ਼ ਦੇ ਸਾਰੇ ਕੋਵਿਡ ਮਾਮਲਿਆਂ ਦਾ 14.6 ਫ਼ੀਸਦੀ ਹੈ। ਹੈਲਥ ਪ੍ਰੋਟੈਕਸ਼ਨ ਏਜੰਸੀ ਦੇ ‘ਰੇਸਪੀਰੇਟਰੀ ਡੈਟਾਮਾਰਟ ਸਿਸਟਮ’ ਰਾਹੀਂ ਦਰਜ ਕੀਤੇ ਗਏ 4,396 ਨਮੂਨਿਆਂ ਵਿੱਚੋਂ 5.4 ਫ਼ੀਸਦੀ ਨੂੰ ਕੋਵਿਡ-19 ਵਜੋਂ ਦਰਜ ਕੀਤਾ ਗਿਆ ਸੀ। ਹੈਲਥ ਪ੍ਰੋਟੈਕਸ਼ਨ ਏਜੰਸੀ ਟੀਕਾਕਰਨ ਦੀ ਮੁਖੀ ਡਾ: ਮੈਰੀ ਰਾਮਸੇ ਨੇ ਕਿਹਾ: “ਅਸੀਂ ਦੇਖ਼ ਰਹੇ ਹਾਂ ਕਿ ਇਸ ਹਫ਼ਤੇ ਦੀ ਰਿਪੋਰਟ ਵਿਚ ਕੋਵਿਡ-19 ਮਾਮਲਿਆਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਜ਼ਿਆਦਾਤਰ ਉਮਰ ਵਰਗਾਂ ਵਿਚ, ਖਾਸ ਕਰਕੇ ਬਜ਼ੁਰਗ ਵੱਡੀ ਗਿਣਤੀ ਵਿੱਚ ਹਸਪਤਾਲਾਂ ਵਿੱਚ ਆ ਰਹੇ ਹਨ।’ ਜੇਕਰ ਤੁਹਾਡੇ ਵਿਚ ਸਾਹ ਦੀ ਬਿਮਾਰੀ ਦੇ ਲੱਛਣ ਹਨ, ਤਾਂ ਅਸੀਂ ਜਿੰਨਾ ਸੰਭਵ ਹੋ ਸਕੇ ਦੂਜਿਆਂ ਤੋਂ ਦੂਰ ਰਹਿਣ ਦੀ ਸਿਫਾਰਸ਼ ਕਰਦੇ ਹਾਂ।’ ਉਨ੍ਹਾਂ ਕਿਹਾ,” ਨਿਯਮਿਤ ਤੌਰ ‘ਤੇ ਹੱਥ ਧੋਣ ਨਾਲ ਤੁਹਾਨੂੰ ਕੋਵਿਡ-19 ਅਤੇ ਹੋਰ ਵਾਇਰਸਾਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ।

Comment here