ਅਪਰਾਧਸਿਆਸਤਖਬਰਾਂ

ਪੱਛਮੀ ਬੰਗਾਲ ਦੇ ਟੀਐਮਸੀ ਆਗੂ ਦੇ ਘਰ ਹੋਇਆ ਧਮਾਕਾ

ਕੋਲਕਾਤਾ-ਪੱਛਮੀ ਬੰਗਾਲ ਵਿਚ ਪਿਛਲੇ 7 ਦਿਨਾਂ ਦੇ ਅੰਦਰ ਤੀਜਾ ਧਮਾਕਾ ਹੋਇਆ ਹੈ। ਬੀਰਭੂਮ ਜ਼ਿਲ੍ਹੇ ਵਿਚ ਕਥਿਤ ਤੌਰ ‘ਤੇ ਤ੍ਰਿਣਮੂਲ ਕਾਂਗਰਸ ਦੇ ਇਕ ਸਥਾਨਕ ਆਗੂ ਦੇ ਘਰ ਵਿਚ ਹੋਏ ਤਾਜ਼ਾ ਧਮਾਕੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਸੂਬੇ ਦੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਬਜਬਜ ਇਲਾਕੇ ਵਿਚ ਐਤਵਾਰ ਨੂੰ ਨਾਜਾਇਜ਼ ਪਟਾਕਾ ਕਾਰਖ਼ਾਨੇ ਵਿਚ ਹੋਏ ਧਮਾਕੇ ਵਿਚ ਇਕ ਨਾਬਾਲਗ ਤੇ ਦੋ ਔਰਤਾਂ ਦੀ ਮੌਤ ਹੋ ਗਈ ਤੇ ਕਈ ਲੋਕ ਝੁਲਸ ਗਏ ਸਨ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਵਿਚ ਘੱਟੋ-ਘੱਟ 30 ਲੋਕਾਂ ਨੂੰ ਇਲਾਕੇ ਵਿਚ ਨਾਜਾਇਜ਼ ਤੌਰ ‘ਤੇ ਪਟਾਕੇ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਤੇ ਛਾਪੇਮਾਰੀ ਦੌਰਾਨ ਵੱਖ-ਵੱਖ ਘਰਾਂ ਤੋਂ ਭਾਰੀ ਮਾਤਰਾ ਵਿਚ ਵਿਸਫੋਟਕ ਜ਼ਬਤ ਕੀਤੇ।
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ ਦੇ ਬਿਆਨ ਦਾ ਵਿਰੋਧ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਜ਼ਬਤ ਕੀਤੇ ਗਏ ਵਿਸਫੋਟਕ “ਕਾਨੂੰਨੀ ਤੌਰ ‘ਤੇ ਖਰੀਦੇ ਗਏ ਸਨ” ਅਤੇ ਉਨ੍ਹਾਂ ਕੋਲ ਪਟਾਕੇ ਬਣਾਉਣ ਦੇ ਲਾਇਸੰਸ ਸਨ। ਇਲਾਕੇ ਵਿਚ ਇਕ ਪਟਾਕੇ ਬਣਾਉਣ ਵਾਲੀ ਇਕਾਈ ਦੇ ਮਾਲਕ ਸਜਲ ਦਾਸ ਨੇ ਕਿਹਾ, “ਇਹ ਤਸ਼ੱਦਦ ਹੈ। ਅਸੀਂ ਪਟਾਕੇ ਬਣਾਉਣ ਦੇ ਲਾਇਸੰਸਧਾਰਕ ਹਾਂ। ਪੁਲਸ ਨੇ ਸਾਡੇ ਕੋਲੋਂ ਜੋ ਵਿਸਫੋਟਕ ਜ਼ਬਤ ਕੀਤਾ ਹੈ, ਉਹ ਅਸੀਂ ਕਾਨੂੰਨੀ ਤੌਰ ‘ਤੇ ਖਰੀਦਿਆ ਹੈ। ਇਹ ਗਲਤ ਢੰਗ ਨਾਲ ਜ਼ਬਤ ਕੀਤਾ ਗਿਆ ਹੈ। ਅਸੀਂ ਗਰੀਬ ਹਾਂ। ਇਹ ਯਕੀਨੀ ਤੌਰ ‘ਤੇ ਸਾਡੀ ਰੋਜ਼ੀ-ਰੋਟੀ ਨੂੰ ਤਬਾਹ ਕਰ ਦੇਵੇਗਾ।”

Comment here