ਚਲੰਤ ਮਾਮਲੇਦੁਨੀਆਮਨੋਰੰਜਨ

ਪੰਜਾਬ ਦੀ ਸੁਰੀਲੀ ਅਵਾਜ਼ ਲੋਕ ਗਾਇਕਾ ਗੁਲਸ਼ਨ ਕੋਮਲ

ਸੱਠਵਿਆਂ ਦੇ ਦੂਜੇੇ ਅੱਧ ਤੋਂ ਸ਼ੁਰੂ ਹੋ ਕੇ ਅੱਸੀਵਿਆਂ ਦੇ ਦਹਾਕੇ ਤੱਕ ਦੀ ਗਾਇਕੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦਹਾਕੇ ਦੀ ਦੋਗਾਣਾ ਗਾਇਕੀ ਨੇ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ ਸੀ। ਇਹ ਉਹ ਸਮਾਂ ਸੀ ਜਦੋਂ ਹਰ ਗਾਇਕ ਤੇ ਗਾਇਕਾ ਸੈੱਟ ਬਣਾ ਕੇ ਗਾਇਕੀ ਦੇ ਪਿੜ ਵਿੱਚ ਆਇਆ ਕਰਦੇ ਸਨ। ਅਖਾੜਾ ਗਾਇਕੀ ਦੇ ਉਸ ਦੌਰ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਗੁਲਸ਼ਨ ਕੋਮਲ ਨਾਂ ਦੀ ਇੱਕ ਅਜਿਹੀ ਆਵਾਜ਼ ਨੇ ਦਸਤਕ ਦਿੱਤੀ ਜਿਸ ਦੀ ਸੁਰੀਲੀ ਅਤੇ ਬੁਲੰਦ ਆਵਾਜ਼ ਨੇ ਪੰਜਾਬੀ ਸੰਗੀਤ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ। ਠੇਠ ਪੰਜਾਬੀ ਲਹਿਜੇ ਵਿੱਚ ਗਾਉਣ ਵਾਲੀ ਗੁਲਸ਼ਨ ਕੋਮਲ ਨੇ ਅਣਗਿਣਤ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ।
ਸ਼ਹਿਰ ਕਪੂਰਥਲੇ ਦੇ ਰਹਿਣ ਵਾਲੇ ਸ. ਸਾਧੂ ਸਿੰਘ ਵਿਰਦੀ ਅਤੇ ਮਾਤਾ ਕ੍ਰਿਸ਼ਨਾ ਕੁਮਾਰੀ ਦੇ ਘਰ 18 ਮਾਰਚ 1948 ਨੂੰ ਗੁਲਸ਼ਨ ਕੋਮਲ ਦਾ ਜਨਮ ਹੋਇਆ। ਉਸ ਨੂੰ ਸੰਗੀਤ ਨਾਲ ਬਚਪਨ ਤੋਂ ਹੀ ਬਹੁਤ ਲਗਾਓ ਸੀ। ਉਹ ਅਜੇ ਬਹੁਤ ਛੋਟੀ ਸੀ ਜਦੋਂ ਉਸ ਦੇ ਪਿਤਾ ਜੀ ਘਰ ਵਿੱਚ ਇੱਕ ਰੇਡੀਓ ਲੈ ਕੇ ਆਏ ਜਿਸ ’ਤੇ ਵੱਜਦੇ ਲਤਾ ਮੰਗੇਸ਼ਕਰ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗੀਤਾਂ ਨੇ ਉਸ ਨੂੰ ਆਪਣੇ ਵੱਲ ਖਿੱਚਿਆ। ਉਹ ਲਤਾ ਮੰਗੇਸ਼ਕਰ ਦੇ ਹਿੰਦੀ ਫਿਲਮੀ ਗੀਤ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਪੰਜਾਬੀ ਲੋਕ ਗੀਤ ਬਹੁਤ ਸ਼ੌਕ ਨਾਲ ਸੁਣਦੀ ਸੀ। ਲਤਾ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗੀਤਾਂ ਨੂੰ ਗਾਉਣ ਦਾ ਅਭਿਆਸ ਕਰਦੇ ਕਰਦੇ ਹੀ ਬਗੈਰ ਕਿਸੇ ਉਸਤਾਦ ਦੀ ਸੰਗੀਤਕ ਸਿੱਖਿਆ ਗੁਲਸ਼ਨ ਸੁਰ ਅਤੇ ਤਾਲ ਦੀ ਪੱਕੀ ਧਾਰਨੀ ਬਣ ਗਈ। ਕਪੂਰਥਲਾ ਵਿੱਚ ਲੜਕੀਆਂ ਦੇ ਸਕੂਲ ਹਿੰਦੂ ਪੁੱਤਰੀ ਪਾਠਸ਼ਾਲਾ ਵਿੱਚ ਪੜ੍ਹਦਿਆਂ ਗੁਲਸ਼ਨ ਸਕੂਲ ਵਿੱਚ ਹੁੰਦੇ ਸਹਿਵਿੱਦਿਅਕ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੀ ਸੀ।
ਮੈਟ੍ਰਿਕ ਕਰਨ ਉਪਰੰਤ ਗੁਲਸ਼ਨ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਦੀ ਨੌਕਰੀ ਕਰ ਲਈ। ਵੀਹ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਪੂਰਥਲੇ ਦੇ ਕੋਲ ਪੈਂਦੇ ਪਿੰਡ ਨਡਾਲੇ ਦੇ ਰਹਿਣ ਵਾਲੇ ਮਹਿੰਦਰ ਸਿੰਘ ਨਾਲ ਹੋ ਗਿਆ ਜੋ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰਦੇ ਸਨ। ਮਹਿੰਦਰ ਸਿੰਘ ਨੂੰ ਗੀਤਕਾਰੀ ਦਾ ਬੇਹੱਦ ਸ਼ੌਕ ਸੀ ਤੇ ਉਹ ਇੱਕ ਗੀਤਕਾਰ ਵਜੋਂ ਆਪਣੇ ਨਾਂ ਨਾਲ ਤਖੱਲਸ ਕੋਮਲ ਲਿਖਦਾ ਸੀ ਜਿਸ ਨੂੰ ਬਾਅਦ ਵਿੱਚ ਗੁਲਸ਼ਨ ਨੇ ਵੀ ਅਪਣਾ ਲਿਆ ਤੇ ਗਾਇਕੀ ਦੇ ਖੇਤਰ ਵਿੱਚ ਉਹ ਗੁਲਸ਼ਨ ਕੋਮਲ ਦੇ ਨਾਂ ਵਜੋਂ ਜਾਣੀ ਜਾਣ ਲੱਗੀ।
ਗਾਇਕੀ ਨੂੰ ਕਰੀਅਰ ਵਜੋਂ ਅਪਣਾਉਣ ਲਈ ਗੁਲਸ਼ਨ ਦੇ ਪਤੀ ਨੇ ਉਸ ਦਾ ਭਰਭੂਰ ਸਾਥ ਦਿੱਤਾ। ਗੁਲਸ਼ਨ ਨੇ ਗ਼ਜ਼ਲ ਗਾਇਕ ਕੁਲਦੀਪ ਪ੍ਰਦੇਸੀ ਜੋ ਕਿ ਉਸ ਦੇ ਪਤੀ ਦੇ ਚੰਗੇ ਦੋਸਤ ਵੀ ਸਨ, ਨਾਲ ਪਹਿਲੀ ਵਾਰ ਸਟੇਜ ’ਤੇ ਗਾਉਣਾ ਆਰੰਭ ਕੀਤਾ। ਸੰਗੀਤ ਉਸਤਾਦ ਜਸਵੰਤ ਭੰਵਰਾ ਅਤੇ ਰਜਿੰਦਰ ਰਾਜਨ ਦੀ ਦਿੱਤੀ ਹੱਲਾਸ਼ੇਰੀ ਨਾਲ ਗੁਲਸ਼ਨ ਨੂੰ ਬਹੁਤ ਹੌਸਲਾ ਮਿਲਿਆ ਅਤੇ ਗਾਇਕੀ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਉਹ ਆਪਣੇ ਪਤੀ ਨਾਲ ਪਿੰਡ ਨਡਾਲਾ ਛੱਡ ਕੇ ਪੱਕੇ ਤੌਰ ’ਤੇ ਲੁਧਿਆਣੇ ਆ ਵੱਸੀ। ਲੁਧਿਆਣਾ ਆ ਕੇ ਸ਼ੁਰੂ ਸ਼ੁਰੂ ਵਿੱਚ ਗੁਲਸ਼ਨ ਨੇ ਆਰਕੈਸਟਰਾ ਵਿੱਚ ਗਾਉਣਾ ਸ਼ੁਰੂ ਕੀਤਾ ਜਿਸ ਵਿੱਚ ਹਿੰਦੀ ਫਿਲਮੀ ਗੀਤ ਜ਼ਿਆਦਾ ਗਾਏ ਜਾਂਦੇ ਸਨ।
ਉਹ ਮਸ਼ਹੂਰ ਗੀਤਕਾਰ ਅਤੇ ਗਾਇਕ ਸਾਜਨ ਰਾਇਕੋਟੀ ਦੇ ਭਰਾ ਯਸ਼ ਲੁਧਿਆਣਵੀ ਨਾਲ ਆਰਕੈਸਟਰਾ ਪਾਰਟੀ ਵਿੱਚ ਬਤੌਰ ਗਾਇਕਾ ਵੱਖ ਵੱਖ ਥਾਵਾਂ ’ਤੇ ਸੰਗੀਤਕ ਪ੍ਰੋਗਰਾਮਾਂ ਲਈ ਜਾਂਦੀ ਸੀ। ਇੱਕ ਵਾਰ ਗੁਲਸ਼ਨ ਅਤੇ ਯਸ਼ ਲੁਧਿਆਣਵੀ ਦਿੱਲੀ ਆਰਕੈਸਟਰਾ ਪ੍ਰੋਗਰਾਮ ਲਈ ਗਏ ਤਾਂ ਪ੍ਰੋਗਰਾਮ ਤੋਂ ਵਿਹਲੇ ਹੋ ਕੇ ਗੁਲਸ਼ਨ ਅਤੇ ਯਸ਼ ਲੁਧਿਆਣਵੀ ਨੇ ਸੰਗੀਤਕ ਕੰਪਨੀ ਐੱਚਐੱਮਵੀ ਦੇ ਸਟੂਡੀਓ ਜਾਣ ਦਾ ਮਨ ਬਣਾਇਆ। ਸਟੂਡੀਓ ਪਹੁੰਚ ਕੇ ਇਨ੍ਹਾਂ ਦੀ ਮੁਲਾਕਾਤ ਕੰਪਨੀ ਹੈੱਡ ਜ਼ਹੀਰ ਅਹਿਮਦ ਨਾਲ ਹੋਈ। ਗੁਲਸ਼ਨ ਅਤੇ ਯਸ਼ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਤਿੰਨ ਗੀਤ ਜ਼ਹੀਰ ਅਹਿਮਦ ਨੂੰ ਸੁਣਾਏ ਜੋ ਉਨ੍ਹਾਂ ਨੂੰ ਬੇਹੱਦ ਪਸੰਦ ਆਏ ਜਨਿ੍ਹਾਂ ਵਿੱਚੋਂ ਦੋ ਗੀਤਾਂ ਦੀ ਰਿਕਾਡਿੰਗ ਕਰ ਲਈ ਗਈ। ਸੰਨ 1975 ਵਿੱਚ ਰਿਲੀਜ਼ ਹੋਏ ਇਹ ਦੋ ਗੀਤ ਈਪੀ ਤ1ਵੇ ਦੇ ਰੂਪ ਵਿੱਚ ਆਏ ਜਿਸ ਵਿੱਚ ਦੋ ਗੀਤ ਗੁਲਸ਼ਨ ਅਤੇ ਯਸ਼ ਲੁਧਿਆਣਵੀ ਦੇ ਗਾਏ ਹੋਏ ਸਨ ਅਤੇ ਦੋ ਗੀਤ ਕਿਸੇ ਹੋਰ ਗਾਇਕਾਂ ਦੇ। ਗੁਲਸ਼ਨ ਅਤੇ ਯਸ਼ ਦੇ ਇਨ੍ਹਾਂ ਦੋ ਗੀਤਾਂ ਵਿੱਚੋਂ ਇੱਕ ਗੀਤ ਜੋ ਕਾਫ਼ੀ ਪਸੰਦ ਕੀਤਾ ਗਿਆ ਸੀ ਜਿਸ ਦੇ ਬੋਲ ਸਨ ‘ਆਹ ਚੱਕ ਆਪਣੀ ਨੱਥ ਮੱਛਲੀ, ਤੇ ਰੂਪ ਆਸਾਡਾ ਮੋੜ ਦੇ।’
ਪਹਿਲਾ ਤਵਾ ਰਿਕਾਰਡ ਹੋਣ ਨਾਲ ਗੁਲਸ਼ਨ ਦੀ ਐੱਚਐੱਮਵੀ ਕੰਪਨੀ ਵਿੱਚ ਪਹਿਚਾਣ ਬਣ ਗਈ। ਇਸ ਨਾਲ ਉਸ ਨੂੰ ਇਹ ਫਾਇਦਾ ਹੋਇਆ ਕਿ ਕਈ ਨਾਮੀ ਪੰਜਾਬੀ ਲੋਕ ਗਾਇਕਾਂ ਨੇ ਉਸ ਨੂੰ ਆਪਣੇ ਨਾਲ ਦੋਗਾਣਾ ਜੋੜੀ ਵਜੋਂ ਗਾਉਣ ਦਾ ਸੱਦਾ ਦਿੱਤਾ। ਇਸੇ ਦੌਰਾਨ ਗਾਇਕੀ ਵਿੱਚ ਆਪਣੇ ਆਪ ਨੂੰ ਪਰਿਪੱਕ ਕਰਨ ਲਈ ਗੁਲਸ਼ਨ ਨੇ ਜਲੰਧਰ ਦੂਰਦਰਸ਼ਨ ਦੇ ਸੰਗੀਤ ਵਿਭਾਗ ਦੇ ਮੁਖੀ ਬਲਬੀਰ ਸਿੰਘ ਕਲਸੀ ਨੂੰ ਬਾਕਾਇਦਾ ਆਪਣਾ ਉਸਤਾਦ ਧਾਰਿਆ ਅਤੇ ਉਨ੍ਹਾਂ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਆਪਣੇ ਪਹਿਲੇ ਈਪੀ ਰਿਕਾਰਡ ਆਉਣ ਤੋਂ ਬਾਅਦ ਉਸ ਨੇ ਆਰਕੈਸਟਰਾ ਵਿੱਚ ਗਾਉਣਾ ਛੱਡ ਦਿੱਤਾ ਅਤੇ ਪੰਜਾਬੀ ਲੋਕ ਗਾਇਕੀ ਵਿੱਚ ਆਪਣੇ ਸੰਗੀਤਕ ਸਫ਼ਰ ਦਾ ਆਗਾਜ਼ ਕੀਤਾ ਅਤੇ ਅਖਾੜਾ ਗਾਇਕੀ ਨੂੰ ਪੂਰੀ ਤਰ੍ਹਾਂ ਅਪਣਾ ਲਿਆ। ਛੇਤੀ ਹੀ ਉਸ ਦਾ ਸ਼ੁਮਾਰ ਪੰਜਾਬੀ ਲੋਕ ਗਾਇਕੀ ਦੀਆਂ ਨਾਮਵਰ ਗਾਇਕਾਵਾਂ ਵਿੱਚ ਹੋਣ ਲੱਗਾ।
ਗੁਲਸ਼ਨ ਕੋਮਲ ਨੇ ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਨਾਲ ਬਹੁਤ ਸਾਰੇ ਦੋਗਾਣੇ ਗਾਏ। ਸੰਨ 1975 ਵਿੱਚ ਕੈਪਕੋ ਇੰਟਰਨੈਸ਼ਨਲ ਕੰਪਨੀ ਦਿੱਲੀ ਵੱਲੋਂ ਇਨ੍ਹਾਂ ਦੀ ਆਵਾਜ਼ ਨੂੰ ਰਿਕਾਰਡ ਕਰਨ ਦਾ ਮਨ ਬਣਾਇਆ ਗਿਆ। ਇਹ ਉਹ ਤਵਾ ਰਿਕਾਰਡ ਸੀ ਜਿਸ ਦੇ ਲਗਭਗ ਸਾਰੇ ਗੀਤ ਬਹੁਤ ਮਕਬੂਲ ਹੋਏ ਸਨ। ‘ਜੱਟੀਏ ਜੇ ਹੋਗੀ ਸਾਧਣੀ’ ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਤਵੇ ਵਿੱਚ ਗੁਲਸ਼ਨ ਦਾ ਗਾਇਆ ਇੱਕ ਸੋਲੋ ਗੀਤ ਬਹੁਤ ਮਸ਼ਹੂਰ ਹੋਇਆ। ਇਹ ਗੀਤ ਗੁਲਸ਼ਨ ਕੋਮਲ ਦੇ ਗਾਇਕੀ ਕਰੀਅਰ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣਾ ਵਾਲਾ ਗੀਤ ਬਣਿਆ ਅਤੇ ਨਾਲ ਹੀ ਇਸ ਗੀਤ ਕਰਕੇ ਅੱਜ ਵੀ ਗੁਲਸ਼ਨ ਕੋਮਲ ਨੂੰ ਪਹਿਚਾਣਿਆ ਜਾਂਦਾ ਹੈ। ਇਹ ਸਦਾਬਹਾਰ ਗੀਤ ਗੁਲਸ਼ਨ ਕੋਮਲ ਦੇ ਪਤੀ ਮਹਿੰਦਰ ਸਿੰਘ ਕੋਮਲ ਦਾ ਲਿਖਿਆ ਹੋਇਆ ਸੀ ਤੇ ਇਸ ਦੀ ਧੁਨ ਵੀ ਮਹਿੰਦਰ ਸਿੰਘ ਕੋਮਲ ਨੇ ਹੀ ਬਣਾਈ ਸੀ। ਗੀਤ ਦੇ ਬੋਲ ਹਨ ‘ਕੱਢਣਾ ਰੁਮਾਲ ਦੇ ਗਿਓ ਵੇ ਆਪ ਬਹਿ ਗਿਓ ਵਲਾਇਤ ਵਿੱਚ ਜਾ ਕੇ’।
ਯਸ਼ ਲੁਧਿਆਣਵੀ ਨਾਲ ਪਹਿਲਾ ਗੀਤ ਰਿਕਾਰਡ ਕਰਾਉਣ ਤੋਂ ਬਾਅਦ ਹੋਰ ਜਨਿ੍ਹਾਂ ਗਾਇਕਾ ਨਾਲ ਗੁਲਸ਼ਨ ਕੋਮਲ ਦੇ ਰਿਕਾਰਡ ਹੋਏ ਗੀਤ ਮਿਲਦੇ ਹਨ ਉਨ੍ਹਾਂ ਵਿੱਚੋਂ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਕਰਨੈਲ ਗਿੱਲ, ਜਗਜੀਤ ਜੀਰਵੀ, ਕੁਲਦੀਪ ਪਾਰਸ, ਹਰਦਿਆਲ ਪਰਵਾਨਾ ਦੇ ਨਾਂ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਉਂਦੇ ਹਨ। ਅਖਾੜਾ ਗਾਇਕੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਲਸ਼ਨ ਕੋਮਲ ਨੇ ਕਿਸੇ ਇੱਕ ਗਾਇਕ ਨਾਲ ਪੱਕਾ ਸੈੱਟ ਨਹੀਂ ਬਣਾਇਆ ਸੀ ਜਿਵੇਂ ਉਨ੍ਹਾਂ ਦਨਿਾਂ ਵਿੱਚ ਮਸ਼ਹੂਰ ਦੋਗਾਣਾ ਜੋੜੀਆਂ ਹੁੰਦੀਆਂ ਸਨ। ਯਸ਼ ਲੁਧਿਆਣਵੀ ਤੋਂ ਬਾਅਦ ਜਨਿ੍ਹਾਂ ਲੋਕ ਗਾਇਕਾਂ ਨਾਲ ਗੁਲਸ਼ਨ ਨੇ ਸਟੇਜ ’ਤੇ ਗਾਉਣਾ ਸ਼ੁਰੂ ਕੀਤਾ ਉਨ੍ਹਾਂ ਵਿੱਚ ਲੋਕ ਗਾਇਕ ਕੁਲਦੀਪ ਮਾਣਕ ਨਾਲ ਉਸ ਨੇ ਸਭ ਤੋਂ ਪਹਿਲਾਂ ਗਾਉਣਾ ਸ਼ੁਰੂ ਕੀਤਾ ਅਤੇ ਲਗਭਗ ਡੇਢ ਦੋ ਸਾਲ ਇਹ ਜੋੜੀ ਅਖਾੜਾ ਗਾਇਕੀ ਵਿੱਚ ਸਰਗਰਮ ਰਹੀ। ਇਸ ਦੌਰਾਨ ਗੁਲਸ਼ਨ ਕੋਮਲ ਅਤੇ ਕੁਲਦੀਪ ਮਾਣਕ ਦੇ ਰਿਕਾਰਡ ਕੀਤੇ ਕਈ ਗੀਤ ਬਹੁਤ ਹਿੱਟ ਹੋਏ, ਪਰ ਇਨ੍ਹਾਂ ਦੀ ਜੋੜੀ ਪੱਕੀ ਨਾ ਬਣ ਸਕੀ। ਕੁਲਦੀਪ ਮਾਣਕ ਤੋਂ ਬਾਅਦ ਉਸ ਨੇ ਸੁਰਿੰਦਰ ਛਿੰਦੇ ਨਾਲ ਗਾਉਣਾ ਸ਼ੁਰੂ ਕੀਤਾ। ਸਭ ਤੋਂ ਵੱਧ ਅਖਾੜਾ ਗਾਇਕੀ ਵਿੱਚ ਜੇਕਰ ਕਿਸੇ ਗਾਇਕ ਨਾਲ ਗੁਲਸ਼ਨ ਨੇ ਗਾਇਆ ਤਾਂ ਉਹ ਸੁਰਿੰਦਰ ਛਿੰਦੇ ਨਾਲ ਲਗਭਗ ਦਸ ਸਾਲ ਤੱਕ ਗਾਇਆ। ਉਸ ਦੇ ਸਭ ਤੋਂ ਵੱਧ ਗੀਤਾਂ ਦੀ ਰਿਕਾਰਡਿੰਗ ਵੀ ਸੁਰਿੰਦਰ ਛਿੰਦੇ ਨਾਲ ਹੀ ਮਿਲਦੀ ਹੈ। ਇਸ ਤੋਂ ਬਾਅਦ ਗੁਲਸ਼ਨ ਅਤੇ ਕਰਨੈਲ ਗਿੱਲ ਵੀ ਦੋ ਕੁ ਸਾਲ ਇਕੱਠੇ ਗਾਉਂਦੇ ਰਹੇ।
ਸੱਠ ਦੇ ਪਿਛਲੇ ਦਹਾਕੇ ਤੋਂ ਗਾਇਕੀ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਅੱਸੀ ਦੇ ਦਹਾਕੇ ਤੱਕ ਗੁਲਸ਼ਨ ਕੋਮਲ ਨੇ ਪੰਜਾਬੀ ਲੋਕ ਗਾਇਕੀ ਵਿੱਚ ਆਪਣਾ ਅਲੱਗ ਮੁਕਾਮ ਬਣਾਇਆ। ਪੰਜਾਬ ਦੇ ਹਰ ਸ਼ਹਿਰ ਕਸਬੇ ਅਤੇ ਪਿੰਡਾਂ ਵਿੱਚ ਗੁਲਸ਼ਨ ਦੀ ਆਵਾਜ਼ ਗੂੰਜੀ, ਬਾਹਰਲੇ ਦੇਸ਼ਾਂ ਜਨਿ੍ਹਾਂ ਵਿੱਚ ਇੰਗਲੈਡ, ਕੈਨੇਡਾ, ਅਮਰੀਕਾ, ਬੈਲਜੀਅਮ ਅਤੇ ਆਸਟਰੇਲੀਆ ਵਿੱਚ ਵੀ ਗੁਲਸ਼ਨ ਨੇ ਆਪਣੀ ਗਾਇਕੀ ਦੇ ਰੰਗ ਬਿਖੇਰੇ। ਲਗਭਗ ਤਿੰਨ ਦਹਾਕੇ ਤੱਕ ਗਾਉਣ ਤੋਂ ਬਾਅਦ ਉਸ ਨੇ ਗਾਇਕੀ ਨੂੰ ਅਲਵਿਦਾ ਆਖ ਦਿੱਤਾ ਤੇ ਆਸਟਰੇਲੀਆ ਵਿਆਹੀ ਆਪਣੀ ਧੀ ਕੋਲ ਜਾ ਵੱਸੀ।
ਨੱਬੇ ਦੇ ਦਹਾਕੇ ਵਿੱਚ ਪੰਜਾਬੀ ਗਾਇਕੀ ਨੂੰ ਅਲਵਿਦਾ ਆਖ ਚੁੱਕੀ ਗੁਲਸ਼ਨ ਕੋਮਲ 2018 ਵਿੱਚ ਇੱਕ ਵਾਰ ਫਿਰ ਗਾਇਕੀ ਦੇ ਖੇਤਰ ਵਿੱਚ ਦੁਬਾਰਾ ਸਰਗਰਮ ਹੋਈ। ਜਦੋਂ ਉਸ ਦਾ ਗੀਤ ‘ਅਣਜੰਮੀਆਂ ਧੀਆਂ’ ਰਿਲੀਜ਼ ਹੋਇਆ ਜਿਸ ਨੂੰ ਬੇਹੱਦ ਪਸੰਦ ਕੀਤਾ ਗਿਆ। ਹਾਲ ਹੀ ਵਿੱਚ ਉਸ ਦਾ ਨਵਾਂ ਦੋਗਾਣਾ ‘ਡਿਮਾਂਡ’ ਰਿਲੀਜ਼ ਹੋਇਆ ਜਿਸ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸ਼ਾਮ ਹੀਰ ਸਤਵੀਰ ਦਾ ਲਿਖਿਆ, ਸੰਗੀਤਬੱਧ ਕੀਤਾ ਅਤੇ ਗੁਲਸ਼ਨ ਕੋਮਲ ਅਤੇ ਸ਼ਾਮ ਹੀਰ ਸਤਵੀਰ ਦੀਆਂ ਆਵਾਜ਼ਾਂ ਵਿੱਚ ਗਾਇਆ ਇਹ ਗੀਤ ਜਿਸ ਦੇ ਬੋਲ ਹਨ ‘ਜੇਠ ਤਪਾਉਂਦਾ ਏ, ਸ਼ਿਮਲੇ ਲੈ ਕੇ ਜਾ ਸੱਜਣਾ’ ਸਰੋਤਿਆਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਲੁਧਿਆਣਾ ਸ਼ਹਿਰ ਵਿਖੇ ਆਪਣੇ ਪੁੱਤਰ, ਨੂੰਹ ਅਤੇ ਪੋਤੇ-ਪੋਤੀਆਂ ਨਾਲ ਸੁਖੀ ਪਰਿਵਾਰਕ ਜ਼ਿੰਦਗੀ ਮਾਣ ਰਹੀ ਗੁਲਸ਼ਨ ਕੋਮਲ ਆਪਣੀ ਗਾਇਕੀ ਦੇ ਮੌਜੂਦਾ ਦੌਰ ਤੋਂ ਬੇਹੱਦ ਖੁਸ਼ ਅਤੇ ਸੰਤੁਸ਼ਟ ਹੈ। ਉਸ ਦੀ ਗਾਇਕੀ ਨੂੰ ਪੁਰਾਣੀ ਪੀੜ੍ਹੀ ਦੇ ਨਾਲ ਨਾਲ ਨਵੀਂ ਪੀੜ੍ਹੀ ਵੀ ਪਸੰਦ ਕਰ ਰਹੀ ਹੈ।

– ਅੰਗਰੇਜ਼ ਸਿੰਘ ਵਿਰਦੀ

Comment here