ਸਿਆਸਤਖਬਰਾਂਦੁਨੀਆ

ਪਾਕਿ ਫ਼ੌਜ ਤਸ਼ੱਦਦ ਤੋਂ ਤੰਗ ਆਏ ਕਸ਼ਮੀਰੀ ਨੇ ਮੋਦੀ ਤੋਂ ਮੰਗੀ ਮਦਦ

ਮੁਜ਼ੱਫਰਾਬਾਦ-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਰਹਿਣ ਵਾਲੇ ਇਕ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਮਲਿਕ ਵਸੀਮ ਨਾਂ ਦੇ ਇਸ ਵਿਅਕਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ।
ਟਵਿਟਰ ‘ਤੇ ਇਸ ਵੀਡੀਓ ‘ਚ ਮੁਜ਼ੱਫਰਾਬਾਦ ਦਾ ਰਹਿਣ ਵਾਲਾ ਮਲਿਕ ਵਸੀਮ ਕਹਿ ਰਿਹਾ ਹੈ ਕਿ ਨਰਿੰਦਰ ਮੋਦੀ ਆ ਕੇ ਸਾਨੂੰ ਇਸ ਜ਼ੁਲਮ ਤੋਂ ਛੁਟਕਾਰਾ ਦਿਵਾਓ। ਦਰਅਸਲ ਇਸ ਵਿਅਕਤੀ ਨੇ ਦੱਸਿਆ ਕਿ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਸਾਡੇ ਘਰ ਨੂੰ ਸੀਲ ਕਰ ਦਿੱਤਾ ਹੈ ਅਤੇ ਸਾਨੂੰ ਘਰੋਂ ਕੱਢ ਦਿੱਤਾ ਹੈ। ਮੇਰੇ ਬੱਚੇ ਅਤੇ ਬਾਕੀ ਪਰਿਵਾਰ ਮੀਂਹ ਵਿੱਚ ਸੜਕਾਂ ‘ਤੇ ਬੈਠੇ ਹਨ।
ਇਸ ਵਿਅਕਤੀ ਨੇ ਕਿਹਾ ਕਿ ਜੇਕਰ ਮੇਰੇ ਨਾਲ ਕੁਝ ਗਲਤ ਹੁੰਦਾ ਹੈ ਤਾਂ ਇਸ ਦੇ ਲਈ ਮੁਜ਼ੱਫਰਾਬਾਦ ਦੇ ਕਮਿਸ਼ਨਰ ਅਤੇ ਤਹਿਸੀਲਦਾਰ ਜ਼ਿੰਮੇਵਾਰ ਹੋਣਗੇ। ਪੁਲਿਸ ਨੂੰ ਸਾਡੇ ਘਰ ਦਾ ਤਾਲਾ ਖੋਲ੍ਹ ਦੇਣਾ ਚਾਹੀਦਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਮੈਂ ਭਾਰਤ ਸਰਕਾਰ ਤੋਂ ਮਦਦ ਲੈਣ ਲਈ ਮਜਬੂਰ ਹੋਵਾਂਗਾ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਲੋਕਾਂ ਨੂੰ ਸਬਕ ਸਿਖਾਉਣ।
ਮਲਿਕ ਵਸੀਮ ਨੇ ਕਿਹਾ ਕਿ ਨਰਿੰਦਰ ਮੋਦੀ ਸਾਨੂੰ ਪਾਕਿਸਤਾਨੀ ਸਰਕਾਰ ਅਤੇ ਪ੍ਰਸ਼ਾਸਨ ਦੇ ਇਨ੍ਹਾਂ ਅੱਤਿਆਚਾਰਾਂ ਤੋਂ ਬਚਾਉ। ਇਸ ਇਲਾਕੇ ਵਿੱਚ ਮੌਜੂਦ ਜ਼ਿਆਦਾਤਰ ਜਾਇਦਾਦ ਭਾਰਤ ਅਤੇ ਸਿੱਖਾਂ ਨਾਲ ਸਬੰਧਤ ਲੋਕਾਂ ਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ ਵਿੱਚ ਸਥਾਨਕ ਨਾਗਰਿਕਾਂ ‘ਤੇ ਪਾਕਿਸਤਾਨੀ ਫੌਜ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਨੇ ਅੰਤਰਰਾਸ਼ਟਰੀ ਮੰਚਾਂ ‘ਤੇ ਇਸ ਗੱਲ ਨੂੰ ਵਾਰ-ਵਾਰ ਦੁਹਰਾਇਆ ਹੈ।

Comment here