ਇਸਲਾਮਾਬਾਦ-ਪਾਕਿਸਤਾਨ ਵਿੱਚ ਘੱਟ ਗਿਣਤੀ ਸੁਰੱਖਿਅਤ ਨਹੀਂ ਹਨ, ਆਏ ਦਿਨ ਜੁਰਮ ਦਾ ਸ਼ਿਕਾਰ ਹੋ ਰਹੇ ਹਨ। ਹੁਣ ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਸੁਜਾਵਲ ਵਿਚ ਅਣਪਛਾਤੇ ਦੋਸ਼ੀਆਂ ਨੇ ਇਕ ਹਿੰਦੂ ਵਿਅਕਤੀ ਦਾ ਕਤਲ ਕਰ ਉਸ ਦੀ ਲਾਸ਼ ਛੱਤ ਦੇ ਪੱਖੇ ਨਾਲ ਲਟਕਾ ਦਿੱਤੀ। ਮ੍ਰਿਤਕ ਦੇ ਹੱਥ, ਪੈਰ ਰੱਸੀ ਨਾਲ ਬੰਨੇ ਹੋਏ ਸਨ। ਸੂਤਰਾਂ ਅਨੁਸਾਰ ਸੂਰਜ ਰਾਈਲ ਮਿੱਲ ਸੁਜਾਵਲ ਵਿਚ ਬੀਤੇ 5 ਸਾਲ ਤੋਂ ਨਰੇਸ਼ ਕੁਮਾਰ ਮੈਨੇਜਰ ਦੇ ਰੂਪ ਵਿਚ ਕੰਮ ਕਰ ਰਿਹਾ ਸੀ। ਨਰੇਸ਼ ਕੁਮਾਰ ਕਾਫੀ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਅਤੇ ਕਰਮਚਾਰੀਆਂ ਨਾਲ ਚੰਗਾ ਵਿਵਹਾਰ ਰੱਖਦਾ ਸੀ। ਉਸ ਦੀ ਲਾਸ਼ ਰਾਈਲ ਮਿੱਲ ਦੇ ਦਫ਼ਤਰ ’ਚ ਛੱਤ ਨਾਲ ਲੱਗੇ ਪੱਖੇ ਨਾਲ ਲਟਕਦੀ ਹੋਈ ਮਿਲੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਜਦ ਲਾਸ਼ ਨੂੰ ਹੇਠਾਂ ਉਤਾਰਿਆ ਗਿਆ ਤਾਂ ਨਰੇਸ਼ ਕੁਮਾਰ ਦੇ ਹੱਥ ਅਤੇ ਪੈਰ ਰੱਸੀ ਨਾਲ ਬੰਨੇ ਹੋਏ ਸੀ। ਇਸ ਤੋਂ ਇਹ ਸਪਸ਼ੱਟ ਸੀ ਕਿ ਨਰੇਸ਼ ਕੁਮਾਰ ਨੇ ਆਤਮ ਹੱਤਿਆ ਨਹੀਂ ਕੀਤੀ, ਬਲਕਿ ਉਸ ਦਾ ਕਤਲ ਕਰਕੇ ਲਾਸ਼ ਨੂੰ ਪੱਖੇ ਨਾਲ ਲਟਕਾਇਆ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਸ਼ੈਲਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਦੋ ਦੋਸ਼ੀਆਂ ਦੀ ਪਛਾਣ ਕਰ ਲਈ ਹੈ, ਪਰ ਅਜੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਹਿੰਦੂ ਭਾਈਚਾਰੇ ਵਿੱਚ ਸਹਿਮ ਤੇ ਗੁੱਸੇ ਦਾ ਆਲਮ ਹੈ।
ਪਾਕਿ ਚ ਸ਼ੈਲਰ ਦੇ ਹਿੰਦੂ ਮੈਨੇਜਰ ਦਾ ਕਤਲ, ਲਾਸ਼ ਪੱਖੇ ਨਾਲ ਟੰਗੀ


Comment here