ਸਿਆਸਤਖਬਰਾਂ

ਪਾਕਿਸਤਾਨ ਨੇ ਪੰਜਾਬ ‘ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਬਕ ਸਿਖਾਵਾਂਗੇ-ਕੈਪਟਨ

ਅੰਮ੍ਰਿਤਸਰ- ਅੱਜ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਚ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ। ਡੀਜੀਪੀ ਦਿਨਕਰ ਗੁਪਤਾ ਨੇ ਪਰੇਡ ਦੀ ਜਨਰਲ ਸਲਾਮੀ ਲਈ। ਇਸ ਮੌਕੇ ਕੈਪਟਨ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਵੱਡੀ ਗਿਣਤੀ ‘ਚ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ ਦੇ ਫੌਜੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਦੇਸ਼ ਡਰੋਨ, ਹਥਿਆਰ, ਆਰਡੀਐਕਸ ਤੇ ਨਸ਼ੀਲੇ ਪਦਾਰਥ ਭੇਜ ਕੇ ਗੜਬੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੂੰ ਅਜਿਹਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਕਿ ਉਸ ਨੂੰ ਭਾਰਤ ਦੀ ਤਾਕਤ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਸੈਲੂਲਰ ਜੇਲ੍ਹ ਵਿਚ ਜਿਨ੍ਹਾਂ ਪੰਜਾਬੀਆਂ ਦੀ ਕੈਦ ਕੱਟਣ ਦੌਰਾਨ ਮੌਤ ਹੋਈ, ਦੀ ਯਾਦ ਵਿਚ ਪੰਜਾਬ ਵਿਚ ਮੈਮੋਰੀਅਲ ਬਣਾਇਆ ਜਾਵੇਗਾ, ਜਿਥੇ ਉਨ੍ਹਾਂ ਦੇ ਨਾਂ ਲਿਖੇ ਹੋਣਗੇ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਹਰ ਹਾਲਤ ਵਿੱਚ ਬਹਾਲ ਰੱਖਿਆ ਜਾਵੇਗਾ। ਪੰਜਾਬ ਵਿੱਚੋਂ ਗੈਂਗਸਟਰਾਂ ਦਾ ਸਫਾਇਆ ਕਰ ਦਿੱਤਾ ਜਾਵੇਗਾ। ਬਹੁਤ ਸਾਰੇ ਗੈਂਗਸਟਰ ਵਿਦੇਸ਼ਾਂ ਵਿਚੋਂ ਗ੍ਰਿਫ਼ਤਾਰ ਕਰ ਕੇ ਲਿਆਂਦੇ ਗਏ ਹਨ ਤੇ ਹੋਰਨਾਂ ਨੂੰ ਵੀ ਗ੍ਰਿਫਤਾਰ ਕਰ ਕੇ ਵਾਪਸ ਲਿਆਂਦਾ ਜਾਵੇਗਾ। ਪੰਜਾਬ ਵਿੱਚੋਂ ਅਤਿਵਾਦ ਦੇ ਬਹੁਤ ਸਾਰੇ ਮਾਡਿਊਲਾਂ ਨੂੰ ਤੋੜਿਆ ਗਿਆ ਹੈ ਤੇ ਬਹੁਤ ਸਾਰੇ ਨਸ਼ੀਲੇ ਪਦਾਰਥ ਵੀ ਫੜੇ ਗਏ ਹਨ। ਇਸ ਮੌਕੇ ਉਨ੍ਹਾਂ ਪਿਛਲੇ ਦਸ ਸਾਲ ਤੋਂ ਨੌਕਰੀ ਕਰ ਰਹੇ ਕੱਚੇ ਸਫਾਈ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਆਂਗਨਵਾੜੀ ਵਰਕਰਾਂ ਦਾ ਭੱਤਾ ਵਧਾਉਣ ਦਾ ਐਲਾਨ ਵੀ ਕੀਤਾ। ਕੈਪਟਨ ਨੇ ਇੱਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ।

Comment here