ਸਿਆਸਤਦੁਨੀਆ

ਨੇਪਾਲ ਦੇ ਪ੍ਰਧਾਨ ਮੰਤਰੀ ਕਰ ਸਕਦੇ ਭਾਰਤ ਦਾ ਦੌਰਾ

ਕਾਠਮੰਡੂ-ਨੇਪਾਲ ਦੀ ਕਮਿਊਨਿਸਟ ਪਾਰਟੀ (ਸੀ. ਪੀ. ਐੱਨ) (ਮਾਓਵਾਦੀ ਕੇਂਦਰ) ਦੇ 68 ਸਾਲਾ ਆਗੂ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਪਿਛਲੇ ਸਾਲ 26 ਦਸੰਬਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨੇਪਾਲੀ ਕਾਂਗਰਸ ਦੀ ਅਗਵਾਈ ਵਾਲੀ ਪ੍ਰੀ-ਪੋਲ ਗਠਜੋੜ ਨੂੰ ਛੱਡ ਕੇ ਵਿਰੋਧੀ ਧਿਰ ਦੇ ਨੇਤਾ ਕੇ.ਪੀ. ਸ਼ਰਮਾ ਉਲੀ ਨਾਲ ਹੱਥ ਮਿਲਾਇਆ ਸੀ। ਪ੍ਰਚੰਡ ਨੇ ਭਰੋਸੇ ਦੀ ਵੋਟ ਜਿੱਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਜਲਦ ਹੀ ਭਾਰਤ ਦੀ ਯਾਤਰਾ ਕਰਾਂਗਾ। ਉਨ੍ਹਾਂ ਕਿਹਾ ਕਿ ਇਸ ਲਈ ਕੂਟਨੀਤਕ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਪ੍ਰਚੰਡ ਨੇ ਅਧਿਕਾਰਤ ਨਿਵਾਸ ‘ਤੇ ਕਿਹਾ ਕਿ ਸਬੰਧਤ ਦੂਤਾਵਾਸ ਮੇਰੀ ਯਾਤਰਾ ਦੀਆਂ ਤਿਆਰੀਆਂ ਕਰ ਰਹੇ ਹਨ। ਹਾਲਾਂਕਿ ਨੇਪਾਲ ਸਰਕਾਰ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਫਿਲਹਾਲ ਯਾਤਰਾ ਦਾ ਪ੍ਰੋਗਰਾਮ ਅਜੇ ਤੈਅ ਨਹੀਂ ਹੋਇਆ।
ਇਸ ਸਬੰਧੀ ਗੱਲ ਕਰਦਿਆਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਹਮਰੁਤਬਾ ਨਾਲ ਤਾਲਮੇਲ ਕਰਕੇ ਤਾਰੀਖਾਂ ਅਤੇ ਵਿਸਤ੍ਰਿਤ ਸਮਾਂ-ਸਾਰਣੀ ਦੇ ਨਾਲ-ਨਾਲ ਫੇਰੀ ਦੇ ਏਜੰਡੇ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ‘ਚ ਕੰਮ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਗੁਆਂਢੀ ਦੇਸ਼ਾਂ ਦੀ ਯਾਤਰਾ ਕਰਨਾ ਇਕ ਪ੍ਰਕਿਰਿਆ ਹੈ। ਪ੍ਰਚੰਡ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਭਾਰਤ ਦੇ ਅਧਿਕਾਰਤ ਦੌਰੇ ਵੀ ਕੀਤੇ ਸਨ।

Comment here