ਸਿਹਤ-ਖਬਰਾਂਖਬਰਾਂਦੁਨੀਆ

ਤੇਜ਼ੀ ਨਾਲ ਫੈਲ ਰਿਹਾ ਓਮੀਕ੍ਰੋਨ, ਚਿੰਤਾ ਵਧੀ

ਵਾਸ਼ਿੰਗਟਨ-ਵਿਸ਼ਵ ਭਰ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਵੇਰੀਐਂਟ ਓਮੀਕ੍ਰੋਨ ਦੁਨੀਆ ਦੇ ਕਈ ਮੁਲਕਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਭਾਵ ਡਬਲਯੂਐੱਚਓ ਨੇ ਦੱਸਿਆ ਕਿ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਹੁਣ ਤਕ 57 ਦੇਸ਼ਾਂ ਵਿਚ ਰਿਪੋਰਟ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਜ਼ਿੰਬਾਬਵੇ ਸਮੇਤ ਦੱਖਣੀ ਅਫਰੀਕਾ ‘ਚ ਕੋਰੋਨਾ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਓਮੀਕ੍ਰੋਨ ਦੇ ਪ੍ਰਕੋਪ ਨਾਲ ਹਸਪਤਾਲ ਵਿਚ ਦਾਖਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਕਈ ਤਰਾਂ ਦੇ ਸਵਾਲ ਉਠ ਰਹੇ ਹਨ। ਕੀ ਇਸ ਦਾ ਮਿਊਟੇਸ਼ਨ ਟੀਕਿਆਂ  ਦੁਆਰਾ ਪੈਦਾ ਕੀਤੀ ਪ੍ਰਤੀਰੋਧੀ ਸ਼ਕਤੀ ਨੂੰ ਪ੍ਰਭਾਵਤ ਕਰ ਸਕਦਾ ਹੈ? ਕੀ ਇਹ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਛੂਤਕਾਰੀ ਹੈ? ਇਨਫੈਕਸ਼ਨ ਵਧਣ ਕਾਰਨ ਲੋਕਾਂ ਦੇ ਹਸਪਤਾਲ ‘ਚ ਭਰਤੀ ਹੋਣ ਦੀ ਕੀ ਸੰਭਾਵਨਾ ਹੈ। ਮਾਮਲਿਆਂ ਦੀ ਗਿਣਤੀ ਵਿਚ ਵਾਧੇ ਤੇ ਮੌਤਾਂ ਦੀਆਂ ਘਟਨਾਵਾਂ ਵਿਚ ਵਾਧੇ ਵਿਚ ਕਿੰਨਾ ਅੰਤਰ ਹੈ। ਡਬਲਯੂਐੱਚਓ ਨੇ ਆਪਣੀ ਹਫ਼ਤਾਵਾਰੀ ਰਿਪੋਰਟ ਵਿਚ ਕਿਹਾ ਕਿ ਇਨ੍ਹਾਂ ਸਾਰੇ ਸਵਾਲਾਂ ਬਾਰੇ ਜਾਣਨ ਲਈ, ਓਮੀਕ੍ਰੋਨ ਵੇਰੀਐਂਟ ਕਾਰਨ ਹੋਣ ਵਾਲੇ ਸੰਕਰਮਣ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਲਈ ਹੋਰ ਡਾਟੇ ਦੀ ਜ਼ਰੂਰਤ ਹੈ। ਹਾਲੇ ਵੀ ਕਈ ਤਰਾਂ ਦੀਆਂ ਖੋਜਾਂ ਇਸ ਮਾਮਲੇ ਚ ਜਾਰੀ ਹਨ।

ਕੀ ਓਮੀਕ੍ਰੋਨ ’ਤੇ ਮੌਜੂਦਾ ਟੀਕੇ ਹੋਣਗੇ ਕਾਰਗਰ ਜਾਂ ਕਰਨੇ ਪੈਣਗੇ ਬਦਲਾਅ

ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਬਾਰੇ ਆਮ ਲੋਕਾਂ ਦੇ ਮਨ ’ਚ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਡਾਕਟਰ ਤੇ ਵਿਗਿਆਨੀ ਲੱਭ ਰਹੇ ਹਨ। ਇਕ ਅਹਿਮ ਸਵਾਲ ਹੈ ਨਵੇਂ ਵੇਰੀਐਂਟ ਖ਼ਿਲਾਫ਼ ਫ਼ਿਲਹਾਲ ਉਪਲਬਧ ਕੋਰੋਨਾ ਰੋਕੂ ਵੈਕਸੀਨ ਦੀ ਸਮਰੱਥਾ ਬਾਰੇ।ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੀ ਵਾਇਰਸ ਦੇ ਨਵੇਂ ਸਰੂਪ ’ਚ ਏਨਾ ਬਦਲਾਅ ਹੋ ਗਿਆ ਹੈ ਕਿ ਹੁਣ ਤਕ ਉਪਲਬਧ ਵੈਕਸੀਨ ਰਾਹੀਂ ਪੈਦਾ ਐਂਟੀਬਾਡੀ ਉਸ ਨੂੰ ਪਛਾਣ ਕੇ ਰੋਕਣ ’ਚ ਸਮਰੱਥ ਨਹੀਂ ਰਹਿ ਗਈ। ਅਸਲ ’ਚ ਕੋਰੋਨਾ ਵਾਇਰਸ ਸਪਾਈਕ ਪ੍ਰੋਟੀਨ ਜ਼ਰੀਏ ਮਨੁੱਖੀ ਸਰੀਰ ’ਚ ਕੋਸ਼ਿਕਾਵਾਂ ਦੀ ਸਤ੍ਹਾ ’ਤੇ ਏਸੀਈ-2 ਰਿਸੈਪਟਰਸ ਦੇ ਸੰਪਰਕ ’ਚ ਆ ਕੇ ਉਨ੍ਹਾਂ ਨੂੰ ਇਨਫੈਕਟਿਡ ਕਰਦਾ ਹੈ। ਐੱਮਆਰਐੱਨਏ (ਇਸ ਨਾਲ ਕੋਸ਼ਿਕਾਵਾਂ ਨੂੰ ਵਾਇਰਸ ਨਾਲ ਲਡ਼ਨ ਵਾਲਾ ਪ੍ਰੋਟੀਨ ਬਣਾਉਣ ਦਾ ਨਿਰਦੇਸ਼ ਮਿਲਦਾ ਹੈ) ਅਧਾਰਤ ਕੋਰੋਨਾ ਰੋਕੂ ਵੈਕਸੀਨ ਨਾਲ ਸਰੀਰ ’ਚ ਐਂਟੀਬਾਡੀ ਦਾ ਨਿਰਮਾਣ ਹੁੰਦਾ ਹੈ। ਇਹ ਐਂਟੀਬਾਡੀ ਕੋਰੋਨਾ ਇਨਫੈਕਟਿਡ ਵਿਅਕਤੀ ’ਚ ਵਾਇਰਸ ਦੇ ਸਪਾਈਕ ਪ੍ਰੋਟੀਨ ਬਣਾ ਕੇ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਨ ਦੀ ਉਸ ਦੀ ਸਮਰੱਥਾ ਘੱਟ ਕਰ ਦਿੰਦੀਆਂ ਹਨ। ਓਮੀਕ੍ਰੋਨ ਵੇਰੀਐਂਟ ਦੇ ਸਪਾਈਕ ਪ੍ਰੋਟੀਨ ’ਚ ਮਿਊਟੇਸ਼ਨ ਦੇ ਤਰੀਕੇ ’ਚ ਬਦਲਾਅ ਦੇਖਿਆ ਗਿਆ ਹੈ। ਇਹ ਬਦਲਾਅ ਸਰੀਰ ’ਚ ਵੈਕਸੀਨ ਨਾਲ ਬਣਾਈ ਗਈ ਕੁਝ ਐਂਟੀਬਾਡੀ (ਸਾਰੀਆਂ ਨਹੀਂ) ਦੇ ਸਪਾਈਕ ਪ੍ਰੋਟੀਨ ਨਾਲ ਜੁਡ਼ ਕੇ ਉਸ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਘੱਟ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਓਮੀਕ੍ਰੋਨ ਖ਼ਿਲਾਫ਼ ਅਜੇ ਉਪਲਬਧ ਵੈਕਸੀਨ ਦੀ ਸਮਰੱਥਾ ਘੱਟ ਹੋ ਸਕਦੀ ਹੈ।

ਕਿਵੇਂ ਨਵੀਂ ਵੈਕਸੀਨ ਪੁਰਾਣੀ ਵਾਲੀ ਤੋਂ ਵੱਖ ਹੋ ਸਕਦੀ ਹੈ

ਫ਼ਿਲਹਾਲ ਉਪਲਬਧ ਐੱਮਆਰਐੱਨਏ ਵੈਕਸੀਨ ਕੋਰੋਨਾ ਵਾਇਰਸ ਦੇ ਮੂਲ ਸਟ੍ਰੇਨ ਦੇ ਸਪਾਈਕ ਪ੍ਰੋਟੀਨ ’ਤੇ ਅਧਾਰਤ ਹਨ। ਨਵੀਂ ਜਾਂ ਉੱਨਤ ਵੈਕਸੀਨ ਨੂੰ ਓਮੀਕ੍ਰੋਨ ਦੇ ਸਪਾਈਕ ਪ੍ਰੋਟੀਨ ’ਤੇ ਅਧਾਰਤ ਕਰਕੇ ਬਣਾਉਣਾ ਪਵੇਗਾ। ਵਾਇਰਸ ਦੇ ਮੂਲ ਸਪਾਈਕ ਪ੍ਰੋਟੀਨ ਨੂੰ ਨਵੇਂ ਵੇਰੀਐਂਟ ਦੇ ਸਪਾਈਕ ਪ੍ਰੋਟੀਨ ਨਾਲ ਬਦਲਣ ’ਤੇ ਨਵੀਂ ਜਾਂ ਉੱਨਤ ਵੈਕਸੀਨ ਓਮੀਕ੍ਰੋਨ ਖ਼ਿਲਾਫ਼ ਮਜ਼ਬੂਤ ਐਂਟੀਬਾਡੀ ਬਣਾ ਕੇ ਇਸ ਦਾ ਪਸਾਰ ਰੋਕਣ ’ਚ ਕਾਮਯਾਬ ਹੋ ਸਕਦੀ ਹੈ। ਵੈਕਸੀਨ ਲੈ ਚੁੱਕੇ ਜਾਂ ਕੋਰੋਨਾ ਨਾਲ ਇਨਫੈਕਟਿਡ ਹੋ ਚੁੱਕੇ ਲੋਕ ਸੰਭਵ ਹੈ ਨਵੀਂ ਵੈਕਸੀਨ ਦੀ ਇਕ ਬੂਸਟਰ ਡੋਜ਼ ਲੈ ਕੇ ਨਵੇਂ ਵੇਰੀਐਂਟ ਤੋਂ ਖ਼ੁਦ ਨੂੰ ਸੁਰੱਖਿਅਤ ਕਰ ਸਕਣਗੇ। ਜੇਕਰ ਡੈਲਟਾ ਸਟ੍ਰੇਨ ਵਧੇਰੇ ਮਜ਼ਬੂਤ ਹੋਇਆ ਤਾਂ ਅਜੇ ਤਕ ਵੈਕਸੀਨ ਨਾ ਲੈਣ ਵਾਲੇ ਲੋਕਾਂ ਨੂੰ ਦੋ-ਤਿੰਨ ਖ਼ੁਰਾਕਾਂ ਦੀ ਜ਼ਰੂਰਤ ਹੋ ਸਕਦੀ ਹੈ। ਜੇਕਰ ਓਮੀਕ੍ਰੋਨ ਤੇ ਡੈਲਟਾ ਦੋਵੇਂ ਹੀ ਵੇਰੀਐਂਟ ਮੌਜੂਦ ਹਨ ਤਾਂ ਲੋਕਾਂ ਨੂੰ ਮੌਜੂਦਾ ਸਮੇਂ ’ਚ ਉੱਨਤ ਵੈਕਸੀਨ ਦੇ ਮਿਸ਼ਰਣ ਵਾਲੀ ਡੋਜ਼ ਦੀ ਜ਼ਰੂਰਤ ਪੈ ਸਕਦੀ ਹੈ।

ਕੀ ਉੱਨਤ ਵੈਕਸੀਨ ਨੂੰ ਪੂਰਨ ਕਲੀਨਿਕਲ ਟ੍ਰਾਇਲ ਦੀ ਜ਼ਰੂਰਤ ਹੁੰਦੀ ਹੈ

ਅਜੇ ਇਹ ਸਪਸ਼ਟ ਨਹੀਂ ਹੈ ਕਿ ਉੱਨਤ ਵੈਕਸੀਨ ਲਈ ਸਮਰੱਥ ਸੰਸਥਾ ਦੀ ਮਨਜ਼ੂਰੀ ਹਾਸਲ ਕਰਨ ਲਈ ਕਿੰਨੇ ਕਲੀਨਿਕਲ ਡਾਟੇ ਦੀ ਜ਼ਰੂਰਤ ਪਵੇਗੀ। ਹਾਲਾਂਕਿ ਉੱਨਤ ਵੈਕਸੀਨ ’ਚ ਜੈਨੇਟਿਕ ਕੋਡ ’ਚ ਕੁਝ ਬਦਲਾਅ ਛੱਡ ਕੇ ਬਾਕੀ ਸਾਰੇ ਤੱਤ ਪੁਰਾਣੇ ਹੀ ਹੋਣਗੇ। ਸੁਰੱਖਿਆ ਦੇ ਲਿਹਾਜ਼ ਨਾਲ ਉੱਨਤ ਵੈਕਸੀਨ ਪਹਿਲਾਂ ਤੋਂ ਹੀ ਟੈਸਟ ਕੀਤੀ ਜਾ ਚੁੱਕੀ ਵੈਕਸੀਨ ਨਾਲ ਮਿਲਦੀ-ਜੁਲਦੀ ਹੀ ਹੋਵੇਗੀ। ਇਸ ਕਾਰਨ ਪਹਿਲੀ ਵਾਰ ਕੋਰੋਨਾ ਰੋਕੂ ਵੈਕਸੀਨ ਬਣਾਉਣ ਦੀ ਤੁਲਨਾ ’ਚ ਹੁਣ ਘੱਟ ਕਲੀਨਿਕਲ ਟ੍ਰਾਇਲ ਦੀ ਜ਼ਰੂਰਤ ਹੋਵੇਗੀ। ਕਲੀਨਿਕਲ ਟ੍ਰਾਇਲ ਨਾਲ ਹੁਣ ਸਿਰਫ਼ ਇਹ ਪਤਾ ਲਾਉਣ ਦੀ ਜ਼ਰੂਰਤ ਹੋਵੇਗੀ ਕਿ ਕੀ ਉੱਨਤ ਵੈਕਸੀਨ ਸੁਰੱਖਿਅਤ ਹੋਣ ਦੇ ਨਾਲ ਮੂਲ, ਬੀਟਾ ਤੇ ਡੈਲਟਾ ਸਟ੍ਰੇਨ ਦੇ ਕੇਸ ਵਾਂਗ ਹੀ ਐਂਟੀਬਾਡੀ ਬਣਾ ਰਹੀ ਹੈ। ਜੇਕਰ ਅਜਿਹਾ ਹੈ ਤਾਂ ਵਿਗਿਆਨੀ ਕੁਝ ਸੈਂਕਡ਼ੇ ਲੋਕਾਂ ’ਤੇ ਹੀ ਕਲੀਨਿਕਲ ਟ੍ਰਾਇਲ ਕਰ ਲੈਣਗੇ।

ਕਿਵੇਂ ਵੈਕਸੀਨ ਉੱਨਤ ਕੀਤੀ ਜਾਂਦੀ ਹੈ

ਉੱਨਤ ਐੱਮਆਰਐੱਨਏ ਵੈਕਸੀਨ ਲਈ ਦੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ-ਨਵੇਂ ਵੇਰੀਐਂਟ ਦੇ ਸਪਾਈਕ ਪ੍ਰੋਟੀਨ ਦਾ ਜੈਨੇਟਿਕ ਸੀਕਵੈਂਸ ਤੇ ਐੱਮਆਰਐੱਨਏ ਬਣਾਉਣ ਲਈ ਡੀਐੱਨਏ ਟੈਂਪਲੇਟ। ਕਿਉਂਕਿ ਖੋਜੀਆਂ ਨੇ ਓਮੀਕ੍ਰੋਨ ਦੇ ਸਪਾਈਕ ਪ੍ਰੋਟੀਨ ਦਾ ਜੈਨੇਟਿਕ ਕੋਡ ਉਪਲਬਧ ਕਰਵਾ ਦਿੱਤਾ ਹੈ, ਇਸ ਲਈ ਹੁਣ ਸਪਾਈਕ ਪ੍ਰੋਟੀਨ ਦਾ ਡੀਐੱਨਏ ਟੈਂਪਲੈਟ ਬਣਾਉਣ ਦੀ ਜ਼ਰੂਰਤ ਹੈ। ਇਸ ਲਈ ਵਿਗਿਆਨੀ ਡੀਐੱਨਏ ਟੈਂਪਲੇਟ ਨੂੰ ਸਿੰਥੈਟਿਕ ਅੰਜਾਇਮ ਤੇ ਚਾਰ ਆਣਵਿਕ ਬਲਾਕ ਨਾਲ ਮਿਲਾਉਂਦੇ ਹਨ ਜਿਸ ਨਾਲ ਐੱਮਆਰਐੱਨਏ ਬਣਦਾ ਹੈ। ਅੰਜਾਇਮ ਨਾਲ ਡੀਐੱਨਏ ਦੀ ਐੱਮਆਰਐੱਨਏ ਨਕਲ ਬਣਦੀ ਹੈ, ਜਿਸ ਨੂੰ ਟ੍ਰਾਂਸਕ੍ਰਿਪਸ਼ਨ ਕਹਿੰਦੇ ਹਨ। ਇਸ ਨਾਲ ਕੁਝ ਹੀ ਮਿੰਟਾਂ ’ਚ ਵੈਕਸੀਨ ਲਈ ਐੱਮਆਰਐੱਨਏ ਤਿਆਰ ਕੀਤਾ ਜਾ ਸਕਦਾ ਹੈ। ਫਿਰ ਵਿਗਿਆਨੀ ਐੱਨਆਰਐੱਨਏ ਟਰਾਂਸਕ੍ਰਿਪਟ ਨੂੰ ਫੈਟੀ ਨੈਨੋਪਾਰਟੀਕਲਸ ਦੇ ਅੰਦਰ ਰੱਖਦੇ ਹਨ ਜਿਹਡ਼ੇ ਮਨੁੱਖ ਦੇ ਹੱਥ ’ਚ ਵੈਕਸੀਨ ਲਾਏ ਜਾਣ ਤਕ ਉਸ ਨੂੰ ਸੁਰੱਖਿਅਤ ਰੱਖਦੇ ਹਨ ਤਾਂ ਜੋ ਉਹ ਕਾਰਗਰ ਰਹੇ।

ਕਿੰਨਾ ਸਮਾਂ ਲੱਗਦਾ ਹੈ ਵੈਕਸੀਨ ਨੂੰ ਉੱਨਤ ਕਰਨ ’ਚ

ਨਵੇਂ ਐੱਮਆਰਐੱਨਏ ਦੇ ਨਿਰਮਾਣ ਲਈ ਡੀਐੱਨਏ ਟੈਂਪਲੇਟ ਬਣਾਉਣ ’ਚ ਤਿੰਨ ਦਿਨ ਲੱਗਦੇ ਹਨ। ਐੱਮਆਰਐÎੱਨਏ ਦੀ ਬਣਦੀ ਡੋਜ਼ ਬਣਾਉਣ ’ਚ ਇਕ ਹਫ਼ਤੇ ਦਾ ਸਮਾਂ ਲੱਗਦਾ ਹੈ। ਟੈਸਟ ਟਿਊਬ ’ਚ ਮਨੁੱਖੀ ਕੋਸ਼ਿਕਾਵਾਂ ’ਤੇ ਪ੍ਰੀਖਣ ਕਰਨ ’ਚ ਛੇ ਹਫ਼ਤੇ ਲੱਗਦੇ ਹਨ। ਯਾਨੀ 52 ਦਿਨਾਂ ’ਚ ਉੱਨਤ ਐੱਮਆਰਐੱਨਏ ਵਾਲੀ ਵੈਕਸੀਨ ਕਲੀਨਿਕਲ ਟ੍ਰਾਇਲ ਲਈ ਬਣਦੀ ਹੈ। ਕਲੀਨਿਕਲ ਟ੍ਰਾਇਲ ਦੇ ਕੁਝ ਹਫ਼ਤੇ ਮਿਲਾ ਕੇ ਕਰੀਬ ਸੌ ਦਿਨਾਂ ’ਚ ਉੱਨਤ ਵੈਕਸੀਨ ਮਨੁੱਖੀ ਟ੍ਰਾਇਲ ਲਈ ਤਿਆਰ ਹੁੰਦੀ ਹੈ। ਟ੍ਰਾਇਲ ਦੌਰਾਨ ਨਿਰਮਾਤਾ ਉੱਨਤ ਵੈਕਸੀਨ ਲਈ ਆਪਣੀ ਮੌਜੂਦਾ ਨਿਰਮਾਣ ਪ੍ਰਕਿਰਿਆ ’ਚ ਬਦਲਾਅ ਕਰ ਸਕਦੇ ਹਨ। ਟ੍ਰਾਇਲ ਪੂਰਨ ਹੋਣ ਤੇ ਵੈਕਸੀਨ ਨੂੰ ਸਬੰਧਤ ਅਧਿਕਾਰੀਆਂ ਦੀ ਮਨਜ਼ੂਰੀ ਮਿਲਦੇ ਹੀ ਕੰਪਨੀ ਨਵੀਂ ਵੈਕਸੀਨ ਦੀ ਖ਼ੁਰਾਕ ਬਣਾ ਸਕਦੀ ਹੈ।

ਪਹਿਲਾਂ ਵੀ ਕੀਤਾ ਜਾ ਚੁੱਕਿਆ ਹੈ ਵੈਕਸੀਨ ’ਚ ਬਦਲਾਅ

ਅਕਤੂਬਰ 2020 ’ਚ ਆਏ ਬੀ.1.352 ਵੇਰੀਐਂਟ ਲਈ ਵੀ ਵੈਕਸੀਨ ’ਚ ਕੰਪਨੀਆਂ ਨੇ ਫ਼ੌਰੀ ਬਦਲਾਅ ਕੀਤੇ ਸਨ। ਕਿਉਂਕਿ ਇਹ ਡੌਮੀਨੈਂਟ ਵੇਰੀਐਂਟ ਨਹੀਂ ਸੀ ਇਸ ਲਈ ਉੱਨਤ ਵੈਕਸੀਨ ਬਾਜ਼ਾਰ ਤਕ ਨਹੀਂ ਪੁੱਜੀ। ਹਾਲਾਂਕਿ ਵੈਕਸੀਨ ਨਿਰਮਾਤਾਵਾਂ ਦੀ ਤਿਆਰੀ ਪੂਰੀ ਸੀ। ਜੇਕਰ ਓਮੀਕ੍ਰੋਨ ਵੇਰੀਐਂਟ ਲਈ ਉੱਨਤ ਵੈਕਸੀਨ ਦੀ ਜ਼ਰੂਰਤ ਹੈ ਤਾਂ ਕੰਪਨੀਆਂ ਨੇ ਰਿਹਰਸਲ ਕਰ ਲਈ ਹੈ।

Comment here