ਅਪਰਾਧਸਿਆਸਤਖਬਰਾਂ

ਜ਼ਮਾਨਤ ਤੇ ਆਏ ਮੁਲਜ਼ਮ ਨੇ ਮਹਿਲਾ ਵਕੀਲ ਤੇ ਸੁੱਟਿਆ ਤੇਜ਼ਾਬ!

ਅੰਮ੍ਰਿਤਸਰ – ਇੱਥੇ ਉਸ ਵਕਤ ਦਹਿਸ਼ਤ ਪੱਸਰ ਗਈ ਜਦ ਹੱਤਿਆ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਜੇਲ੍ਹ ਤੋਂ ਜ਼ਮਾਨਤ ‘ਤੇ ਛੁੱਟ ਕੇ ਆਏ ਮੁਲਜ਼ਮ ਨੇ ਬੀਤੀ ਸ਼ਾਮ ਨੂੰ ਮਜੀਠਾ ਰੋਡ ਇਲਾਕੇ ‘ਚ ਮਹਿਲਾ ਵਕੀਲ ਨੂੰ ਰੋਕ ਕੇ ਉਸ ਉੱਤੇ ਤੇਜ਼ਾਬ ਸੁੱਟ ਦਿੱਤਾ। ਵਕੀਲ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਸਾਰਾ ਤੇਜ਼ਾਬ ਉਸਦੇ ਚਿਹਰੇ ਉੱਤੇ ਡਿੱਗਣ ਦੀ ਬਜਾਏ ਜੈਕੇਟ ਉੱਤੇ ਡਿੱਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿੱਚ ਮੁਲਜ਼ਮ ਆਪਣੇ ਸਾਥੀ ਦੇ ਨਾਲ ਉੱਥੋਂ ਫ਼ਰਾਰ ਹੋ ਗਿਆ। ਏਐਸਆਈ ਦਲਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਪੀਡ਼ਤਾ ਦੀ ਸ਼ਿਕਾਇਤ ਉੱਤੇ ਮਜੀਠਾ ਥਾਣੇ ਦੀ ਪੁਲਸ ਨੇ ਫਤਿਹਗਡ਼੍ਹ ਚੂਡ਼ੀਆਂ ਦੇ ਪਿੰਡ ਬਾਗਾਂ ਵਾਲੀ ਗਲੀ ਵਾਸੀ ਕਰਨ ਅਤੇ ਇਸ ਦੇ ਇੱਕ ਹੋਰ ਸਾਥੀ ਉਤੇ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੇ ਦੱਸਿਆ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ ਹੈ। ਪੰਜਾਬ ਅਤੇ ਚੰਡੀਗਡ਼੍ਹ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਕਰਨ ਉਸ ਨੂੰ ਕਈ ਵਾਰ ਪਹਿਲਾਂ ਪ੍ਰੇਸ਼ਾਨ ਕਰ ਚੁੱਕਾ ਹੈ। ਪੀਡ਼ਤਾ ਨੇ ਦੱਸਿਆ ਕਿ  ਉਹ ਆਪਣੇ ਭਰਾ ਨਾਲ ਮੋਟਰਸਾਈਕਲ ਉੱਤੇ ਸਵਾਰ ਰੋਕੇ ਮਹੰਦੀਪੁਰ ਪਿੰਡ ਤੋਂ ਘਰ ਪਰਤ ਰਹੀ ਸੀ। ਰਸਤੇ ਵਿੱਚ ਕਰਨ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਪਰ ਉਸ ਨੂੰ ਇਸਦੀ ਜਾਣਕਾਰੀ ਨਹੀਂ ਸੀ। ਮੌਕਾ ਮਿਲਦੇ ਹੀ ਉਸ ਨੂੰ ਮੁਲਜ਼ਮ ਨੇ ਉਸਦਾ ਨਾਂ ਲੈ ਕੇ ਆਵਾਜ਼ ਮਾਰੀ ਅਤੇ ਜਿਵੇਂ ਹੀ ਉਸ ਨੇ ਮੁਲਜ਼ਮ ਵੱਲ ਵੇਖਿਆ, ਕਰਨ ਨੇ ਉਸ ਦੇ ਚਿਹਰੇ ਉੱਤੇ ਬੋਤਲ ਵਿਚ ਰੱਖਿਆ ਤੇਜ਼ਾਬ ਸੁੱਟ ਦਿੱਤਾ। ਉਸ ਨੇ ਬੜੀ ਤੇਜ਼ੀ ਨਾਲ ਆਪਣੇ ਹੱਥ ਨਾਲ ਚਿਹਰੇ ਨੂੰ ਢੱਕ ਲਿਆ ਮਅਤੇ ਸਾਰਾ ਤੇਜ਼ਾਬ ਉਸ ਦੀ ਜੈਕਟ ਦੀਆਂ ਬਾਹਾਂ ਉੱਤੇ ਡਿੱਗ ਪਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਪਣਾ ਬਚਾਅ ਕਰਨ ਲੱਗੀ ਰਹੀ ਅਤੇ ਕਰਨ ਨੇ ਉਸ ਨੂੰ ਗੱਲ ਨਾ ਕਰਨ ਦਾ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਆਪਣੇ ਮੋਟਰਸਾਈਕਲ ਉਤੇ ਬੈਠ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।  ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਢੰਡ ਤੇ ਸਾਬਕਾ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਕੇਸ ਦੀ ਪੈਰਵਾਈ ਕਰਨਗੇ। ਸਰਕਾਰ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਵਕੀਲ ਅਤੇ ਉਸ ਦੀ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਹ ਇਸ ਬਾਰੇ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲ ਕਰਨਗੇ।

Comment here