ਅਜਬ ਗਜਬਖਬਰਾਂਦੁਨੀਆ

ਜਦੋਂ ਗਾਹਕ ਨੇ 42 ਹਜ਼ਾਰ ਦਾ ਖਾਣਾ ਖਾ ਕੇ ਦਿੱਤੀ 8 ਲੱਖ ਰੁਪਏ ਦੀ ਟਿਪ!

ਮੈਲਬੋਰਨ-ਜੇਕਰ ਕੋਈ ਵਿਅਕਤੀ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਅਤੇ ਬਦਲੇ ‘ਚ ਉਸ ਨੂੰ ਇਨਾਮ ਮਿਲਦਾ ਹੈ, ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਖਾਸ ਤੌਰ ਉਤੇ ਜੇਕਰ ਇਨਾਮ ਉਸ ਦੇ ਸੋਚ ਨਾਲੋਂ ਵੱਡਾ ਹੋਵੇ, ਤਾਂ ਸਾਹਮਣੇ ਵਾਲੇ ਨੂੰ ਸਮਝ ਨਹੀਂ ਆਉਂਦੀ ਕਿ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਕਿਵੇਂ ਕਰੇ। ਅਜਿਹਾ ਹੀ ਕੁਝ ਇਕ ਮਹਿਲਾ ਵੇਟਰੈੱਸ ਨਾਲ ਹੋਇਆ ਜਦੋਂ ਉਸ ਨੂੰ ਉਮੀਦ ਤੋਂ ਕਿਤੇ ਜ਼ਿਆਦਾ ਟਿਪ ਮਿਲੀ। ਇਹ ਘਟਨਾ ਆਸਟ੍ਰੇਲੀਆ ਦੇ ਮੈਲਬੋਰਨ ਦੀ ਹੈ। ਇੱਥੇ ਇੱਕ ਰੈਸਟੋਰੈਂਟ ਵਿੱਚ ਵੇਟਰ ਵਜੋਂ ਕੰਮ ਕਰਨ ਵਾਲੀ ਲੜਕੀ ਲੌਰੇਨ ਨਾਲ ਇੱਕ ਸੁਪਨਾ ਸੱਚ ਹੋਣ ਵਾਲੀ ਘਟਨਾ ਵਾਪਰੀ ਹੈ। ਜਦੋਂ ਉਹ ਆਪਣੇ ਇਕ ਗਾਹਕ ਅਤੇ ਉਸ ਦੀ ਪਾਰਟੀ ਨੂੰ ਖਾਣਾ ਪਰੋਸਣ ਤੋਂ ਬਾਅਦ ਬਿੱਲ ਲੈ ਕੇ ਆਈ, ਤਾਂ ਉਸ ਨੂੰ ਉਮੀਦ ਨਹੀਂ ਸੀ ਕਿ ਇੰਨੀ ਵੱਡੀ ਟਿਪ ਮਿਲੇਗੀ।
ਕੁੜੀ ਪਾਰਟ ਟਾਈਮ ਕੰਮ ਕਰਦੀ ਹੈ
ਲੌਰੇਨ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਅਤੇ ਇੱਕ ਰੈਸਟੋਰੈਂਟ ਵਿੱਚ ਵੇਟਰੈਸ ਦਾ ਕੰਮ ਵੀ ਕਰਦੀ ਹੈ। ਉਹ 4 ਲੋਕਾਂ ਦੇ ਮੇਜ਼ ‘ਤੇ ਖਾਣਾ ਪਰੋਸ ਰਹੀ ਸੀ। ਖਾਣਾ ਖਤਮ ਹੋਣ ‘ਤੇ ਉਸ ਨੇ ਗਾਹਕ ਨੂੰ 42 ਹਜ਼ਾਰ ਰੁਪਏ ਦਾ ਬਿੱਲ ਦਿੱਤਾ ਤਾਂ ਉਸ ਨੇ ਇਸ ‘ਚ 8 ਲੱਖ ਰੁਪਏ ਹੋਰ ਪਾਉਣ ਲਈ ਕਿਹਾ। ਲੌਰੇਨ ਦੱਸਦੀ ਹੈ ਕਿ ਉਸ ਨੂੰ ਚੱਕਰ ਆ ਗਏ ਅਤੇ ਉਸ ਨੇ ਉੱਥੇ ਮੌਜੂਦ ਇੱਕ ਹੋਰ ਸਾਥੀ ਵੇਟਰੈਸ ਨੂੰ ਪੁੱਛਿਆ ਕਿ ਕੀ ਕਰਨਾ ਹੈ? ਇਸ ਦੌਰਾਨ ਲੌਰੇਨ ਬਹੁਤ ਭਾਵੁਕ ਹੋ ਗਈ ਅਤੇ ਰੋਣ ਲੱਗੀ। ਹਾਲਾਂਕਿ ਉਸ ਨੇ ਇਹ ਟਿਪ ਮੈਨੇਜਰ ਤੋਂ ਪੁੱਛ ਕੇ ਹੀ ਲਿਆ ਸੀ।
ਇਹ ਪੈਸੇ ਮਿਲਣ ਤੋਂ ਬਾਅਦ ਲੌਰੇਨ ਬਹੁਤ ਖੁਸ਼ ਹੈ ਅਤੇ ਇਸ ਵਿੱਚੋਂ ਉਸ ਨੇ ਢਾਈ ਲੱਖ ਰੁਪਏ ਆਪਣੇ ਸਾਥੀ ਕਰਮਚਾਰੀਆਂ ਨਾਲ ਸਾਂਝੇ ਕੀਤੇ ਹਨ। ਬਾਕੀ 5.5 ਲੱਖ ਰੁਪਏ ਨਾਲ ਉਹ ਵਿਦੇਸ਼ ‘ਚ ਛੁੱਟੀਆਂ ਮਨਾਉਣ ਬਾਰੇ ਸੋਚ ਰਹੀ ਹੈ। ਇੰਨਾ ਹੀ ਨਹੀਂ ਲੜਕੀ ਨੇ ਟਿਪ ਦਾ ਬਿੱਲ ਵੀ ਆਪਣੇ ਕੋਲ ਰੱਖਿਆ ਹੈ ਕਿਉਂਕਿ ਇਹ ਬਹੁਤ ਖਾਸ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਇਹ ਟਿਪ ਦਿੱਤੀ ਸੀ, ਉਹ ਕ੍ਰਿਪਟੋ ਕਾਰੋਬਾਰੀ ਸਨ ਅਤੇ ਉਨ੍ਹਾਂ ਕੋਲ ਕਰੀਬ 10 ਅਰਬ ਰੁਪਏ ਦੀ ਜਾਇਦਾਦ ਹੈ।

Comment here