ਸਿਆਸਤਖਬਰਾਂ

ਕਿਸਾਨਾਂ ਨੇ ਭਾਜਪਾ ਦੇ ‘‘ਬਠਿੰਡਾ ਦੀ ਅਵਾਜ਼’’ ਪ੍ਰੋਗਰਾਮ ’ਚ ਪਾਇਆ ਖਲਲ

ਬਠਿੰਡਾ-ਭਾਜਪਾ ਦੀ ਮਹਿਲਾ ਆਗੂ ਵੀਨੂੰ ਗੋਇਲ ਵੱਲੋਂ ਧਾਰਮਿਕ ਪ੍ਰੋਗਰਾਮ ਦੀ ਆੜ ਵਿਚ ਭਾਜਪਾ ਲੀਡਰਸ਼ਿਪ ਰਾਹੀਂ ਗ੍ਰੀਨ ਪੈਲੇਸ ਵਿਚ ‘‘ਬਠਿੰਡਾ ਦੀ ਅਵਾਜ਼” ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿਸ ਵਿੱਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਸੁਰਜੀਤ ਜਿਆਣੀ ਸਮੇਤ ਲੀਡਰਸ਼ਿਪ ਨੇ ਸ਼ਮੂਲੀਅਤ ਕਰਨੀ ਸੀ। ਇਸ ਪ੍ਰੋਗਰਾਮ ਦੀ ਭਿਣਕ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਪੈਲੇਸ ਦੇ ਦੋਨੇ ਗੇਟ ਘੇਰ ਲਏ ਅਤੇ ਧਰਨਾ ਲਾ ਦਿੱਤਾ, ਜਿਸ ਕਰਕੇ ਉਕਤ ਪ੍ਰੋਗਰਾਮ ਤੇ ਪਏ ਰੋਸ ਦੇ ਪਰਛਾਵੇਂ ਕਰਕੇ ਪ੍ਰੋਗਰਾਮ ਰੱਦ ਕਰਨਾ ਪਿਆ  ਤੇ ਪੈਲੇਸ ਵਿੱਚ ਸਜਾਈਆਂ ਕੁਰਸੀਆਂ ਖਾਲੀ ਹੀ ਰਹਿ ਗਈਆਂ ।
ਇਸ ਪ੍ਰੋਗ੍ਰਾਮ ਵਿੱਚ ਕਰੀਬ ਇੱਕ ਹਜਾਰ ਤੋਂ ਜ਼ਿਆਦਾ ਦਾ ਇਕੱਠ ਹੋਣ ਜਾ ਰਿਹਾ ਸੀ ਕਿ ਅਚਾਨਕ ਕਿਸਾਨ ਸੰਗਠਨਾਂ ਵੱਲੋਂ ਪੈਲੇਸ ਦਾ ਘਿਰਾਉ ਕਰ ਲਿਆ ਗਿਆ, ਜਿਸ ਕਾਰਨ ਇਸ ਪ੍ਰੋਗ੍ਰਾਮ ਨੂੰ ਕਿਸੇ ਹੋਰ ਸਥਾਨ ਤੇ ਤਬਦੀਲ ਕੀਤਾ ਗਿਆ। ਇਸ ਵਿੱਚਕਾਰ ਕਿਸਾਨਾਂ ਦੇ ਵਿਰੋਧ ਦੇ ਚਲਦੇ ਸ਼ਾਮਿਲ ਹੋਣ ਵਾਲੇ ਕਰੀਬ 400 ਪਰਿਵਾਰਾਂ  ਵਿੱਚੋਂ 35 ਪਰਿਵਾਰਾਂ ਨੇ ਭਾਜਪਾ ਜੁਆਇੰਣ ਕਰ ਲਈ। ਸਮਾਜ ਸੇਵਿਕਾ ਵੀਨੂੰ ਗੋਇਲ ਨੇ ਕਿਹਾ ਕਿ ‘‘ਬਠਿੰਡਾ ਦੀ ਅਵਾਜ਼” ਪ੍ਰੋਗ੍ਰਾਮ ਸਾਂਸਕ੍ਰਿਤੀਕ ਅਤੇ ਸੰਗੀਤ ਪ੍ਰੋਗ੍ਰਾਮ ਸੀ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਿਨੀ ਸ਼ਰਮਾ ਅਤੇ ਪੰਜਾਬ ਮਹਿਲਾ ਭਾਜਪਾ ਪ੍ਰਧਾਨ ਮੋਨਾ ਜੈਸਵਾਲ  ਵੱਲੋਂ ਭਾਗ ਲਿਆ ਜਾਣਾ ਸੀ।
ਇਸ ਪ੍ਰੋਗ੍ਰਾਮ ਵਿੱਚ ਸਮਾਜ ਸੇਵਿਕਾ ਵੀਨੂੰ ਗੋਇਲ ਦੀ ਅਗੁਵਾਈ ਵਿੱਚ ਕਰੀਬ 400 ਪਰਿਵਾਰਾਂ ਵੱਲੋਂ ਭਾਜਪਾ ਜੁਆਇੰਨ ਕੀਤੀ ਜਾਣੀ ਸੀ, ਪਰ ਕਿਸਾਨਾਂ ਦੀ ਆੜ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਗ੍ਰੀਨ ਪੈਲੇਸ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ, ਜੋ ਲੋਕਤੰਤਰ ਦਾ ਕਤਲ ਹੈ। ਮੈਡਮ ਵੀਨੂੰ ਗੋਇਲ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਵਿੱਚ 1000 ਤੋਂ ਵੀ ਜ਼ਿਆਦਾ ਲੋਕ ਪੁੱਜੇ ਸਨ, ਜਿਨ੍ਹਾਂ ਨੂੰ ਕਥਿਤ ਕਿਸਾਨਾਂ ਵੱਲੋਂ ਪੈਲੇਸ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ, ਜਦੋਂ ਕਿ ਪ੍ਰੋਗ੍ਰਾਮ ਵਿੱਚ ਕਰੀਬ 400 ਪਰਿਵਾਰਾਂ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਾਣਾ ਸੀ। ਵੀਨੂੰ ਗੋਇਲ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਪ੍ਰੋਗ੍ਰਾਮ ਵਾਲੀ ਥਾਂ ਤੋਂ ਬਾਹਰ ਨਿਕਲੇ ਅਤੇ ਪ੍ਰੋਗ੍ਰਾਮ ਕਿਸੇ ਹੋਰ ਥਾਂ ਤੇ ਕਰਵਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਵਿਰੋਧ ਦੇ ਬਾਵਜੂਦ ਆਮ ਜਨਤਾ ਦਾ ਉਤਸ਼ਾਹ ਘੱਟ ਨਹੀਂ ਹੋਇਆ ਅਤੇ 35 ਪਰਿਵਾਰਾਂ ਨੇ ਭਾਜਪਾ ਜੁਆਇੰਨ ਕਰ ਲਈ। ਉਕਤ ਪ੍ਰੋਗ੍ਰਾਮ ਵਿੱਚ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਧਨੌਲਾ, ਪੰਜਾਬ ਪ੍ਰਧਾਨ ਮਹਿਲਾ ਮੋਰਚਾ ਮੋਨਾ ਜੈਸਵਾਲ, ਭਾਜਪਾ ਪੰਜਾਬ ਸਪੋਕਸਪਰਸਨ ਅਸ਼ੋਕ ਭਾਰਤੀ, ਵਿਧਾਨਸਭਾ ਪ੍ਰਭਾਰੀ ਬਠਿੰਡਾ ਰਾਕੇਸ਼ ਜੈਨ, ਜ਼ਿਲ੍ਹਾ ਪ੍ਰਧਾਨ ਭਾਜਪਾ ਬਠਿੰਡਾ ਵਿਨੋਦ ਬਿੰਟਾ, ਐਡਵੋਕੇਟ ਸ਼ਾਮ ਲਾਲ ਬਾਂਸਲ, ਉਮੇਸ਼ ਸ਼ਰਮਾ ਜ਼ਿਲ੍ਹਾ ਸਕੱਤਰ, ਰਾਜੇਸ਼ ਨੋਨੀ, ਨੀਰਜ ਅਰੋੜਾ, ਪਰਮਿੰਦਰ ਕੌਰ, ਕੰਚਨ ਜਿੰਦਲ, ਨਰਿੰਦਰ ਮਿੱਤਲ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਸਮਾਜ ਸੇਵਿਕਾ ਵੀਨੂੰ ਗੋਇਲ ਨੇ ਦੱਸਿਆ ਕਿ ਭਾਜਪਾ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਆਮ ਜਨਤਾ ਭਾਜਪਾ ਵਿੱਚ ਸ਼ਾਮਿਲ ਹੋ ਰਹੀ ਹੈ, ਜੋ ਵਿਰੋਧੀ ਪਾਰਟੀਆਂ ਨੂੰ ਹਜਮ ਨਹੀਂ ਹੋ ਰਿਹਾ।
ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਣਾ ਜਾਇਜ ਹੈ, ਲੇਕਿਨ ਕਿਸੇ ਵਿਚਾਰਧਾਰਾ ਦਾ ਵਿਰੋਧ ਕਰਣਾ ਲੋਕਤੰਤਰ ਦਾ ਕਤਲ ਹੈ ਅਤੇ ਕਿਸਾਨਾਂ ਦੀ ਆੜ ਵਿੱਚ ਇਸ ਤਰ੍ਹਾਂ ਦਾ ਵਿਰੋਧ, ਵਿਰੋਧੀ ਪਾਰਟੀਆਂ ਵੱਲੋਂ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰੋਗ੍ਰਾਮ ਵਿੱਚ ਕਰੀਬ 2000 ਲੋਕਾਂ ਦਾ ਇਕੱਠ ਰੱਖਿਆ ਗਿਆ ਸੀ, ਜਿਨ੍ਹਾਂ ਦੇ ਖਾਣ-ਪੀਣ ਦਾ ਇੰਤਜ਼ਾਮ ਵੀ ਸੀ ਅਤੇ ਇਸ ਪ੍ਰੋਗ੍ਰਾਮ ਵਿੱਚ 1000 ਤੋਂ ਵੀ ਜ਼ਿਆਦਾ ਲੋਕ ਪੁੱਜੇ ਵੀ ਸਨ, ਜਿਨ੍ਹਾਂ ਨੂੰ ਕਥਿਤ ਕਿਸਾਨਾਂ ਵੱਲੋਂ ਪੈਲੇਸ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਨਾਲ ਉਹ ਆਪਣੇ ਸਾਥੀਆਂ ਸਮੇਤ ਕਿਸਾਨਾਂ ਤੋਂ ਬਚਾਅ ਕਰਦੇ ਹੋਏ ਪੈਲੇਸ ਤੋਂ ਬਾਹਰ ਨਿਕਲੇ ਅਤੇ ਕਿਸੇ ਹੋਰ ਸਥਾਨ ਤੇ ਉਕਤ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ, ਜਿੱਥੇ 35 ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਕਤ ਪ੍ਰੋਗ੍ਰਾਮ ਵਿੱਚ ਸੂਫੀ ਸੰਗੀਤ ਅਤੇ ਸਾਂਸਕ੍ਰਿਤੀਕ ਪ੍ਰੋਗ੍ਰਾਮ ਵੀ ਰੱਖਿਆ ਗਿਆ ਸੀ। ਵੀਨੂੰ ਗੋਇਲ ਨੇ ਕਿਹਾ ਕਿ ਵਿਧਾਨਸਭਾ ਚੋਣਾਂ 2022 ਵਿੱਚ ਪੰਜਾਬ ਵਿੱਚ 117 ਵਿਧਾਨਸਭਾ ਸੀਟਾਂ ਤੇ ਭਾਜਪਾ ਵੱਲੋਂ ਚੋਣਾਂ ਲੜੀਆਂ ਜਾਣਗੀਆਂ ਅਤੇ ਰਿਕਾਰਡ ਬਹੁਮਤ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ।
ਭਾਰੀ ਤਦਾਦ ਵਿਚ ਪਹੁੰਚੀ ਪੁਲਿਸ ਦੀ ਨਾਕਾਬੰਦੀ ਵੀ ਕਿਸਾਨਾਂ ਨੂੰ ਪੈਲੇਸ ਤੱਕ ਪਹੁੰਚਣ ਤੋਂ ਰੋਕ ਨਾ ਸਕੀ । ਭਾਜਪਾ ਮਹਿਲਾ ਆਗੂ ਵੀਨੂੰ ਗੋਇਲ ਨੇ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਤੇ ਤਲਖ਼ੀ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਇਹ ਕਿਸਾਨ ਨਹੀਂ ਕਾਂਗਰਸ ਦੇ ਏਜੰਟ ਹਨ ਜੋ ਮਾਹੌਲ ਖ਼ਰਾਬ ਕਰ ਰਹੇ ਹਨ ਜਦੋਂਕਿ ਉਹ ਧਾਰਮਿਕ ਪ੍ਰੋਗਰਾਮ ਆਵਾਜ਼ ਪੰਜਾਬ ਕਰਵਾ ਰਹੇ ਸਨ, ਪਰ ਇਸ ਪ੍ਰੋਗਰਾਮ ਚ ਭਾਜਪਾ ਆਗੂਆਂ ਨੇ ਆਉਣਾ ਸੀ । ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਹਰਵਿੰਦਰ ਕੌਰ, ਜਗਸੀਰ ਸਿੰਘ ਨੇ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਭਾਜਪਾ ਲੀਡਰਸ਼ਿਪ  ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਉਹ ਪਿੱਛੇ ਨਹੀਂ ਹਟਣਗੇ। ਜ਼ਿਕਰਯੋਗ ਹੈ ਕਿ ਸਮਾਜ ਸੇਵੀ ਵੀਨੂੰ ਗੋਇਲ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਉਹ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਟਿਕਟ ਦੀ ਭਾਲ ਵਿੱਚ ਹਨ।

Comment here