ਅਪਰਾਧਸਿਆਸਤਖਬਰਾਂ

ਐਫਬੀਆਈ ਨੇ ਗੋਲਡੀ ਬਰਾੜ ਦੀ ਹਵਾਲਗੀ ਬਾਰੇ ਭਾਰਤ ਸਰਕਾਰ ਨਾਲ ਕੀਤਾ ਸੰਪਰਕ

ਚੰਡੀਗੜ੍ਹ-ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਹੀ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਸਕਦਾ ਹੈ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਇਸ ਸਬੰਧੀ ਸੂਬਾ ਪੁਲਿਸ ਨਾਲ ਸੰਪਰਕ ਕੀਤਾ ਹੈ। ਗੋਲਡੀ ਬਰਾੜ ਬਾਰੇ ਐਫਬੀਆਈ ਨੇ ਵਿਦੇਸ਼ ਮੰਤਰਾਲੇ ਰਾਹੀਂ ਪੰਜਾਬ ਪੁਲਿਸ ਨਾਲ ਸੰਪਰਕ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਬਾਰੇ ਜਾਣਕਾਰੀ ਮੰਗੀ ਹੈ। ਗੋਲਡੀ ਬਰਾੜ ਨੂੰ ਸੈਕਰਾਮੈਂਟੋ ਸਿਟੀ, ਕੈਲੀਫੋਰਨੀਆ ਤੋਂ ਫੜਿਆ ਗਿਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ। ਐਫਬੀਆਈ ਨੇ ਗੈਂਗਸਟਰ ਤੋਂ ਕਾਫੀ ਸਮੇਂ ਤੱਕ ਪੁੱਛਗਿੱਛ ਵੀ ਕੀਤੀ ਹੈ। ਪੰਜਾਬ ਪੁਲਿਸ ਤੇ ਭਾਰਤ ਦੀਆਂ ਕੇਂਦਰੀ ਏਜੰਸੀਆਂ ਗੋਲਡੀ ਬਰਾੜ ਦੀ ਹਵਾਲਗੀ ਸਬੰਧੀ ਅਮਰੀਕੀ ਏਜੰਸੀ ਐਫਬੀਆਈ ਦੇ ਇਸ ਸੰਚਾਰ ਨੂੰ ਵੱਡੀ ਕਾਮਯਾਬੀ ਮੰਨ ਰਹੀਆਂ ਹਨ।
ਉਹ 2017 ਤੋਂ ਕੈਨੇਡਾ ਵਿੱਚ ਸੀ ਅਤੇ ਹਾਲ ਹੀ ਵਿਚ ਕਾਨੂੰਨੀ ਕਾਰਵਾਈ ਅਤੇ ਵਿਰੋਧੀ ਗਰੋਹਾਂ ਦੇ ਡਰੋਂ ਅਮਰੀਕਾ ਭੱਜ ਗਿਆ ਸੀ। ਉਸ ਨੂੰ 20 ਨਵੰਬਰ ਦੇ ਕਰੀਬ ਹਿਰਾਸਤ ਵਿਚ ਲਿਆ ਗਿਆ ਸੀ। ਗੋਲਡੀ ਬਰਾੜ ਨੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਅਤੇ ਫੇਸਬੁੱਕ ਪੋਸਟ ਰਾਹੀਂ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ। ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾ ਚੁੱਕੇ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ‘ਚ ਉਨ੍ਹਾਂ ਦੇ ਪਿੰਡ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Comment here