ਸਿਆਸਤਖਬਰਾਂਦੁਨੀਆ

ਉੱਤਰੀ ਕੋਰੀਆ ਨੇ ਪੂਰਬੀ ਤੱਟ ਤੋਂ ਕਰੂਜ਼ ਮਿਜ਼ਾਈਲ ਦਾ ਕੀਤਾ ਪ੍ਰੀਖਣ

ਸਿਓਲ-ਇਥੋਂ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਇਕ ਦਿਨ ਪਹਿਲਾਂ ਆਪਣੇ ਪੂਰਬੀ ਤੱਟ ਤੋਂ ਲੰਬੀ ਦੂਰੀ ਦੀਆਂ ਕਰੂਜ਼ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ। ਬਾਅਦ ’ਚ ਦੱਖਣੀ ਕੋਰੀਆ ਦੀ ਫ਼ੌਜ ਨੇ ਵੀ ਇਸ ਦੀ ਪੁਸ਼ਟੀ ਕੀਤੀ। ਮੀਡੀਆ ਨੇ ਕਿਹਾ ਕਿ ਪ੍ਰੀਖਣਾਂ ਦਾ ਉਦੇਸ਼ ਹਥਿਆਰਾਂ ਨੂੰ ਸੰਭਾਲਣ ਵਾਲੀ ਇਕਾਈ ਦੀ ਤੇਜ਼ ਜਵਾਬੀ ਸਮਰੱਥਾ ਅਤੇ ਮਿਜ਼ਾਈਲਾਂ ਦੀ ਭਰੋਸੇਯੋਗਤਾ ਦੀ ਪੁਸ਼ਟੀ ਕਰਨਾ ਸੀ। ਪਿਓਂਗਯਾਂਗ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ ਨੇ ਦੱਸਿਆ ਕਿ ਉੱਤਰ ਪੂਰਬੀ ਤੱਟ ਤੋਂ ਛੱਡੇ ਜਾਣ ਤੋਂ ਬਾਅਦ ਚਾਰ ਮਿਜ਼ਾਈਲਾਂ ਨੇ ਲੱਗਭਗ ਤਿੰਨ ਘੰਟੇ ਤੱਕ ਉਡਾਣ ਭਰੀ ਅਤੇ ਇਹ ਦਿਖਾਇਆ ਕਿ ਇਹ 2,000 ਕਿਲੋਮੀਟਰ ਦੂਰ ਤੱਕ ਮਾਰ ਕਰਨ ’ਚ ਸਮਰੱਥ ਹੈ। ਇਹ ਪ੍ਰੀਖਣ ਅਜਿਹੇ ਸਮੇਂ ਕੀਤਾ ਗਿਆ, ਜਦੋਂ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੇ ਪ੍ਰਮਾਣੂ ਖ਼ਤਰਿਆਂ ਨਾਲ ਨਜਿੱਠਣ ਦੀ ਆਪਣੀ ਤਿਆਰੀ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਾਸ਼ਿੰਗਟਨ ’ਚ ਇਕ ਅਭਿਆਸ ਕੀਤਾ।

Comment here