ਅੱਜ ਨਵਾਂ ਸਾਲ ਹੈ , ਹੁਣ ਤੱਕ ਕਈ ਸਾਲ ਆਏ ਅਤੇ ਕਾਫੀ ਲੰਘ ਵੀ ਗਏ, ਕਾਫੀ ਕੁੱਝ ਜਿੰਦਗੀ ਚੋ ਪਾਇਆ ਅਤੇ ਕਾਫੀ ਕੁੱਝ ਗਵਾਇਆ ਵੀ ਹੈ। ਟਾਇਮ ਬੜਾ ਬਲਵਾਨ ਹੁੰਦਾਂ ਹੈ ਪਤਾ ਹੀ ਨਹੀ ਲੱਗਦਾ ਕਦੋਂ ਅਸੀ ਬਚਪਨ ਤੋਂ ਜਵਾਨੀ ਅਤੇ ਫਿਰ ਜੁਵਾਨੀ ਤੋਂ ਬੁਢਾਪੇ ਤੱਕ ਦਾ ਸਫਰ ਪੂਰਾ ਕਰ ਲੈਦੇ ਹਾਂ। ਜਦੋਂ ਆਪਣੇ ਬਚਪਨ ਵਾਲੇ ਸਾਲਾਂ ਬਾਰੇ ਸੋਚਣ ਲੱਗਦੇ ਹਾਂ ਤਾਂ ਉਸ ਚੰਗੇ ਵੇਲੇ ਦੀਆਂ ਸਾਰੀਆਂ ਯਾਦਾਂ ਅੱਖਾਂ ਅੱਗੇ ਘੁੰਮਣ ਲੱਗ ਜਾਂਦੀਆਂ ਹਨ। ਹੁਣ ਦੀ ਭੱਜ ਦੌੜ ਵਾਲੀ ਜਿੰਦਗੀ ਦਾ ਅਤੇ ਬਚਪਨ ਵਾਲੀ ਜਿੰਦਗੀ ਦਾ ਬੜਾ ਫਰਕ ਹੁੰਦਾ ਸੀ। ਕਦੇ ਸੋਚਦੇ ਹੁੰਦੇ ਸੀ ਕਿ ਕਦੇ ਸਾਡੇ ਕੋਲ ਵੀ ਪੈਸੇ ਹੋਇਆ ਕਰਨਗੇ? ਪਰ ਹੁਣ ਪੈਸੇ ਵਾਲੇ ਹੋ ਕੇ ਬਚਪਨ ਦੀ ਉਹ ਖੁਸ਼ੀ ਭਰੀ ਜਿੰਦਗੀ ਨੂੰ ਵਾਪਿਸ ਪਾਉਣ ਲਈ ਤਰਸ ਰਹੇ ਹਾਂ।
ਬਚਪਨ ਵਿੱਚ ਸਾਰੇ ਧਰਮਾਂ ਦੇ ਤਿਉਹਾਰਾਂ ਨੂੰ ਰਲ ਮਿਲ ਕੇ ਮਨਾਈਦਾ ਸੀ। ਪਰ ਹੁਣ ਜਦ ਵੀ ਕੋਈ ਤਿਉਹਾਰ ਆਉਣਾ ਹੁੰਦਾਂ ਤਾਂ ਸੋਸਲ ਮੀਡੀਆਂ ਤੇ ਕਈ ਵਿਦਵਾਨ ਪੈਦਾ ਹੋ ਜਾਂਦੇ ਹਨ। ਕਈ ਕਹਿਣਗੇ ਕਿ ਆਹ ਤਿਉਹਾਰ ਸਿੱਖਾਂ ਦਾ ਨਹੀ, ਆਹ ਤਿਉਹਾਰ ਨਾ ਮਨਾਉ, ਤੇ ਕਈ ਕਹਿਣਗੇ ਆਹ ਤਿਉਹਾਰ ਮਨਾਉ, ਇਹਨਾਂ ਦੀ ਸੁਣ ਕੇ ਕਈ ਲੋਕਾਂ ਨੇ ਕਈ ਤਿਉਹਾਰ ਮਨਾਉਣੇ ਬੰਦ ਵੀ ਕਰ ਦਿੱਤੇ ਹਨ ।
ਬਚਪਨ ਵਿੱਚ ਜਦੋਂ ਨਵਾਂ ਸਾਲ ਚੜ੍ਹਨਾ ਹੁੰਦਾਂ ਤਾਂ ਮੇਰੇ ਵਰਗਿਆਂ ਨੂੰ ਜਲੰਧਰ ਦੂਰਦਰਸਨ ਉੱਤੇ ਆਉਣ ਵਾਲੇ ਨਵੇਂ ਸਾਲ ਦੇ ਪ੍ਰੋਗਰਾਮ ਦੀ ਉਡੀਕ ਰਹਿੰਦੀ ਸੀ, ਦਿਨ ਵੇਲੇ ਕੋਠੇ ਤੇ ਚੜ ਕੇੇ ੲੰਟੀਨਾ ਘੁੰਮਾ ਕੇ ਚੈਕ ਕਰਨਾ ਕਿ ਰਾਤ ਵੇਲੇ ਟੀ.ਵੀ. ਠੀਕ ਚੱਲੇ, ਰਾਤ ਨੂੰ ਸਾਰੇ ਪਰਿਵਾਰ ਤੇ ਗੁਆਢੀਆਂ ਨੇ ਇਕੱਠੇ ਬੈਠ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਨਣਾ। ਨਵਾਂ ਸਾਲ ਚੜ੍ਹਨ ਤੋਂ ਬਾਅਦ ਲੋਹੜੀ ਦੇ ਤਿਉਹਾਰ ਬਾਰੇ ਸੋਚਣ ਲੱਗ ਜਾਣਾ। ਲੋਹੜੀ ਵਾਲੇ ਦਿਨ ਸਾਰੇ ਪਿੰਡ ਵਿੱਚੋਂ ਲੋਹੜੀ ਮੰਗਣੀ, ਪਾਥੀਆਂ ਇਕੱਠੀਆਂ ਕਰਨੀਆਂ, ਕੱਠੇ ਹੋਏ ਪੈਸ਼ਿਆਂ ਦੀ ਪਿੰਡ ਵਾਲੀ ਦੁਕਾਨ ਤੋਂ ਟੋਫੀਆਂ ਲੈ ਲੈਣੀਆਂ, ਉਹਨਾਂ ਦਾ ਜੋ ਸੁਆਦ ਸੀ, ਉਹ ਅੱਜ ਮਹਿੰਗੀਆਂ ਦੁਕਾਨਾਂ ਦੇ ਪੀਜੇ ਬਰਗਰਾਂ ਵਿੱਚ ਨਹੀ ਮਿਲ ਸਕਦਾ। ਰਾਤ ਨੂੰ ਲੋਹੜੀ ਬਾਲਣੀ, ਚਾਚੇ ਤਾਇਆਂ ਦੇ ਸਾਰੇ ਪਰਿਵਾਰਾਂ ਨੇ ਮਿਲ ਜੁਲ ਕੇ ਬੈਠਣਾਂ। ਅੱਜ ਕੱਲ ਤਾਂ ਕਿਸੇ ਵਿਆਹ ਆਦਿ ਤੇ ਵੀ ਪੂਰਾਂ ਪਰਿਵਾਰ ਇੱਕਠਾ ਨਹੀ ਹੁੰਦਾਂ ਹੈ।
ਲੋਹੜੀ ਤੋਂ ਬਾਅਦ ਰੱਖੜੀਆਂ ਦੀ ਉਡੀਕ ਸੁਰੂ ਹੋ ਜਾਂਦੀ ਸੀ। ਭੈਣਾਂ ਕੋਲੋ ਰੱਖੜੀ ਬਣਾਉਣੀ, ਆਂਢ-ਗੁਆਂਢ ਦੀਆਂ ਕਈ ਕੁੜੀਆਂ ਨੇ ਘਰ ਰੱਖੜੀ ਬੰਨਣ ਆ ਜਾਣਾ। ਮੇਰੇ ਵਰਗਿਆਂ ਦੀਆਂ ਸਾਰੀਆਂ ਬਾਹਵਾਂ ਰੱਖੜੀਆਂ ਨਾਲ ਭਰ ਜਾਦੀਆਂ ਸਨ, ਮਾਂ ਨੇ ਸਭ ਕੁੜੀਆਂ ਨੂੰ ਰੱਖਵੀ ਬੰਨਣ ਦੇ ਪੈਸੇ ਦੇਣੇ। ਉਸ ਵੇਲੇ ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਭੈਣਾਂ ਸਮਝਿਆਂ ਜਾਂਦਾ ਸੀ, ਹੁਣ ਵਾਲੇ ਮੁੰਡੇ ਤਾਂ ਗੁਆਢ ਵਿੱਚ ਰਹਿਣ ਵਾਲੀਆਂ ਕੁੜੀਆਂ ਨਾਲ ਹੀ ਲਵ ਮੈਰਿਜ ਕਰਵਾਈ ਜਾਂਦੇ ਹਨ।
ਜਦ ਗਰਮੀਆ ਦੀਆਂ ਛੁੱਟੀਆਂ ਹੋਣ ਵਾਲੀਆਂ ਹੁੰਦੀਆਂ ਤਾਂ ਮੇਰੇ ਵਰਗਿਆਂ ਨੂੰ ਰਾਤਾਂ ਨੂੰ ਵੀ ਨਾਨਕੇ ਘਰ ਜਾਣ ਦੇ ਸੁਪਨੇ ਆਉਣੇ ਸੁਰੂ ਹੋ ਜਾਣੇ। ਉਸ ਟਾਇਮ ਅੱਜ ਵਾਗੂੰ ਹਿੱਲ ਸਟੇਸਨ ਤੇ ਜਾਣ ਦਾ ਰਿਵਾਜ ਨਹੀ ਸੀ. ਸਾਨੂੰ ਤਾਂ ਬੱਸ ਨਾਨਕੇ ਘਰ ਹੀ ਸਿਮਲੇ ਨਾਲੋਂ ਜਿਆਦਾ ਪਿਆਰਾ ਹੁੰਦਾਂ ਸੀ। ਛੁੱਟੀਆਂ ਹੁੰਦੇ ਸਾਰ ਨਾਨਕੇ ਚਲੇ ਜਾਣਾ। ਸਾਰਾ ਦਿਨ ਮਾਮੇ ਹੋਰਾਂ ਦੇ ਜੁਵਾਕਾਂ ਨਾਲ ਖੇਡੀ ਜਾਣਾ, ਮੋਟਰ ਤੇ ਨਹਾਉਣਾ, ਕਿਸੇ ਦੇ ਵੀ ਘਰ ਬਗੈਰ ਝਿਜਕ ਦੇ ਰੋਟੀ ਖਾ ਲੈਣੀ। ਸਾਰਾ ਪਿੰਡ ਹੀ ਨਾਨਕਾ ਘਰ ਹੁੰਦਾਂ ਸੀ। ਰਾਤ ਨੂੰ ਬਾਹਰ ਵੇਹੜੇ ਚੋ ਮੰਜੇ ਡਾਹ ਲੈਣੇ, ਤਾਰਿਆਂ ਨੂੰ ਵੇਖੀ ਜਾਣਾ, ਨਾਨੀ ਨੇ ਕਹਾਣੀਆਂ ਸੁਣਾਈ ਜਾਣੀਆਂ, ਕਦੋਂ ਨੀਦ ਆ ਜਾਣੀ , ਪਤਾ ਹੀ ਨਹੀ ਚੱਲਣਾ। ਮਾਂ ਨੇ ਵੀ ਸਾਰੀ ਸਾਰੀ ਰਾਤ ਨਾਨੀ ਨਾਲ ਪਤਾ ਨਹੀ ਕੀ ਕੀ ਗੱਲਾਂ ਕਰੀ ਜਾਣੀਆਂ। ਸਵੇਰੇ ਉੱਠਦੇ ਨੂੰ ਮਾਮੀ ਨੇ ਅੰਬ ਦੇ ਅਚਾਰ ਨਾਲ ਪਰੌਠੇਂ ਅਤੇ ਚਾਹ ਦਾ ਗਿਲਾਸ ਭਰਕੇ ਦੇ ਦੇਣਾ, ਬੜਾ ਸਵਾਦ ਆਉਣਾ ਖਾ ਕੇ, ਅੱਜ ਦੇ ਪੀਜੇ ਬਰਗਰ ਮਾਮੀ ਦੇ ਉਹਨਾਂ ਪਰੌਠਿਆਂ ਦੀ ਕਦੇ ਰੀਸ਼ ਨਹੀ ਕਰ ਸਕਦੇ। ਬਰਸਾਤਾਂ ਦੇ ਮੌਸਮ ਵਿੱਚ ਜਦ ਮੀਹ ਆਉਣਾ ਸਿਰ ਤੇ ਲਿਫਾਫੇ ਬੰਨ ਕੇ ਦੋਸਤਾਂ ਨਾਲ ਗਲੀਆਂ ਵਿੱਚ ਨਹਾਉਣਾ, ਚਿੱਕੜ ਵਿੱਚ ਲਿੱਟਣਾ, ਕਦੇ ਕਿਸੇ ਕੀਟਾਣੂ ਦਾ ਡਰ ਨਹੀ ਸੀ ਹੁੰਦਾਂ, ਬੱਸ ਮੀਹ ਵਿੱਚ ਨਹਾ ਕੇ ਸਵਾਦ ਲੈਣਾ। ਬੱਸ ਇਸ ਤਰਾਂ ਹੀ ਬੀਤ ਜਾਣੀਆਂ ਸਾਰੀਆਂ ਛੁੱਟੀਆਂ, ਫਿਰ ਹੋਲ ਜਿਹਾ ਪੈਣਾ ਕਿ ਫਿਰ ਸਕੂਲ ਜਾਣਾ ਪੈਣਾ।
ਇਸ ਤੋਂ ਬਾਅਦ ਦੁਸਿਹਰੇ ਦੀ ਉਡੀਕ ਸੁਰੂ ਹੋ ਜਾਣੀ, ਮਾਂ ਤੇ ਦਾਦੀ ਨੇ ਕੰਧ ਉੱਤੇ ਮਿੱਟੀ ਦੇ ਚੰਦ ਤਾਰੇ ਜਿਹੇ ਬਣਾ ਕੇ ਲਗਾ ਦੇਣੇ, ਜਿਹਨਾਂ ਨੂੰ ਦੁਸਿਹਰੇ ਵਾਲੇ ਦਿਨ ਜਲ ਪਰਵਾ ਕਰਨਾ ਹੁੰਦਾਂ ਸੀ। ਸਾਡੇ ਵਰਗਿਆਂ ਨੇ ਟੈਲੀਵਿਜਨ ਤੇ ਰਮਾਇਣ ਵੇਖ ਕੇ ਆਪਣੇ ਆਪ ਨੂੰ ਹਾਨੂੰਮਾਨ ਹੀ ਸਮਝੀ ਜਾਣਾ, ਸਾਰਾ ਦਿਨ “ਸ੍ਰੀ ਰਾਮ ਚੰਦਰ ਕੀ ਜੈ” ਦੇ ਜੈਕਾਰੇ ਲਾਉਦਿਆਂ ਨੇ ਘੁੰਮੀ ਜਾਣਾ।
ਦੁਸਿਹਰਾਂ ਚਲੇ ਜਾਣਾ ਫਿਰ ਦੀਵਾਲੀ ਦੀਆਂ ਤਿਆਰੀਆਂ ਸੁਰੂ ਹੋ ਜਾਣੀਆਂ। ਮਾਂ ਨੇ ਗੋਹੇ ਨਾਲ ਸਾਰੇ ਘਰ ਦੇ ਵਿਹੜੇ ਨੂੰ ਲਿੱਪ ਪੋਚ ਦੇਣਾ। ਬਾਪੂ ਹੋਰਾਂ ਨੇ ਆਪਣੇ ਹੱਥਾਂ ਨਾਲ ਘਰ ਨੂੰ ਰੰਗ ਰੋਗਨ ਕਰਨਾਂ। ਘਰ ਦੇ ਕੋਠੇ ਤੇ ਲੱਗੇ ਟੈਲੀਵਿਜਨ ਵਾਲੇ ੲੰਨਟੀਨੇ ਤੇ ਰੋਸਨੀ ਲਈ ਬਿਜਲੀ ਦੇ ਬੱਲਬਾਂ ਵਾਲੀ ਲੜੀ ਲਾ ਦੇਣੀ। ਹੁਣ ਤਾਂ ਆਪਣੇ ਸਭ ਦੇ ਘਰ ਮਠਿਆਈ ਆਉਦੀ ਹੀ ਰਹਿੰਦੀ ਹੈ ,ਪਰ ਉਦੋਂ ਮਠਿਆਈ ਦਾ ਮੂੰਹ ਤਾਂ ਦਿਵਾਲੀ ਨੂੰ ਹੀ ਵੇਖਣ ਨੂੰ ਮਿਲਦਾ ਹੁੰਦਾਂ ਸੀ, ਉਦੋਂ ਹੁਣ ਵਾਗੂੰਂ ਵਾਧੂ ਮਠਿਆਈ ਦੀਆਂ ਦੁਕਾਨਾਂ ਨਹੀ ਹੁੰਦੀਆਂ ਹਨ। ਉਦੋਂ ਕੋਈ ਸੂਗਰ ਆਦਿ ਦੀ ਬਿਮਾਰੀ ਵੀ ਨਹੀ ਸੀ, ਰੱਜ ਕੇ ਮਿੱਠਾ ਖਾਈਦਾ ਸੀ।
ਜਦ ਦਿਵਾਲੀ ਆਉਣੀ ਹੁੁੰਦੀ ਸੀ, ਤਾਂ ਕਈ ਦਿਨ ਪਹਿਲਾਂ ਹੀ “ਕੁੱਕੜ “ਬੰਬ ਲੈ ਲਾਉਣੇ ਸਾਰਾ ਦਿਨ ਬੰਬ ਚਲਾਉਦੇ ਲੰਘ ਜਾਣਾ। ਦਿਵਾਲੀ ਵਾਲੀ ਸਾਮ ਨੂੰ ਦਿਵਾਲੀ ਦਾ ਮੱਥਾ ਟੇਕਣਾ,ਕੰਧਾਂ ਉੱਤੇ ਦੀਵੇ ਬਾਲਣੇ। ਸਾਨੂੰ ਤਾਂ ਬੱਸ ਰਾਤ ਦਾ ਇੰਤਜਾਰ ਹੁੰਦਾਂ ਸੀ, ਰਾਤ ਨੂੰ ਜੀ ਭਰ ਕੇ ਬੰਬ ਪਟਾਕੇ ਚਲਾਉਣੇ। ਦਿਵਾਲੀ ਵਾਲੀ ਰਾਤ ਨੂੰ ਚਾਹੇ ਘਰ ਦੇ ਅੰਦਰ ਕਿੰਨੇ ਵੀ ਪਟਾਕੇ ਪਏ ਹੋਣੇ,ਬੱਸ ਆਹ ਹੀ ਟੈਨਸ਼ਨ ਰਹਿਣੀ ਕਿ ਕਿਤੇ ਬੰਬ ਨਾ ਮੁੱਕ ਜਾਣ, ਇਸ ਲਈ ਮੁਰਗਾ ਬੰਬ ਵੀ ਖੋਲ ਕੇ ਕੱਲਾ ਕੱਲਾ ਕਰਕੇ ਚਲਾਉਣਾ। ਦਿਵਾਲੀ ਵੀ ਰਾਤ ਬਹੁਤ ਖੁਸ਼ੀ ਦਿੰਦੀ ਸੀ। ਮਾਂ ਨੇ ਕਹਿਣਾ ਕਿ ਥੋੜੇ ਜਿਹੇ ਬੰਬ ਗੁਰੁ ਨਾਨਕ ਦੇਵ ਜੀ ਦੇ ਗੁਰਪੁਰਬ ਲਈ ਵੀ ਸਾਂਭ ਕੇ ਰੱਖ ਲਉ। ਸਵੇਰੇ ਉੱਠ ਕੇ ਜੇ ਚੱਲੇ ਹੋਏ ਬੰਬਾਂ ਵਿੱਚੋਂ ਕੋਈ ਅਣਚੱਲਿਆਂ ਬੰਬ ਮਿਲ ਜਾਣਾ ਤਾਂ ਲੱਗਣਾਂ ਜਿਵੇਂ ਸਵਰਗਾਂ ਦੇ ਦਰਸਨ ਹੋ ਗਏ ਹਨ।
ਹੁਣ ਵੱਡੇ ਹੋ ਗਏ ਹਾਂ, ਜੇਬ ਵਿੱਚ ਪੈਸਾ ਹੁੰਦੇ ਹੋਇਆ ਵੀ ਉਹ ਟਾਇਮ ਹੁਣ ਕਦੇ ਵਾਪਿਸ ਨਹੀ ਲਿਆ ਸਕਦੇ , ਪ੍ਰਮਾਤਮਾ ਦੀ ਕ੍ਰਿਪਾ ਨਾਲ ਹੁਣ ਗੱਡੀਆਂ ਵਿੱਚ ਘੁੰਮਣ ਜੋਗੇ ਹੋ ਗਏ ਹਾਂ , ਪਰ ਜਿਹੜਾ ਸੁਆਦ ਸਾਇਕਲ ਦੇ ਟਾਇਰਾਂ ਨੂੰ ਕੱਚਿਆਂ ਰਾਹਾਂ ਵਿੱਚ ਚਲਾਉਣ ਦਾ ਆਉਦਾਂ ਸੀ, ਉਹ ਹੁਣ ਵੱਡੀ ਤੋਂ ਵੱਡੀ ਗੱਡੀ ਚਲਾ ਕੇ ਵੀ ਨਹੀ ਮਿਲ ਸਕਦਾ। ਦਿਵਾਲੀ ਹੁਣ ਵੀ ਆਉਦੀ ਹੈ, ਬੰਬ ਪਟਾਕੇ ਹੁਣ ਵੀ ਪਹਿਲਾਂ ਵਰਗੇ ਹੀ ਹੂੰਦੇ ਹਨ , ਪਰ ਪਤਾ ਨਹੀ ਕਿਊ ਉਹ ਪਹਿਲਾਂ ਵਰਗਾ ਚਾਅ ਦਿਲ ਵਿੱਚ ਪੈਦਾ ਨਹੀਂ ਹੁੰਦਾ ਹੈ। ਪਤਾ ਨਹੀ ਆਪਾਂ ਬਦਲ ਗਏ ਹਾਂ ਜਾਂ ਇਹ ਦੁਨੀਆਂ? ਬਚਪਨ ਦੀਆਂ ਉਹ ਸਰਾਰਤਾਂ ਅਤੇ ਯਾਰ ਬੇਲੀ ਪਤਾ ਨਹੀ ਹੁਣ ਕਿੱਥੇ ਗੁੰਮ ਹੋ ਗਏ ਹਨ,ਕਦੇ ਕਦੇ ਸੁਪਨੇ ਚੋ ਉਸ ਪੁਰਾਣੀ ਜਿੰਦਗੀ ਦੇ ਦਰਸਨ ਜਿਹੇ ਜਰੂਰ ਹੋ ਜਾਂਦੇ ਹਨ। ਹੁਣ ਤਾਂ ਸਾਰੇ ਦਿਨ ਇੱਕੋ ਜਿਹੇ ਹੀ ਲੱਗਦੇ ਹਨ। ਸਾਲ ਦੇ ਬਦਲਣ ਦਾ ਵੀ ਹੁਣ ਖਾਸ ਫਰਕ ਜਿਹਾ ਨਹੀ ਪੈਦਾਂ, ਜਿੰਦਗੀ ਬੱਸ ਪੈਸੇ ਕਮਾਉਣ ਵਾਲੀ ਮਸ਼ੀਨ ਜਿਹੀ ਬਣਕੇ ਰਹਿ ਗਈ ਹੈ,ਦਿਨ ਮਹੀਨੇ ਅਤੇ ਸਾਲ ਪਤਾ ਨਹੀ ਕਿਵੇਂ ਕੰਮਾਂ-ਕਾਜਾ ਵਿੱਚ ਲੰਘ ਜਾਂਦੇ ਹਨ, ਪਤਾ ਹੀ ਨਹੀ ਲੱਗਦਾ। ਅੰਤ ਵਿੱਚ ਮੇਰੀ ਬੇਨਤੀ ਹੈ ਕਿ ਜਿੰਦਗੀ ਦਾ ਕੋਈ ਪਤਾ ਨਹੀ ਕਦੋਂ ਮੁੱਕ ਜਾਵੇ, ਇਸ ਲਈ ਹਰ ਇੱਕ ਦਿਨ ਦੇ ਹਰ ਇੱਕ ਪਲ ਨੂੰ ਹੱਸ ਖੇਡ ਕੇ ਬਿਤਾਉ। ਜਿੰਦਗੀ ਇਨਸਾਨੀਅਤ ਦੇ ਲੇਖੇ ਲਾਉ ਕਿਉਕਿ ਚੰਗੇ ਕੰਮਾਂ ਵਾਲੇ ਹਮੇਸਾਂ ਯਾਦ ਰੱਖੇ ਜਾਣਗੇ।
-ਗੁਰਪ੍ਰੀਤ ਸਿੰਘ ਵਿੱਕੀ

Comment here