ਅਪਰਾਧਸਿਆਸਤਖਬਰਾਂ

ਅੰਮ੍ਰਿਤਪਾਲ ਨੇ ਪੁਲਿਸ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕਿਆ

ਅਜਨਾਲਾ-ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਪੁਲਿਸ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕ ਲਿਆ ਹੈ। ਅੰਮ੍ਰਿਤਸਰ ਦੇ ਐਸ.ਐਸ. ਪੀ. ਨੇ ਕਿਹਾ ਕਿ ਸਾਡੇ ਸਾਹਮਣੇ ਪੇਸ਼ ਸਬੂਤਾਂ ਅਨੁਸਾਰ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਬਣਾ ਦਿੱਤੀ ਗਈ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਗਿਆ ਸੀ। ਦਰਅਸਲ ਪੁਲਿਸ ਉੱਤੇ ਹਮਲਾ ਕਰਨ ਵਾਲੇ ਲੋਕ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਸਨ। ਦੂਜੇ ਪਾਸੇ ਪੁਲਿਸ ਦੇ ਵੱਲੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਸੀ। ਪੁਲਿਸ ਦੇ ਨਾਲ ਝੜਪ ਦੇ ਦੌਰਾਨ 6 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਸੀ ।
ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਵੱਡੀ ਸੰਖਿਆਂ ਵਿੱਚ ਅਜਨਾਲਾ ਜਾਣਗੇ ਅਤੇ ਪੁਲਿਸ ਵੱਲੋਂ ਲਵਪ੍ਰੀਤ ਸਿੰਘ ਤੂਫਾਨ ਉੱਤੇ ਦਰਜ ਕੀਤੇ ਮਾਮਲੇ ਦਾ ਵਿਰੋਧ ਕਰਨਗੇ। ਇਸ ਕਾਫਿਲੇ ਦੇ ਆਉਣ ਦੀ ਸੂਚਨਾ ਤੋਂ ਪਹਿਲਾਂ ਪੁਲਿਸ ਨੇ ਚੌਕਸੀ ਵਧਾ ਦਿੱਤੀ ਸੀ। ਜਿਸ ਵੇਲੇ ਹੰਗਾਮਾ ਹੋਇਆ ਤਾਂ ਉਸ ਵੇਲੇ ਅੰਮ੍ਰਿਤਪਾਲ ਸਿੰਘ ਵੀ ਅਜਨਾਲਾ ਪਹੁੰਚ ਗਿਆ ਸੀ। ਹਾਲਾਂਕਿ ਐਸਐਸਪੀ ਸਤਿੰਦਰ ਸਿੰਘ ਨਾਲ ਮੀਟਿੰਗ ਵੀ ਹੋਈ ਅਤੇ ਜਥੇਬੰਦੀ ਨੇ ਪੁਲਿਸ ਨੂੰ ਚਿਤਾਵਨੀ ਦੇ ਨਾਲ ਨਾਲ 1 ਘੰਟੇ ਦਾ ਅਲਟੀਮੇਟਮ ਦਿੱਤਾ ਕਿ ਤੂਫਾਨ ਸਿੰਘ ਨੂੰ ਛੱਡ ਦਿੱਤਾ ਜਾਵੇ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੀ ਮੌਕੇ ਉੱਤੇ ਪੁਲਿਸ ਨੂੰ ਇਕ ਘੰਟੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਲਵਪ੍ਰੀਤ ਸਿੰਘ ਤੂਫਾਨ ਨੂੰ ਛੱਡਿਆ ਜਾਵੇ ਅਤੇ ਪਰਚਾ ਰੱਦ ਕੀਤਾ ਜਾਵੇ। ਉਸਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਕਿਹਾ ਨਹੀਂ ਮੰਨਦੀ ਤਾਂ ਅੰਜਾਮ ਵੀ ਭੁਗਤਣਾ ਪਵੇਗਾ। ਇਸਦੇ ਨਾਲ ਨਾਲ ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ ਅਤੇ ਵਾਹਿਗੁਰੂ ਦਾ ਜਾਪ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਅਜਨਾਲਾ ਦੇ ਜਿਸ ਥਾਣੇ ਦੇ ਬਾਹਰ ਝੜਪ ਹੋਈ ਹੈ। ਇਥੇ 30 ਲੋਕਾਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਵੀ ਤਿਖਾ ਬਿਆਨ ਦਿਤਾ ਸੀ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਉਨ੍ਹਾਂ ਨੂੰ ਮਰਵਾਉਣਾ ਚਾਹੁੰਦੇ ਹਨ। ਇਹੀ ਵੀ ਯਾਦ ਰਹੇ ਕਿ 15 ਫਰਵਰੀ ਨੂੰ ਅਜਨਾਲਾ ਵਿਖੇ ਚਮਕੌਰ ਸਾਹਿਬ ਦੇ ਬਰਿੰਦਰ ਸਿੰਘ ਨੂੰ ਕਿਡਨੈਪ ਕਰਨ ਦੀ ਘਟਨਾ ਵਾਪਰੀ ਸੀ। ਜੰਡਿਆਲਾ ਲਾਗੇ ਅੰਮ੍ਰਿਤਪਾਲ ਦੀ ਮੌਜੂਦਗੀ ਵਿਚ ਕੁੱਟਮਾਰ ਕਰਨ ਦੇ ਇਲਜਾਮ ਲੱਗੇ ਸਨ। ਇਸ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਉੱਤੇ ਪਰਚਾ ਦਰਜ ਕੀਤਾ ਸੀ।
ਐੱਸਐੱਸਪੀ ਅਜਨਾਲਾ ਨੇ ਕਿਹਾ ਕਿ ”ਜਿਹੜੇ ਮੁੱਖ ਸੇਵਾਦਾਰ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ ਹੈ। ਲਵਪ੍ਰੀਤ ਸਿੰਘ ਨੂੰ ਮੁਕਦਮੇ ਦੀ ਤਫਤੀਸ਼ ਲਈ ਸਿਟ ਬਣਾਈ ਗਈ ਹੈ। ਜਿਹੜੇ ਸਬੂਤ ਦਿੱਤੇ ਗਏ ਹਨ, ਉਸ ਵਿੱਚ ਲਵਪ੍ਰੀਤ ਉੱਥੇ ਨਹੀਂ ਹੈ। ਕੱਲ੍ਹ ਉਸਨੂੰ ਡਿਸਚਾਰਜ ਕੀਤਾ ਜਾਵੇਗਾ। ਫਿਲਹਾਲ ਇਹੀ ਕਹਾਂਗੇ ਕਿ ਬਿਆਨ ਦੇ ਆਧਾਰ ਉੱਤੇ ਹੀ ਕਾਰਵਾਈ ਕੀਤੀ ਗਈ ਹੈ। ਸਿਟ ਨੂੰ ਐਸਪੀ ਤੇਜਬੀਰ ਸਿੰਘ ਮੁਖੀ ਹੋਣਗੇ ਤੇ ਡੀਐਸਪੀ ਹੈੱਡ ਕਵਾਰਟਰ ਵੀ ਰਹਿਣਗੇ। ਪੁਲਿਸ ਨੇ ਅਨੁਸ਼ਾਸਨ ਦਾ ਧਿਆਨ ਦਿੱਤਾ ਹੈ। ਬਹੁਤ ਸੁਖਾਵੇਂ ਮਾਹੌਲ ਵਿੱਚ ਬੈਠਕ ਹੋਈ ਹੈ।’
ਉਧਰ ਵਾਰਿਸ ਪੰਜਾਬ ਦੇ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਨੇ ਬਿਆਨ ਦਿੰਦੇ ਕਿਹਾ ਕਿ ”ਪੁਲਿਸ ਨੇ ਕਿਹਾ ਕਿ ਪਰਚਾ ਦਰਜ ਹੋਵੇਗਾ ਅਤੇ ਸਿੰਘ ਨੂੰ ਕੱਲ੍ਹ ਰਿਹਾਅ ਕਰਨਗੇ। ਪੁਲਿਸ ਲਿਖਤੀ ਰੂਪ ਵਿੱਚ ਦੇਵੇਗੀ। ਕਿਸੇ ਦੇ ਘਰ ਛਾਪਾਮਾਰੀ ਨਹੀਂ ਹੋਵੇਗੀ। ਸਿੰਘ ਬਾਹਰ ਆਵੇਗਾ ਤਾਂ ਅਸੀਂ ਜਾਵਾਂਗੇ। ਅਸੀਂ ਸ਼ਾਂਤਮਈ ਤਰੀਕੇ ਨਾਲ ਵਹੀਰ ਕੱਢੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਖੜੇ ਕੀਤੇ ਵੱਡੇ ਸਵਾਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਨਾਲਾ ਵਿਖੇ ਵਾਪਰੇ ਸਾਰੇ ਘਟਨਾਕ੍ਰਮ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ।ਦਰਅਸਲ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਦੇ ਵੱਲੋਂ ਸਮਰਥਕਾਂ ਦੇ ਨਾਲ ਪੁਲਿਸ ਸਟੇਸ਼ਨ ਕੋਲ ਇਕੱਠ ਕੀਤਾ ਗਿਆ ਸੀ ਅਤੇ ਪੁਲਿਸ ਦੇ ਨਾਲ ਬਹਿਸਬਾਜੀ ਹੀ ਹੋਈ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਇਹ ਨਾ ਸਿਰਫ਼ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋਣਾ ਹੈ, ਸਗੋਂ ਇਸ ਤੋਂ ਵੀ ਵੱਧ ਗੰਭੀਰ ਹੈ”।
ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਵੱਲ ਕੇਂਦਰ ਸਰਕਾਰ ਦਾ ਧਿਆਨ ਦਿਵਾਉਂਦਿਆਂ ਚਿਤਾਵਨੀ ਦਿੱਤੀ ਕਿ ਇਨ੍ਹਾਂ ਘਟਨਾਵਾਂ ਵਿੱਚ ਇੱਕ ਖਾਸ ਨਮੂਨਾ ਹੈ, ਜੋ ਕੌਮੀ ਸੁਰੱਖਿਆ ਲਈ ਚੰਗਾ ਨਹੀਂ ਹੈ। “ਖਾਸ ਤੌਰ ‘ਤੇ ਜਦੋਂ ਪਾਕਿਸਤਾਨ ਅਜਿਹੀ ਸਥਿਤੀ ਨੂੰ ਹੱਲਾਸ਼ੇਰੀ ਦੇਣ ਅਤੇ ਇਸ ਦਾ ਸ਼ੋਸ਼ਣ ਕਰਨ ਲਈ ਤਿਆਰ ਹੈ”, ਉਸਨੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਰਾਜ ਸਰਕਾਰ ਦੀ ਯੋਗਤਾ ‘ਤੇ ਸਵਾਲ ਉਠਾਉਂਦੇ ਹੋਏ ਦੇਖਿਆ।
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕੀਤੀ ਨਿਖੇਧੀ
ਅੰਮ੍ਰਿਤਸਰ ਦੇ ਅਜਨਾਲਾ ਵਿਖੇ ਵਾਪਰੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਵਾਲ ਖੜੇ ਕਰਦਿਆਂ ਕਿਹਾ ਕਿਹੈ ਕਿ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਢਾਲ ਦੀ ਤਰ੍ਹਾਂ ਵਰਤ ਕੇ ਬੇਅਦਬੀ ਕੀਤੀ ਹੈ ।
ਅਜਨਾਲਾ ਕਾਂਡ ਦਾ ਸਮਾਂ ਨਿਵੇਸ਼ਕ ਸੰਮੇਲਨ ਵਾਲੇ ਦਿਨ ਕਿਉਂ?
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਵਾਪਰੀ ਇਸ ਘਟਨਾਂ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਜਦੋਂ ਇੱਕ ਪਾਸੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਵਧਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਅਤੇ ਨਿਵੇਸ਼ਕ ਸੰਮੇਲਨ ਕਰਵਾਇਆ ਜਾ ਰਿਹੈ ਜਿਸ ਤੋਂ ਪੰਜਾਬ ਨੂੰ ਬਹੁਤ ਉਮੀਦਾਂ ਹਨ ਤਾਂ ਇਸ ਹੀ ਦਿਨ ਅਜਿਹਾ ਘਟਨਾਕ੍ਰਮ ਨਿੰਦਣਯੋਗ ਹੈ ।

Comment here