ਸਿਆਸਤਖਬਰਾਂਦੁਨੀਆ

ਅਮਰੀਕੀ ਸੰਸਥਾ ਨੇ ਰੋਕਿਆ ਚੋਵਾ ਸਾਹਿਬ ਦਾ ਮੁਰੰਮਤ ਕਾਰਜ

ਪਾਕਿਸਤਾਨੀ ਪ੍ਰਬੰਧਕ ਨਹੀਂ ਕਰ ਰਹੇ ਸਹਿਯੋਗ

ਵਾਸ਼ਿੰਗਟਨ/ ਜ਼ੇਹਲਮ/ ਨਵੀਂ ਦਿੱਲੀ-ਬਹੁਤ ਸਾਰੀਆਂ ਸਿੱਖ ਸੰਸਥਾਵਾਂ ਸੰਗਤ ਦੇ ਸਹਿਯੋਗ ਨਾਲ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਗੁਰੂ ਘਰਾਂ ਦੀ ਸਾਂਭ ਸੰਭਾਲ ਅਤੇ ਮੁਰੰਮਤ ਜਾਂ ਨਵਉਸਾਰੀ ਦੇ ਕਾਰਜ ਕਰਨ ਵਿੱਚ ਜੁਟੀਆਂ ਰਹਿੰਦੀਆਂ ਹਨ। ਅਮਰੀਕਾ ਸਥਿਤ ਰਣਜੀਤ ਨਗਾਰਾ ਫਾਊਂਡੇਸ਼ਨ ਵੀ ਜੇਹਲਮ ਦੇ ਗੁਰਦੁਆਰਾ ਚੋਵਾ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ ਦੇ ਮੁਰੰਮਤ ਅਤੇ ਨਿਰਮਾਣ ਦੀ ਦੇਖ-ਰੇਖ ਕਰ ਰਹੀ ਸੀ, ਪਰ ਇਸ ਸੰਸਥਾ ਨੇ ਅਚਾਨਕ ਹੀ ਸਾਰੇ ਨਿਰਮਾਣ ਕਾਰਜ ਰੋਕ ਦਿੱਤੇ ਹਨ। ਇਸ ਬਾਰੇ ਸੰਗਤ ਨੂੰ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਫੈਸਲਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੁਆਰਾ ਉਨ੍ਹਾਂ ਨੂੰ ਹੁਣ ਤੱਕ ਕੀਤੇ ਗਏ ਕੰਮਾਂ ਦੇ ਬਿੱਲਾਂ ਅਤੇ ਖਰਚੇ ਦੇ ਵੇਰਵੇ ਸਹੀ ਤਰੀਕੇ ਨਾਲ ਨਾ ਪ੍ਰਦਾਨ ਕਰਨ ਕਰਕੇ ਲਿਆ ਗਿਆ ਹੈ। ਰਣਜੀਤ ਨਗਾਰਾ ਫਾਊਂਡੇਸ਼ਨ ਦੇ ਡਾਇਰੈਕਟਰ ਸਤਪ੍ਰੀਤ ਸਿੰਘ ਦਾ ਹਵਾਲਾ ਦਿੰਦੇ ਹੋਏ, ਮੀਡੀਆ ਰਿਪੋਰਟਾਂ ਆਈਆਂ ਹਨ ਕਿ ਉਕਤ ਸੰਸਥਾ ਨੂੰ ਯੂਐਸ ਨਿਯਮਾਂ ਮੁਤਾਬਕ  ਹਰ ਸਾਲ ਅੰਦਰੂਨੀ ਮਾਲੀਆ ਸੇਵਾ, ਨਿਆਂ ਵਿਭਾਗ, ਨੂੰ ਆਪਣੇ ਖਰਚੇ ਦੇ ਦਸਤਾਵੇਜ਼ ਪ੍ਰਦਾਨ ਕਰਨੇ ਪੈਂਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵੇਰਵੇ ਨੂੰ “15 ਮਈ ਨੂੰ ਜਾਂ ਇਸ ਤੋਂ ਪਹਿਲਾਂ” ਜਨਤਕ ਡੋਮੇਨ ਵਿੱਚ ਪਾਉਣ ਲਈ ਵਿਭਾਗ ਦੀ ਸਾਈਟ ‘ਤੇ ਅਪਡੇਟ ਕੀਤਾ ਜਾਣਾ ਹੈ, ਪਰ ਪਾਕਿਸਤਾਨ ਵਿੱਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦਫਤਰ ਨੇ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ । ਇਸ ਲਈ ਉਕਤ ਸੰਸਥਾ ਨੇ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦਾ ਫੈਸਲਾ ਕੀਤਾ। ਰਿਪੋਰਟ ਅਨੁਸਾਰ ਪਿਛਲੇ ਸਮੇਂ ਵਿੱਚ ਵੀ ਔਕਾਫ਼ ਬੋਰਡ ਅਤੇ ਪੀਐਸਜੀਪੀਸੀ ਅਧਿਕਾਰੀਆਂ ਵੱਲੋਂ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਫਾਊਂਡੇਸ਼ਨ ਨੂੰ ਵੱਡੇ ਪੱਧਰ ‘ਤੇ ਸਿੱਖ ਡਾਇਸਪੋਰਾ ਦੁਆਰਾ ਫੰਡ ਦਿੱਤਾ ਜਾਂਦਾ ਹੈ। ਗੁਰਦੁਆਰਾ ਚੋਵਾ ਸਾਹਿਬ ਪ੍ਰੋਜੈਕਟ ਬਾਰੇ, ਫਾਊਂਡੇਸ਼ਨ ਆਪਣੀ ਵੈੱਬਸਾਈਟ ‘ਤੇ ਸਪੱਸ਼ਟ ਆਖਦੀ ਹੈ: “ਗੁਰੂ ਨਾਨਕ ਦੇਵ ਜੀ ਦੀ ਰਹਿਮਤ ਸਦਕਾ ਉਸ ਖੇਤਰ ਵਿਚ ਪਾਣੀ ਦਾ ਚਸ਼ਮਾ ਫੁੱਟਿਆ ਸੀ, ਪਾਣੀ ਦੇ ਚਸ਼ਮੇ ਨੂੰ ‘ਚੋਵਾ’ ਕਿਹਾ ਜਾਂਦਾ ਹੈ, ਇਸ ਲਈ ਇਸ ਸਥਾਨ ਦਾ ਨਾਮ ਚੋਵਾ ਸਾਹਿਬ ਪਿਆ। ਜਗਤ ਗੁਰੂ ਨਾਨਕ ਦੇਵ ਜੀ ਟਿੱਲਾ ਜੋਗੀਆਂ ਤੋਂ ਇਥੇ ਆਏ ਸਨ।  ਗੁਰਦੁਆਰੇ ਦੀ ਮੌਜੂਦਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ‘ਤੇ 1834 ਵਿਚ ਬਣਾਈ ਗਈ ਸੀ। ਇਮਾਰਤ ਦੇ ਇੱਕ ਪਾਸੇ ਘਣ ਨਦੀ ਹੈ ਅਤੇ ਦੂਜੇ ਪਾਸੇ ਇੱਕ ਕਿਲਾ ਹੈ। ਇਮਾਰਤ ਦੇ ਆਲੇ-ਦੁਆਲੇ ਬਾਕੀ ਦੇ ਪਾਸੇ ਅਸਮਾਨ ਅਤੇ ਅਣਵਿਕਸਿਤ ਜ਼ਮੀਨਾਂ ਹਨ। ਇਸ ਗੁਰੂ ਘਰ ਦੀ ਮੁਰੰਮਤ ਅਤੇ ਕੁਝ ਉਸਾਰੀਆਂ ਅਮਰੀਕਾ ਸਥਿਤ ਰਣਜੀਤ ਨਗਾਰਾ ਫਾਊਂਡੇਸ਼ਨ ਵੱਲੋਂ ਸੰਗਤ ਦੇ ਸਹਿਯੋਗ ਸਦਕਾ ਕਰਵਾਈਆਂ ਜਾ ਰਹੀਆਂ ਸਨ ਪਰ ਉਧਰੋੰ ਸਹਿਯੋਗ ਨਾਲ ਮਿਲਣ ਕਰਕੇ ਇਹ ਕਾਰਜ ਵਿੱਚ ਵਿਚਾਲੇ ਹੀ ਰੋਕਣਾ ਪਿਆ ਹੈ, ਜਿਸ ਨਾਲ ਦੁਨੀਆ ਭਰ ਵਿੱਚ ਵਸਦੀ ਨਾਨਕ ਨਾਮਲੇਵਾ ਸੰਗਤ ਵਿੱਚ ਨਿਰਾਸ਼ਾ ਦਾ ਆਲਮ ਹੈ।

Comment here