ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ਰਾਜਦੂਤ ਦੀ ਪੰਜਾਬ ਫੇਰੀ

ਰਾਜਪਾਲ ਨਾਲ ਕੀਤੀ ਮੁਲਾਕਾਤ
ਅਫਗਾਨਿਸਤਾਨ ਨਾਲ “ਮਜ਼ਬੂਤ ਸਬੰਧਾਂ” ਤੇ ਵਿਚਾਰ ਚਰਚਾ
ਚੰਡੀਗੜ੍ਹ- ਇਸਲਾਮਿਕ ਰੀਪਬਲਿਕ ਆਫ ਅਫਗਾਨਿਸਤਾਨ ਦੇ ਰਾਜਦੂਤ ਸ਼੍ਰੀ ਫਰੀਦ ਮਾਮੁੰਦਜ਼ੇ ਨੇ ਆਪਣੀ ਪੰਜਾਬ ਫੇਰੀ ਦੌਰਾਨ ਪੰਜਾਬ ਰਾਜ ਭਵਨ ਵਿਖੇ ਸ਼੍ਰੀ ਬਨਵਾਰੀਲਾਲ ਪੁਰੋਹਿਤ, ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ, ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਰਮਿਆਨ ਚਰਚਾ ਅਫਗਾਨਿਸਤਾਨ ਨਾਲ “ਮਜ਼ਬੂਤ ਸਬੰਧਾਂ” ਉੱਤੇ ਕੇਂਦਰਤ ਰਹੀ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਇਹ ਦੱਸਦੇ ਹੋਏ ਕਿ ਭਾਰਤ ਦੇ ਅਫਗਾਨਿਸਤਾਨ ਨਾਲ ਗਹਿਰੇ ਦੁਵੱਲੇ ਸੰਬੰਧ ਅਤੇ ਮਜ਼ਬੂਤ ਸਮਾਜਿਕ-ਸੱਭਿਆਚਾਰਕ ਰਿਸ਼ਤੇ ਹਨ, ਰਾਜਪਾਲ ਨੇ ਵੱਖ-ਵੱਖ ਖੇਤਰਾਂ ਵਿੱਚ ਸਾਂਝੇਦਾਰੀ ਅਤੇ ਸਾਂਝੇ ਉੱਦਮਾਂ ਰਾਹੀਂ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਸਹਿਮਤੀ ਪ੍ਰਗਟਾਈ। ਪੁਰੋਹਿਤ ਨੇ ਕਿਹਾ, “ਇਕ-ਦੂਜੇ ਦੇ ‘ਅਨੁਭਵ ਅਤੇ ਮੁਹਾਰਤ’ ਦੇ ਆਪਸੀ ਆਦਾਨ-ਪ੍ਰਦਾਨ ਦੁਆਰਾ ਦੋਵਾਂ ਮੁਲਕਾਂ ਲਈ ਸਿੱਖਣ ਅਤੇ ਅੱਗੇ ਵਧਣ ਦੀ ਵਧੇਰੇ ਸੰਭਾਵਨਾ ਹੈ।”
ਰਾਜਦੂਤ ਮਾਮੁੰਦਜ਼ੇ ਨੇ ਰਾਜਪਾਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਦੋ ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਨਾਲ ਵਪਾਰ ਦੀਆਂ ਅਨੇਕਾਂ ਸੰਭਾਵਨਾਵਾਂ ਹਨ ਜਿਹਨਾਂ ਨੂੰ ਖੋਜਣ ਅਤੇ ਉਸ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ। ਇਹ ਕਹਿੰਦਿਆਂ ਕਿ ਸੂਬੇ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਬਹੁਤ ਸਾਰੇ ਅਫਗਾਨ ਵਿਦਿਆਰਥੀ ਪੜ੍ਹ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਉਹਨਾਂ ਨੂੰ ਆਪਣੇ ਦੇਸ਼ ਦੇ ਨੌਜਵਾਨਾਂ ਲਈ ਸਿੱਖਿਆ ਦੀਆਂ ਅਨੇਕਾਂ ਸੰਭਾਵਨਾਵਾਂ ਦਿਖਾਈ ਦਿੰਦੀਆਂ ਹਨ।

Comment here