ਖਬਰਾਂਮਨੋਰੰਜਨ

ਫ਼ਿਲਮ ‘‘ਸਰਦਾਰ ਊਧਮ’’ ਚ ਕਮਾਲ ਦਿਖਾਉਣਗੇ ਵਿੱਕੀ ਕੌਸ਼ਲ 

ਮੁੰਬਈ-ਬਾਲੀਵੁੱਡ ਦੀ ਧੜਕਣ ਵਿੱਕੀ ਕੌਸ਼ਲ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਸਰਦਾਰ ਊਧਮ’ ਕਰਕੇ ਚਰਚਾ ਵਿਚ ਹਨ। ਇਸ ਫ਼ਿਲਮ ਨੇ ਜਿੱਥੇ ਆਲੋਚਕਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਦਰਸ਼ਕਾਂ ਨੇ ਵੀ ਇਸ ਨੂੰ ਪਸੰਦ ਕੀਤਾ ਹੈ। ਇਹ ਫ਼ਿਲਮ ਦਰਸ਼ਕਾਂ ’ਚ ਹੁਣ ਖ਼ੂਬ ਉਤਸੁਕਤਾ ਜਗਾਉਂਦੀ ਰਹੀ ਹੈ। ਵਿੱਕੀ ਕੌਸ਼ਲ ਨੇ ਆਪਣੀ ਪ੍ਰਤਿਭਾ ਦੇ ਜਲਵੇ ਵਿਖਾਏ ਹਨ। ਉਹ ਦਿਲੋਂ ਸੱਚੇ ਪੰਜਾਬੀ ਹਨ ਤੇ ਇਸ ਬਾਰੇ ਕੋਈ ਦੋ ਰਾਇ ਨਹੀਂ ਹੋ ਸਕਦੀ। ਉਹ ਕਦੇ-ਕਦੇ ਪੰਜਾਬੀ ਗੀਤਾਂ ’ਚ ਵੀ ਵਿਖਾਈ ਦੇ ਜਾਂਦੇ ਹਨ।
ਵਿੱਕੀ ਕੌਸ਼ਲ ਦਾ ਪੰਜਾਬੀ ਖ਼ਾਸਾ ਅੰਦਰੋਂ ਬਾਹਰ ਆਉਣ ਲਈ ਬੇਤਾਬ ਵਿਖਾਈ ਦਿੰਦਾ ਹੈ ਤੇ ਇਸ ਸਮੇਂ ਉਹ ਆਪਣੀ ਫ਼ਿਲਮ ਨੂੰ ਹਰ ਤਰ੍ਹਾਂ ਪ੍ਰੋਮੋਟ ਕਰਨ ਲਈ ਤਿਆਰ ਹਨ। ਉਨ੍ਹਾਂ ਜੈਜ਼ੀ ਬੀ ਦਾ ਗੀਤ ‘ਊਧਮ ਸਿੰਘ’ ਵਰਤਦਿਆਂ ਆਪਣੀਆਂ ਵਧੀਆ ਫ਼ਿਲਮਾਂ ਵਿਚੋਂ ਇੱਕ ਸ਼ੇਅਰ ਕੀਤੀ ਹੈ। ਇਹ ਗੀਤ ਦੋ ਦਹਾਕੇ ਪਹਿਲਾਂ ਫ਼ਿਲਮ ‘ਸ਼ਹੀਦ ਊਧਮ ਸਿੰਘ’ ਵਿਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਤੇ ਗੀਤ ਦੋਵਾਂ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਇਸ ਫ਼ਿਲਮ ਦਾ ਟਰੇਲਰ ਵੇਖਣ ਤੋਂ ਬਾਅਦ ਕੋਈ ਸ਼ੱਕ ਬਾਕੀ ਨਹੀਂ ਹੈ ਕਿ ਇਸ ਕਿਰਦਾਰ ਲਈ ਚੁਣੇ ਗਏ ਉਹ ਪਰਫ਼ੈਕਟ ਅਦਾਕਾਰ ਹਨ। ਉਨ੍ਹਾਂ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਕਿਰਦਾਰ ’ਚ ਫਿੱਟ ਬੈਠ ਸਕਦੇ ਹਨ ਅਤੇ ਇੰਝ ਜਾਪਦਾ ਹੈ ਕਿ ਜਿਵੇਂ ਇਹ ਕਹਾਣੀ ਉਨ੍ਹਾਂ ਲਈ ਹੀ ਲਿਖੀ ਗਈ ਹੋਵੇ।
ਪ੍ਰਸ਼ੰਸਕਾਂ ਨੇ ਵਿਕੀ ਕੌਸ਼ਲ ਨੂੰ ਇੱਕ ਬਾਗੀਆਨਾ ਰੂਪ ’ਚ ਵੇਖ ਕੇ ਡਾਢੀ ਖੁਸ਼ੀ ਪ੍ਰਗਟਾਈ ਹੈ ਅਤੇ ਇੱਥੋਂ ਤੱਕ ਆਸ ਪ੍ਰਗਟਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਜ਼ਰੂਰ ਮਿਲੇਗਾ। ਪਹਿਲਾਂ ਵਿਕੀ ਕੌਸ਼ਲ ਨੂੰ ਸਿਮਰਨ ਕੌਰ ਧਦਲੀ, ਅਮਰਿੰਦਰ ਗਿੱਲ ਤੇ ਵਜ਼ੀਰ ਪਾਤਰ ਦੇ ਗੀਤ ਸੁਣਦਿਆਂ ਵੇਖਿਆ ਗਿਆ ਸੀ। ਇਸ ਅਦਾਕਾਰ ਨੇ ਦਰਸ਼ਕਾਂ ਦੇ ਦਿਲ ਕਈ ਵਾਰ ਜਿੱਤੇ ਹਨ ਅਤੇ ਉਹ 16 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਸਰਦਾਰ ਊਧਮ’ ’ਚ ਇੱਕ ਵਾਰ ਫਿਰ ਕਮਾਲ ਵਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।

Comment here