ਸ੍ਰੀ ਕੀਰਤਪੁਰ ਸਾਹਿਬ – ਸ੍ਰੀ ਕੀਰਤਪੁਰ ਸਾਹਿਬ ਵਿਖੇ 14 ਮਾਰਚ ਤੋਂ ਖ਼ਾਲਸਾਈ ਜਾਹੋ ਜਲਾਲ ਅਤੇ ਸ਼ਾਨ ਦੇ ਪ੍ਰਤੀਕ ਸਾਲਾਨਾ 6 ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਮੇਲਾ ਦਾ ਪੜਾਅ ਸ਼ੁਰੂ ਹੋ ਰਿਹਾ ਹੈ। ਮੇਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੇਨੈਜਰ ਭਾਈ ਮਲਕੀਤ ਸਿੰਘ ਦੀ ਅਗਵਾਈ ਹੇਠ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੀ ਸੰਪੂਰਨਤਾ ਦੇ ਭੋਗ 16 ਮਾਰਚ ਨੂੰ ਪਾਏ ਜਾਣਗੇ ਅਤੇ ਇਸ ਤੋਂ ਬਾਅਦ ਮੇਲੇ ਦਾ ਦੂਜਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ 17 ਮਾਰਚ ਨੂੰ ਸ਼ੁਰੂ ਹੋ ਜਾਵੇਗਾ ਜੋ ਕਿ 19 ਮਾਰਚ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਗੁ.ਪਤਾਲਪੁਰੀ ਸਾਹਿਬ ਵਿਖੇ 30 ਅਤੇ ਗੁ. ਬਾਬਾ ਗੁਰਦਿੱਤਾ ਜੀ ਵਿਖੇ 20 ਸੀ. ਸੀ. ਟੀ. ਵੀ. ਕੈਮਰੇ ਕੰਮ ਕਰ ਰਹੇ ਹਨ ਅਤੇ ਹੋਰ ਗੁਰੂ ਘਰਾਂ ਵਿਚ 15 ਕੈਮਰੇ ਲਗਾਏ ਗਏ ਹਨ। ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਪਤਾਲਪੁਰੀ ਸਾਹਿਬ ਸਰਾਂ ਦੇ ਬਾਹਰ ਵਾਟਰ ਪਰੂਫ਼ ਟੈਂਟ ਸਿਟੀ ਲਗਾਇਆ ਜਾ ਰਿਹਾ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਗੁ. ਪਤਾਲਪੁਰੀ ਸਾਹਿਬ ਵਿਖੇ ਸਿਹਤ ਸਹੂਲਤਾਂ ਦੇਣ ਲਈ ਡਿਸਪੈਂਸਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵੱਖ-ਵੱਖ ਗੁਰੂ ਘਰਾਂ ਨੂੰ ਦੀਪ ਮਾਲਾ ਕਰਨ ਲਈ ਟੈਂਡਰ ਵੀ ਦਿੱਤਾ ਗਿਆ ਹੈ। ਮੇਲੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ 100 ਦੇ ਕਰੀਬ ਵਾਧੂ ਸਟਾਫ ਲਗਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਨਿਰਮਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਪਤਾਲਪੁਰੀ ਸਾਹਿਬ, ਕੁਲਦੀਪ ਸਿੰਘ ਰਿਕਾਰਡ ਕੀਪਰ, ਗੁਰਦਿਆਲ ਸਿੰਘ ਸਟੋਰ ਕੀਪਰ, ਰਤਨ ਸਿੰਘ ਆਦਿ ਹਾਜ਼ਰ ਸਨ।
Comment here