ਨਵੀਂ ਦਿੱਲੀ-ਹਾਕੀ ਵਿਸ਼ਵ ਕੱਪ 2023 ਦੇ ਵਿੱਚ ਭਾਰਤੀ ਟੀਮ ਨੇ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੂੰ ਬਿਰਸਾ ਮੁੰਡਾ ਸਟੇਡੀਅਮ ‘ਚ ਹੋਏ ਮੈਚ ‘ਚ ਸਪੇਨ ਨੂੰ 2-0 ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਦੀ ਜਿੱਤ ਵਿੱਚ ਅਮਿਤ ਰੋਹੀਦਾਸ ਅਤੇ ਹਾਰਦਿਕ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਜਿਨ੍ਹਾਂ ਨੇ ਆਪਣੀ ਟੀਮ ਦੇ ਲਈ ਇੱਕ-ਇੱਕ ਗੋਲ ਕੀਤਾ ਹੈ। ਭਾਰਤੀ ਟੀਮ ਦੇ ਵੱਲੋਂ ਅਗਲਾ ਮੈਚ 15 ਜਨਵਰੀ ਨੂੰ ਇੰਗਲੈਂਡ ਨਾਲ ਖੇਡਿਆ ਜਾਵੇਗਾ। ਟੀਮ ਇੰਡੀਆ ਨੂੰ ਪਹਿਲੇ ਕੁਆਰਟਰ ਦੇ 11ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਸੀ ਹਾਲਾਂਕਿ ਹਰਮਨਪ੍ਰੀਤ ਇਸ ‘ਤੇ ਗੋਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ । ਕੁਝ ਸਕਿੰਟਾਂ ਬਾਅਦ ਵਿਰੋਧੀ ਖਿਡਾਰੀ ਦੀ ਖਤਰਨਾਕ ਖੇਡ ਕਾਰਨ ਭਾਰਤ ਨੂੰ ਫਿਰ ਪੈਨਲਟੀ ਕਾਰਨਰ ਮਿਲ ਗਿਆ। ਇਸ ਵਾਰ ਭਾਰਤੀ ਟੀਮ ਨੇ ਮੌਕੇ ਦਾ ਫਾਇਦਾ ਉਠਾਉਣ ਵਿੱਚ ਕੋਈ ਗਲਤੀ ਨਹੀਂ ਕੀਤੀ ਅਤੇ ਅਮਿਤ ਰੋਹੀਦਾਸ ਨੇ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ । ਫਿਰ ਖੇਡ ਦੇ 13ਵੇਂ ਮਿੰਟ ‘ਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਹਾਲਾਂਕਿ ਇਸ ਦੌਰਾਨੇ ਗੋਲ ਨਹੀਂ ਹੋ ਕੀਤਾ ਜਾ ਸਕਿਆ।
ਪਹਿਲੇ ਕੁਆਰਟਰ ‘ਚ 1-0 ਨਾਲ ਅੱਗੇ ਚੱਲ ਰਹੀ ਟੀਮ ਇੰਡੀਆ ਨੇ ਦੂਜੇ ਕੁਆਰਟਰ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਟੀਮ ‘ਤੇ ਪੂਰੀ ਤਰ੍ਹਾਂ ਹਾਵੀ ਹੋ ਗਈ। ਭਾਰਤ ਨੂੰ ਹਮਲਾਵਰ ਹਾਕੀ ਖੇਡਣ ਦਾ ਫਾਇਦਾ ਖੇਡ ਦੇ 26ਵੇਂ ਮਿੰਟ ਵਿੱਚ ਹੋਇਆ ਜਦੋਂ ਹਾਰਦਿਕ ਸਿੰਘ ਵੱਲੋਂ ਮੈਦਾਨੀ ਗੋਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਤਰ੍ਹਾਂ ਭਾਰਤੀ ਟੀਮ ਮੈਚ ਵਿੱਚ 2-0 ਨਾਲ ਅੱਗੇ ਹੋ ਗਈ ਅਤੇ ਅੱਧੇ ਸਮੇਂ ਤੱਕ ਇਹ ਸਕੋਰ ਬਣਿਆ ਰਿਹਾ। ਜੇ ਦੇਖਿਆ ਜਾਵੇ ਤਾਂ ਪਹਿਲੇ 30 ਮਿੰਟਾਂ ‘ਚ ਸਪੇਨ ਨੂੰ ਸਿਰਫ ਇੱਕ ਪੈਨਲਟੀ ਕਾਰਨਰ ਮਿਲਿਆ ਜਿਸ ‘ਤੇ ਉਸ ਦੇ ਖਿਡਾਰੀ ਗੋਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ।
ਭਾਰਤ ਦੀ ਟੀਮ ਨੂੰ ਤੀਜੇ ਕੁਆਰਟਰ ਵਿੱਚ ਵੀ ਗੋਲ ਕਰਨ ਦੇ ਕਈ ਮੌਕੇ ਮਿਲੇ। ਭਾਰਤ ਨੂੰ ਖੇਡ ਦੇ 37ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਵੀ ਮਿਲਿਆ ਪਰ ਹਰਮਨਪ੍ਰੀਤ ਗੋਲ ਨਹੀਂ ਕਰ ਸਕੇ ਕਿਉਂਕਿ ਵਿਰੋਧੀ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤਾ ਸੀ। ਫਿਰ 37ਵੇਂ ਅਤੇ 43ਵੇਂ ਮਿੰਟ ਵਿੱਚ ਵੀ ਭਾਰਤ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਨਹੀਂ ਬਦਲ ਸਕੇ। ਚੌਥੇ ਕੁਆਰਟਰ ਫਾਈਨਲ ਵਿੱਚ ਸਪੈਨਿਸ਼ ਟੀਮ ਨੂੰ ਦੋ ਪੈਨਲਟੀ ਕਾਰਨਰ ਮਿਲੇ ਹਾਲਾਂਕਿ ਉਹ ਵੀ ਕੋਈ ਗੋਲ ਨਹੀਂ ਕਰ ਸਕੇ। ਇਸ ਤਰ੍ਹਾਂ ਭਾਰਤ ਨੇ ਅੰਤ ਵਿੱਚ ਇਹ ਮੈਚ 2-0 ਨਾਲ ਜਿੱਤ ਲਿਆ।
ਇਸ ਵਿਸ਼ਵ ਕੱਪ ਵਿੱਚ ਹਰ ਇੱਕ ਗਰੁੱਪ ਵਿੱਚੋਂ ਚੋਟੀ ਦੀ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ ਅਤੇ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਕਰਾਸਓਵਰ ਮੈਚ ਹੋਣਗੇ। ਭਾਰਤੀ ਟੀਮ ਨੂੰ ਸਪੇਨ, ਇੰਗਲੈਂਡ ਅਤੇ ਵੇਲਜ਼ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਇੰਗਲੈਂਡ ਨੇ ਪਹਿਲੇ ਮੈਚ ਵਿੱਚ ਵੀ ਵੇਲਜ਼ ਨੂੰ 5-0 ਨਾਲ ਹਰਾਇਆ ਸੀ। ਅਰਜਨਟੀਨਾ ਅਤੇ ਆਸਟਰੇਲੀਆ ਦੀਆਂ ਟੀਮਾਂ ਵੀ ਆਪਣਾ ਪਹਿਲਾ ਮੈਚ ਜਿੱਤਣ ਵਿੱਚ ਕਾਮਯਾਬ ਰਹੀਆਂ। ਅਰਜਨਟੀਨਾ ਨੇ ਦੱਖਣੀ ਅਫ਼ਰੀਕਾ ਨੂੰ 1-0 ਨਾਲ ਹਰਾਇਆ ਜਦਕਿ ਆਸਟ੍ਰੇਲੀਆ ਨੇ ਫਰਾਂਸ ਨੂੰ 8-0 ਨਾਲ ਹਰਾਇਆ।
ਭਾਰਤ ਦੀ ਪੁਰਸ਼ ਹਾਕੀ ਟੀਮ ਦੂਜੀ ਵਾਰ ਇਨ੍ਹਾਂ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਨੇ ਹੁਣ ਤੱਕ ਸਿਰਫ ਇੱਕ ਵਾਰ ਹਾਕੀ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਸਾਲ 1975 ‘ਚ ਅਜੀਤਪਾਲ ਸਿੰਘ ਦੀ ਕਪਤਾਨੀ ‘ਚ ਟੀਮ ਇੰਡੀਆ ਨੂੰ ਖਿਤਾਬੀ ਸਫਲਤਾ ਮਿਲੀ। ਇਸ ਤੋਂ ਇਲਾਵਾ ਭਾਰਤੀ ਟੀਮ 1971 ਦੇ ਵਿਸ਼ਵ ਕੱਪ ਵਿੱਚ ਕਾਂਸੀ ਅਤੇ 1973 ਦੇ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ ਹੈ।
Comment here