ਸਿਆਸਤਖਬਰਾਂ

ਹਰੀਸ਼ ਰਾਵਤ ਦੁਆਲੇ ਹੋਏ ਪਰਗਟ ਸਿੰਘ

ਚੰਡੀਗੜ- ਪੰਜਾਬ ਕਾਂਗਰਸ ਚ ਕਲੇਸ਼ ਕਿਸੇ ਅੰਨੇ ਬੰਨੇ ਲੱਗਦਾ ਨਹੀਂ ਦਿਸਦਾ। ਚਰਮ ‘ਤੇ ਪੁੱਜੇ ਕਲੇਸ਼ ਨੇ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ  ਨੂੰ ਆਪਣੀ ਲਪੇਟ ‘ਚ ਲਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਤੇ ਪੰਜਾਬ ਕਾਂਗਰਸੀ ਆਗੂ ਪਰਗਟ ਸਿੰਘ ਨੇ ਹਰੀਸ਼ ਰਾਵਤ ‘ਤੇ ਸਵਾਲ ਚੁੱਕਿਆ ਹੈ ਕਿ ਹਰੀਸ਼ ਰਾਵਤ ਨੂੰ ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਰਵਾਏ ਜਾਣ ਸਬੰਧੀ ਬੋਲਣ ਦਾ ਅਧਿਕਾਰ ਆਖਿਰ ਕਿਸ ਨੇ ਦਿੱਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਪਤਾ ਹੈ ਕਿ ਖੜਗੇ ਕਮੇਟੀ, ਜਿਸ ਦੇ ਸਾਹਮਣੇ ਉਹ ਖ਼ੁਦ ਵੀ ਪੇਸ਼ ਹੋਏ ਸਨ, ਨੇ ਇਹ ਫ਼ੈਸਲਾ ਲਿਆ ਸੀ ਕਿ ਚੋਣਾਂ ਸਬੰਧੀ ਕੋਈ ਵੀ ਐਲ਼ਾਨ ਕਰਨ ਦਾ ਅਧਿਕਾਰ ਸਿਰਫ਼ ਸੋਨੀਆ ਗਾਂਧੀ ਕੋਲ ਹੀ ਹੈ। ਇਹ ਤਾਂ ਹੁਣ ਹਰੀਸ਼ ਰਾਵਤ ਨੂੰ ਦੱਸਣਾ ਚਾਹੀਦਾ ਕਿ ਉਨ੍ਹਾਂ ਨੇ ਪੰਜਾਬ ‘ਚ ਹੋਣ ਜਾ ਰਹੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਲਾਨ ਕਰਨ ਦਾ ਅਧਿਕਾਰ ਆਖਿਰਕਾਰ ਕਿਸ ਨੇ ਦਿੱਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਹਰੀਸ਼ ਰਾਵਤ ਦੀ ਉਕਤ ਐਲਾਨ ਦਾ ਅਸਰ ਪੰਜਾਬ ਦੇ ਵੋਟਰਾਂ ‘ਤੇ ਸਿੱਧੇ ਤੌਰ ‘ਤੇ ਹੋਇਆ ਹੈ। ਪਰਗਟ ਸਿੰਘ ਨੇ ਇਕ ਵਾਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਦਾ ਪੱਖ ਲੈਂਦਿਆਂ ਕਿਹਾ ਕਿ ਬੀਤੇ ਦਿਨੀਂ ਸਿੱਧੂ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਹਨ, ਉਹ ਹਰੀਸ਼ ਰਾਵਤ ਨੂੰ ਲੈ ਕੇ ਹੀ ਹਨ। ਨਵਜੋਤ ਸਿੰਘ ਸਿੱਧੂ ਦੀ ਗੱਲ ਸੋਨੀਆ ਗਾਂਧੀ ਤੇ ਪਾਰਟੀ ਅਗਵਾਈ ਨੂੰ ਲੈ ਕੇ ਨਹੀਂ ਸੀ। ਯਾਦ ਰਹੇ ਨਵਜੋਤ ਨੇ ਕਿਹਾ ਸੀ ਕਿ ਜੇ ਫੈਸਲੇ ਲੈਣ ਦਾ ਅਧਿਕਾਰ ਨਾ ਦਿੱਤਾ ਤਾਂ ਉਹ ਇੱਟ ਨਾਲ ਇੱਟ ਖੜਕਾਅ ਦੇਣਗੇ, ਜਿਸ ਤੇ ਪਾਰਟੀ ਦੇ ਅੰਦਰ ਵੀ ਵਿਵਾਦ ਹੋ ਰਿਹਾ ਹੈ।

Comment here