ਸਿਆਸਤਖਬਰਾਂਚਲੰਤ ਮਾਮਲੇ

ਸੁਖਬੀਰ ਬਾਦਲ ਆਪ ਪਾਰਟੀ ਦੇ ਕੰਮਾਂ ਤੋਂ ਬੋਖਲਾਏ-ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੜੇ ਚਾਅ ਨਾਲ ਵੋਟਾਂ ਪਾਈਆਂ ਸਨ ਅਤੇ ‘ਆਪ’ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਪੰਜਾਬ ਸਰਕਾਰ ਨੇ ਵੋਟਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਹੁਣ ਤੱਕ ਪੂਰੇ ਨਹੀਂ ਕੀਤੇ । ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਨੂੰ ਲੈ ਕੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਲਈ ਸਰਕਾਰ ਕੋਈ ਨਵੀਆਂ ਇਮਾਰਤਾਂ ਨਹੀਂ ਬਣਾ ਰਹੀ, ਸਗੋਂ ਸਾਡੀ ਸਰਕਾਰ ਦੇ ਸਮੇਂ ‘ਤੇ ਬਣੇ ਸੇਵਾ ਕੇਂਦਰਾਂ ਦੀ ਮੁਰੰਮਤ ਕਰਕੇ ਹੀ ਮੁਹੱਲਾ ਕਲੀਨਿਕ ਤਿਆਰ ਕੀਤੇ ਜਾ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਬੁਲਾਰਿਆਂ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਗਗਨਦੀਪ ਸਿੰਘ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਚੁੱਕੇ ਗਏ ਸਵਾਲਾਂ ਦਾ ਮੋੜਵਾਂ ਜਵਾਬ ਦਿੱਤਾ।
ਮਲਵਿੰਦਰ ਸਿੰਘ ਕੰਮ ਨੇ ਕਿਹਾ ਕਿ ਜਨਤਕ ਖੱਡਾਂ ਚਾਲੂ ਹੋਣ ਨਾਲ ਰੇਤੇ ਨਾਲ ਜੁੜਿਆ ਪਰਚੀ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਰਾਜਨੀਤਕ ਮਾਫੀਆ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਲੋਕਾਂ ਨੂੰ ਰੇਤਾ ਸੋਨੇ ਦੇ ਭਾਅ ਮਿਲਦਾ ਸੀ ਅਤੇ ਮਾਫੀਆ ਦੇ ਘਰ ਭਰ ਰਹੇ ਸਨ। ਪਰ ਹੁਣ ਆਮ ਲੋਕਾਂ ਨੂੰ ਇਨ੍ਹਾਂ ਖੱਡਾਂ ਤੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਰੇਤਾ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਸਹੀ ਰੇਟ ਨਾਲ ਮਿਲੇਗਾ।ਇਸ ਦੇ ਨਾਲ ਹੀ ਕੰਗ ਨੇ ਕਿਹਾ ਕਿ ਪਹਿਲਾਂ ਇਹ ਪੈਸਾ ਪਰਚੀ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਰੇਤੇ ਨਾਲ ਜੁੜੇ ਰਾਜਨੀਤਕ ਮਾਫ਼ੀਏ ਦੀਆਂ ਜੇਬਾਂ ਵਿੱਚ ਜਾਂਦਾ ਸੀ ਪਰ ਹੁਣ ਇਹ ਸਰਕਾਰੀ ਖਜ਼ਾਨੇ ਵਿਚ ਜਾਵੇਗਾ ਜਿੱਥੋਂ ਇਸ ਨੂੰ ਸਿਰਫ਼ ਆਮ ਲੋਕਾਂ ਨੂੰ ਸਹੂਲਤਾਂ ਦੇਣ ਅਤੇ ਲੋਕ ਭਲਾਈ ਦੇ ਕੰਮਾਂ ‘ਤੇ ਲਗਾਇਆ ਜਾਵੇਗਾ। ਸਰਕਾਰੀ ਖਜ਼ਾਨੇ ਨੂੰ ਕੁੰਡੀ ਲਾ ਕੇ ਰੇਤੇ ਤੋਂ ਗ਼ਲਤ ਤਰੀਕੇ ਨਾਲ ਪੈਸਾ ਇਕੱਠਾ ਕਰਕੇ ਰਾਜਨੀਤਕ ਲੋਕ ਇਸ ਪੈਸੇ ਦੀ ਚੋਣਾਂ ਆਦਿ ਵਿੱਚ ਦੁਰਵਰਤੋਂ ਕਰਦੇ ਸਨ ਅਤੇ ਹੁਣ ਇਸ ‘ਤੇ ਵੀ ਰੋਕ ਲੱਗੇਗੀ।

Comment here