ਸਿਆਸਤਖਬਰਾਂ

ਸਿੱਧੂ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦਾ ਹੈ—ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ – ਬੀਤੇ ਦਿਨੀਂ ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਭਲ਼ਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ 13 ਸੂਤਰੀ ਏਜੰਡਾ ਹਾਈਕਮਾਨ ਦੇ ਸਾਹਮਣੇ ਰੱਖਿਆ ਹੈ। ਇਹ ਏਜੰਡਾ ਆਮ ਜਨਤਾ ਦਾ ਹੈ। ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਨੇ ਈਸਟ ਵਿਧਾਨ ਸਭਾ ਖੇਤਰ ਦਾ ਕੰਮ ਕੀਤਾ ਹੈ। ਵਿਕਾਸ ਦਾ ਸਾਰਾ ਪੈਸਾ ਵਿਧਾਨ ਸਭਾ ਖੇਤਰ ’ਤੇ ਖ਼ਰਚ ਕੀਤਾ ਗਿਆ ਹੈ। ਇਕ ਪੈਸਾ ਆਪਣੇ ਘਰ ਨਹੀਂ ਲੈ ਕੇ ਗਏ।
ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਵਿਕਾਸ ਦਾ ਪੈਸਾ ਵਿਕਾਸ ’ਤੇ ਨਹੀਂ ਲਾਇਆ ਜਾਂਦਾ। ਸੜਕਾਂ ਇਸ ਲਈ ਠੀਕ ਨਹੀਂ ਬਣਦੀਆਂ ਕਿਉਂਕਿ ਪੈਸੇ ਖਾਧੇ ਜਾਂਦੇ ਹਨ। ਪੰਜਾਬ ’ਚ ਨਸ਼ਾ ਤਸਕਰੀ ਨੂੰ ਪੰਜਾਬ ਪੁਲਿਸ ਕੰਟਰੋਲ ਨਹੀਂ ਕਰ ਪਾਉਂਦੀ। ਬਾਰਡਰ ਏਰੀਆ ਦੇ ਲੋਕ ਅਕਾਲੀ ਦਲ ਦਾ ਨਾਂ ਲੈ ਕੇ ਸ਼ਰ੍ਹੇਆਮ ਕਹਿੰਦੇ ਹਨ ਕਿ ਉਹ ਨਸ਼ਾ ਵੇਚਦੇ ਹਨ।
ਚਾਹੋ ਤਾਂ ਇਨਕਮ ਟੈਕਸ ਦਾ ਛਾਪਾ ਪਵਾ ਕੇ ਪੁਸ਼ਟੀ ਕਰਵਾ ਸਕਦੇ ਹੋ। ਨਵਜੋਤ ਕੌਰ ਸਿੱਧੂ ਸੋਮਵਾਰ ਨੂੰ ਗੋਲਡਨ ਐਵਨਿਊ ’ਚ ਬਿਜਲੀ ਮਾਫ਼ੀ ਕੈਂਪ ’ਚ ਪਹੁੰਚੀ ਸੀ। ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਨਵਜੋਤ ਨੇ ਕਿਹਾ ਕਿ ਜੋ ਲੋਕ ਇਹ ਚਾਹੁੰਦੇ ਹਨ ਕਿ ਉਹ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ’ਚ ਪਾਕਿਸਤਾਨ ਗਏ, ਉਨ੍ਹਾਂ ਨੂੰ ਇਹ ਯਾਦ ਨਹੀਂ ਕਿ ਉਨ੍ਹਾਂ ਦਾ ਮਕਸਦ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੁਲ੍ਹਵਾਉਣਾ ਸੀ। ਸਿੱਧੂ ਆਪਣੇ ਨਿੱਜੀ ਕੰਮ ਕਰਕੇ ਕਦੇ ਪਾਕਿਸਤਾਨ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਦਾ ਉੱਥੇ ਕੋਈ ਵਪਾਰ ਹੈ।
ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਅੰਮ੍ਰਿਤਸਰ ਈਸਟ ਹਲਕੇ ਤੋਂ ਨਵਜੋਤ ਸਿੱਧੂ ਖ਼ਿਲਾਫ਼ ਚੋਣ ਲੜਨ ਲਈ ਉਹ ਉਨ੍ਹਾਂ ਦਾ (ਕੈਪਟਨ ਅਮਰਿੰਦਰ ਸਿੰਘ) ਦਾ ਸਵਾਗਤ ਕਰਦੇ ਹਨ। ਇਥੇ ਹੀ ਬਸ ਨਹੀਂ ਬੀਬੀ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਲਈ ਉਹ ਸਾਰੇ ਬੰਦੋਬਸਤ ਵੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਜਨਤਾ ਵਿਚ ਵੀ ਵਿਚਰ ਕੇ ਵੇਖ ਲੈਣ, ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਨਵਜੋਤ ਸਿੱਧੂ ਨੂੰ ਲੋਕ ਕਿੰਨਾ ਪਿਆਰ ਕਰਦੇ ਹਨ।
ਅੰਮ੍ਰਿਤਸਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਨੂੰ ਕਲੇਸ਼ ਨਹੀਂ ਕਿਹਾ ਜਾ ਸਕਦਾ ਹੈ, ਇਹ ਮਹਿਜ਼ ਬਹਿਸ ਹੈ ਅਤੇ ਕਾਂਗਰਸ ਇਕਜੁੱਟ ਹੋ ਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸਮੇਂ ਕੁੱਝ ਊਣਤਾਈਆਂ ਸਨ, ਜਿਨ੍ਹਾਂ ਕਰਕੇ ਕੰਮ ਨਹੀਂ ਸਨ ਹੋ ਸਕੇ। ਨਵਜੌਤ ਕੌਰ ਨੇ ਆਖਿਆ ਹੈ ਕਿ ਨਵਜੋਤ ਸਿੰਘੂ ਸਿੱਧੂ ਨੇ ਕੈਬਨਿਟ ’ਚੋਂ ਅਸਤੀਫ਼ਾ ਇਸ ਲਈ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਮਸਲੇ ਹੱਲ ਨਹੀਂ ਸੀ ਕੀਤੇ ਜਾ ਰਹੇ ਅਤੇ ਹੁਣ ਉਹ ਆਪਣੇ ਮਸਲਿਆਂ ਦੀ ਲੜਾਈ ਲੜ ਰਹੇ ਹਨ।
ਕਾਂਗਰਸ ਦੀ ਸਿਰਦਰਦੀ ਵਧਾ ਰਹੇ ਨਵਜੋਤ ਸਿੱਧੂ
ਪੰਜਾਬ ਵਿਚ ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਤੇਵਰਾਂ ਵਿਚ ਲਗਾਤਾਰ ਉਤਰਾਅ-ਚੜ੍ਹਾਅ ਪਾਰਟੀ ਲੀਡਰਸ਼ਿਪ ਲਈ ਸਿਰਦਰਦੀ ਸਾਬਤ ਹੁੰਦਾ ਜਾ ਰਿਹਾ ਹੈ। ਕਾਂਗਰਸ ਹਾਈ ਕਮਾਨ ਸਿਆਸੀ ਮਸਲਿਆਂ ’ਤੇ ਹਰ ਵਾਰ ਸਿੱਧੂ ਨਾਲ ਹਮਦਰਦੀ ਦਿਖਾਉਂਦੇ ਹੋਏ ਮੁੱਖ ਮੰਤਰੀ ਨਾ ਬਣ ਸਕਣ ਦੀ ਉਨ੍ਹਾਂ ਦੀ ਕਸਕ ’ਤੇ ਮਰਹਮ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਾਬਕਾ ਕ੍ਰਿਕਟਰ ਆਪਣੇ ਕਦਮਾਂ ਨਾਲ ਵਾਰ-ਵਾਰ ਲੀਡਰਸ਼ਿਪ ਨੂੰ ਹੀ ਪਰੇਸ਼ਾਨ ਕਰ ਰਹੇ ਹਨ।
ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਹਾਈ ਕਮਾਨ ਨੂੰ ਖ਼ਫਾ ਕਰ ਚੁੱਕੇ ਸਿੱਧੂ ਨੇ ਇਸ ਵਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਗਏ ਪੱਤਰ ਦੀ ਕਾਪੀ ਜਨਤਕ ਕਰਕੇ ਪਾਰਟੀ ਨੂੰ ਪਰੇਸ਼ਾਨ ਕਰ ਦਿੱਤਾ ਹੈ। ਪਾਰਟੀ ’ਚ ਪੱਤਰ ਨੂੰ ਜਨਤਕ ਕਰਨ ਦੇ ਸਿੱਧੂ ਦੇ ਰੁਖ਼ ਨੂੰ ਗ਼ੈਰ-ਜ਼ਰੂਰੀ ਮੰਨਿਆ ਜਾ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪ੍ਰਦੇਸ਼ ਪ੍ਰਧਾਨ ਦੇ ਨਾਤੇ ਸਿੱਧੂ ਦਾ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖ ਕੇ ਮਿਲਣ ਲਈ ਸਮਾਂ ਮੰਗਣਾ ਕੋਈ ਅਣਉੱਚਿਤ ਕਦਮ ਨਹੀਂ ਹੈ ਪਰ ਇਸ ਪੱਤਰ ਨੂੰ ਇੰਟਰਨੈੱਟ ਮੀਡੀਆ ’ਤੇ ਜਾਰੀ ਕਰਨਾ ਸਿਆਸੀ ਸਿਸ਼ਟਾਚਾਰ ਅਤੇ ਮਰਿਆਦਾ ਦੇ ਅਨੁਕੂਲ ਨਹੀਂ ਹੈ ਕਿਉਂਕਿ ਇਸ ਵਿਚ ਪਾਰਟੀ ਦੇ ਅੰਦਰੂਨੀ ਮਸਲਿਆਂ ਦੀ ਗੱਲ ਉਠਾਈ ਗਈ ਹੈ ਜਿਸ ਨੂੰ ਆਪਸੀ ਚਰਚਾ ਜ਼ਰੀਏ ਸੁਲਝਾਇਆ ਜਾ ਸਕਦਾ ਹੈ। ਅਜਿਹੇ ’ਚ ਉਨ੍ਹਾਂ ਦਾ ਪੱਤਰ ਨੂੰ ਜਨਤਕ ਕਰਨਾ ਪਾਰਟੀ ਦੇ ਸਿਆਸੀ ਹਿੱਤ ਨੂੰ ਹੀ ਸੱਟ ਪਹੁੰਚਾ ਸਕਦਾ ਹੈ ਤੇ ਖ਼ਾਸ ਕਰਕੇ ਉਦੋਂ ਜਦਕਿ ਪੰਜਾਬ ’ਚ ਚੋਣਾਂ ਨੂੰ ਸਿਰਫ ਚਾਰ-ਪੰਜ ਮਹੀਨੇ ਦਾ ਸਮਾਂ ਹੀ ਰਹਿ ਗਿਆ ਹੈ।
ਫਿਲਹਾਲ ਸਿੱਧੂ ਵੱਲੋਂ ਲਗਾਤਾਰ ਵਧਾਈ ਜਾ ਰਹੀ ਸਿਆਸੀ ਸਿਰਦਰਦੀ ਦੇ ਬਾਵਜੂਦ ਕਾਂਗਰਸ ਕੋਲ ਚੋਣਾਂ ਨੂੰ ਦੇਖਦੇ ਹੋਏ ਹੁਣ ਬਹੁਤ ਜ਼ਿਆਦਾ ਬਦਲ ਤੇ ਸਮਾਂ ਨਹੀਂ ਬਚਿਆ ਹੈ। ਅਜਿਹੇ ’ਚ ਸੰਕੇਤ ਹਨ ਕਿ ਸਿੱਧੂ ਦਾ ਤਾਜ਼ਾ ਪੱਤਰ ਮਾਮਲਾ ਸਹੀ ਨਾ ਲੱਗਣ ਦੇ ਬਾਵਜੂਦ ਪਾਰਟੀ ਲੀਡਰਸ਼ਿਪ ਬਹੁਤ ਸਖਤ ਰੁਖ ਅਪਣਾਏਗੀ, ਇਸ ਦੀ ਜ਼ਿਆਦਾ ਗੁੰਜਾਇਸ਼ ਨਹੀਂ ਹੈ। ਸ਼ਾਇਦ ਇਸ ਲਈ ਹਾਈ ਕਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿੱਧੂ ਦੇ ਉਠਾਏ ਮੁੱਦਿਆਂ ਦਾ ਗੱਲਬਾਤ ਜ਼ਰੀਏ ਢੁੱਕਵਾਂ ਹੱਲ ਕੱਢਣ ਲਈ ਕਿਹਾ ਹੈ। ਕਾਂਗਰਸ ਕਾਰਜ ਕਮੇਟੀ ਦੀ ਮੀਟਿੰਗ ਤੋਂ ਬਾਅਦ ਚੰਨੀ ਨੇ ਸੋਨੀਆ ਗਾਂਧੀ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਸਿੱਧੂ ਦੇ ਪੱਤਰ ਸਮੇਤ ਸੂਬੇ ਦੇ ਸਾਰੇ ਸਿਆਸੀ ਮੁੱਦਿਆਂ ’ਤੇ ਗੱਲਬਾਤ ਕੀਤੀ।

Comment here