ਚੰਡੀਗੜ੍ਹ-ਬੀਤੇ ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਫ਼ੈਸਲਿਆਂ ‘ਤੇ ਸਵਾਲ ਉਠਾ ਰਹੇ ਸਨ ਤੇ ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਦੇ ਅਸਤੀਫ਼ੇ ਨੂੰ ਨਾਮਨਜ਼ੂਰ ਕਰ ਦਿੱਤਾ। ਇਕ ਦਿਨ ਬਾਅਦ ਹੀ ਚੰਨੀ ਤੇ ਸਿੱਧੂ ਇੱਕੋ ਹੈਲੀਕਾਪਟਰ ‘ਚ ਬੈਠ ਕੇ ਕੇਦਾਰਨਾਥ ਮਹਾਕਾਲ ਦੇ ਦਰਸ਼ਨ ਕਰਨ ਚਲੇ ਗਏ। ਚੰਨੀ ਤੇ ਸਿੱਧੂ ਨੂੰ ਇਕ ਵਾਰ ਫਿਰ ਇਕੱਠੇ ਦੇਖ ਕੇ ਸਿਆਸੀ ਗਲਿਆਰਿਆਂ ‘ਚ ਇਸ ਪੂਰੇ ਘਟਨਾਕ੍ਰਮ ਸਬੰਧੀ ਚਰਚੇ ਤੇਜ਼ ਹੋ ਗਏ। ਸਾਰੇ ਇਹ ਸਵਾਲ ਲੱਭਣ ‘ਚ ਜੁਟ ਗਏ ਕਿ ਆਖ਼ਿਰ ਰਾਤੋਂ-ਰਾਤ ਅਜਿਹਾ ਕੀ ਹੋ ਗਿਆ ਕਿ ਦੋਵੇਂ ਆਗੂ ਇਕੱਠੇ ਆਉਣ ਨੂੰ ਤਿਆਰ ਹੋ ਗਏ। ਸੋਮਵਾਰ ਦਾ ਦਿਨ ਪੰਜਾਬ ਦੀ ਸਿਆਸਤ ਲਈ ਖਾਸਾ ਅਹਿਮ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਦਰਾਂ ‘ਚ 3 ਰੁਪਏ ਯੂਨਿਟ ਕਟੌਤੀ ਕਰ ਦਿੱਤੀ। ਇਹ ਉਹ ਮੁੱਦਾ ਸੀ ਜਿਸ ਨੂੰ ਨਵਜੋਤ ਸਿੰਘ ਸਿੱਧੂ ਚੁੱਕ ਰਹੇ ਸਨ। ਸਿੱਧੂ 3 ਰੁਪਏ ਯੂਨਿਟ ਬਿਜਲੀ ਬਿੱਲ ਜ਼ਰੀਏ 2022 ਚੋਣਾਂ ਨੂੰ ਨਵੀਂ ਧਾਰ ਦੇ ਰਹੇ ਸਨ ਪਰ ਮੁੱਖ ਮੰਤਰੀ ਨੇ 3 ਰੁਪਏ ਯੂਨਿਟ ਬਿਜਲੀ ਬਿੱਲ ਵਿਚ ਕਟੌਤੀ ਕਰ ਦਿੱਤੀ। ਸਿੱਧੂ ਦਾ ਮੁੱਦਾ ਹੀ ਖੋਹ ਲਿਆ। ਇਸ ਤੋਂ ਬਾਅਦ ਸਿੱਧੂ ਨੇ ਪੈਂਤੜਾ ਬਦਲਿਆ ਤੇ ਸਵਾਲ ਖੜ੍ਹੇ ਕਰ ਦਿੱਤੇ ਕਿ ਮੁੱਖ ਮੰਤਰੀ ਜਿਹੜੇ ਮੁਫ਼ਤ ਐਲਾਨ ਕਰ ਰਹੇ ਹਨ, ਉਸ ਦੇ ਲਈ ਫੰਡ ਕਿੱਥੋਂ ਆਉਣਗੇ। ਇਹੀ ਨਹੀਂ ਸਿੱਧੂ ਦੇ ਦਬਾਅ ‘ਚ ਇਕ ਵਾਰ ਤਾਂ ਐਡਵੋਕੇਟ ਜਨਰਲ ਏਪੀਐੱਸ ਦਿਓਲ ਦਾ ਅਸਤੀਫ਼ਾ ਦੇ ਹੀ ਦਿੱਤਾ ਸੀ ਜਿਸ ਨੂੰ ਕੈਬਨਿਟ ‘ਚ ਮਨਜ਼ੂਰ ਵੀ ਕਰ ਲਿਆ ਜਾਂਦਾ ਪਰ ਸਿੱਧੂ ਦੇ ਰੁਖ਼ ਨੂੰ ਦੇਖਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅੜ ਗਏ। ਉਨ੍ਹਾਂ ਇਸ ਅਸਤੀਫ਼ੇ ਦੀ ਹੋਂਦ ਹੀ ਮਿਟਾ ਦਿੱਤੀ। ਦੋਵਾਂ ਆਗੂਆਂ ਵਿਚਕਾਰ ਚੱਲ ਰਹੀ ਚੂਹੇ-ਬਿੱਲੀ ਦੀ ਖੇਡ ਨਾਲ ਕਾਂਗਰਸ ਪਾਰਟੀ ਦੀ ਜਾਨ ਮੁੱਠੀ ਵਿਚ ਆ ਗਈ। ਇਸ ਤੋਂ ਬਾਅਦ ਦੇਰ ਸ਼ਾਮ ਤਕ ਬੈਠਕਾਂ ਦਾ ਦੌਰ ਚੱਲਿਆ। ਇਨ੍ਹਾਂ ਬੇਠਕਾਂ ‘ਚ ਕੈਬਨਿਟ ਮੰਤਰੀ ਤੇ ਸਿੱਧੂ ਦੇ ਕਰੀਬੀ ਪਰਗਟ ਸਿੰਘ ਤੇ ਪਾਰਟੀ ਆਗੂ ਤੇ ਰਾਹੁਲ ਗਾਂਧੀ ਦੇ ਕਰੀਬੀ ਕ੍ਰਿਸ਼ਨਾ ਅੱਲਾਵਾਰੂ ਵੀ ਮੌਜੂਦ ਹੋਏ। ਸੂਤਰ ਦੱਸਦੇ ਹਨ ਕਿ ਬੈਠਕ ‘ਚ ਇਕ ਵਾਰ ਇਹ ਗੱਲ ਵੀ ਸਾਹਮਣੇ ਆਈ ਕਿ ਸਿੱਧੂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ‘ਚ ਜਾ ਸਕਦੇ ਹਨ। ਚੋਣਾਂ ਵੇਲੇ ਪਾਰਟੀ ਛੱਡਣ ਦੀ ਗੱਲ ਨੂੰ ਕਾਂਗਰਸ ਸਹਿਣ ਨਹੀਂ ਕਰ ਸਕੀ। ਕਿਉਂਕਿ ਸਿੱਧੂ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਤੇ ਕਾਂਗਰਸ ਵੱਲੋਂ ਕੀਤੇ ਗਏ ਤਮਾਮ ਯਤਨਾਂ ਦੇ ਬਾਵਜੂਦ ਹੁਣ ਤਕ ਉਨ੍ਹਾਂ ਆਪਣਾ ਅਸਤੀਫ਼ਾ ਵਾਪਸ ਨਹੀਂ ਲਿਆ ਹੈ। ਅਜਿਹੇ ਵਿਚ ਕਾਂਗਰਸ ਬੈਕਫੁੱਟ ‘ਤੇ ਆ ਗਈ। ਕਾਂਗਰਸ ਨੇ ਚੰਨੀ ਨੂੰ ਮਨਾਇਆ ਜਿਸ ਤੋਂ ਬਾਅਦ ਮੁੱਖ ਮੰਤਰੀ ਸਿੱਧੂ ਨੂੰ ਲੈ ਕੇ ਕੇਦਾਰਨਾਥ ਦਰਸ਼ਨਾਂ ਲਈ ਚਲੇ ਗਏ।
ਦੇਹਰਾਦੂਨ ‘ਚ ਰਾਵਤ, ਚੌਧਰੀ, ਚੰਨੀ ਤੇ ਸਿੱਧੂ ਦੀ ਤਸਵੀਰ ਟਵਿੱਟਰ ‘ਤੇ ਪਾ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਤਨਜ਼ ਕੱਸਿਆ, ਸਿਆਸੀ ਸ਼ਰਧਾਲੂ…ਪਰ ਹਰ ਕੋਈ ਇਕ ਅਲੱਗ ਪੀਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਖੜ ਨੇ ਪੰਜਾਬੀ ‘ਚ ਲਿਖਿਆ, ਮੈਂ ਪੀਰ ਮਨਾਵਨ ਚੱਲੀ ਆਂ, ਸਵਾਲ ਇਹ ਹੈ, ਕਿਹੜਾ ਪੀਰ। ਜਾਖੜ ਦਾ ਟਵੀਟ ਆਪਣੇ-ਆਪ ਵਿਚ ਕਾਂਗਰਸ ਵਿਚਕਾਰ ਚੱਲ ਰਹੇ ਅੰਦਰੂਨੀ ਕਲੇਸ਼ ਦਾ ਖੁਲਾਸਾ ਕਰਦਾ ਹੈ ਕਿਉਂਕਿ ਹਰ ਕੋਈ ਕਿਸੇ ਨਾ ਕਿਸੇ ਨੂੰ ਖੁਸ਼ ਕਰਨ ਵਿਚ ਲੱਗਾ ਹੈ। ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਪਿੱਛੇ ਨਹੀਂ ਰਹੇ। ਮੁੱਖ ਮੰਤਰੀ ਦੇ ਪਿੱਛੇ-ਪਿੱਛ ਆਸ਼ੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਰਹੇ ਕੈਪਟਨ ਸੰਦੀਪ ਸੰਧੂ ਤੇ ਲੁਧਿਆਣਾ ਦੇ ਵਿਧਾਇਕ ਸੰਜੇ ਤਲਵਾੜ ਨਾਲ ਚਾਰਟਰਡ ਪਲੇਨ ਤੋਂ ਕੇਦਾਰਨਾਥ ਦੇ ਦਰਸ਼ਨਾਂ ਲਈ ਨਿਕਲ ਗਏ। ਆਸ਼ੂ ਦਾ ਚਾਰਟਰਡ ਪਲੇਨ ਤੋਂ ਦੇਹਰਾਦੂਨ ਜਾਣਾ ਚਰਚਾ ਦਾ ਕੇਂਦਰ ਬਣ ਗਏ
Comment here