ਦੁਰਗ-ਲੰਘੇ ਦਿਨ ਛੱਤੀਸਗੜ੍ਹ ਦੇ ਦੁਰਗ ਜ਼ਿਲੇ ’ਚ ਲੁੱਟ ਦੇ ਦੋਸ਼ ’ਚ ਭਾਜਪਾ ਦੇ ਸਾਬਕਾ ਕੌਂਸਲਰ ਸਮੇਤ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸਾਬਕਾ ਕੌਂਸਲਰ ’ਤੇ ਉਸਤਰੇ ਨਾਲ ਹਮਲਾ ਕਰਕੇ 10 ਹਜ਼ਾਰ ਦੀ ਨਕਦੀ ਲੁੱਟਣ ਦਾ ਦੋਸ਼ ਹੈ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਸੀ। ਹੁਣ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਫੜੇ ਗਏ ਸਾਰੇ ਦੋਸ਼ੀਆਂ ਦੇ ਕੰਨ ਫੜਾ ਕੇ ਸ਼ਹਿਰ ਦੀਆਂ ਸੜਕਾਂ ’ਤੇ ਉਨ੍ਹਾਂ ਦਾ ਜਲੂਸ ਕੱਢਿਆ।
ਇਸ ਤੋਂ ਬਾਅਦ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪੂਰਾ ਮਾਮਲਾ ਕੋਤਵਾਲੀ ਇਲਾਕੇ ਦਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 18 ਸਤੰਬਰ ਦੀ ਰਾਤ ਨੂੰ ਸਾਬਕਾ ਕੌਂਸਲਰ ਅਜੇ ਦੁਬੇ ਆਪਣੇ ਕੁਝ ਸਾਥੀਆਂ ਨਾਲ ਮਹਾਰਾਜਾ ਚੌਕ ਸਥਿਤ ਮੋਬਾਈਲ ਦੀ ਦੁਕਾਨ ਵਿੱਚ ਦਾਖਲ ਹੋਏ। ਉਥੇ ਉਸ ਨੇ 10 ਹਜ਼ਾਰ ਰੁਪਏ ਲੁੱਟ ਲਏ। ਜਦੋਂ ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਉਸ ’ਤੇ ਉਸਤਰੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਵਿੱਚ ਦੁਕਾਨਦਾਰ ਦੇ ਚਿਹਰੇ ਅਤੇ ਹੱਥ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਪੀੜਤ ਰੋਹਿਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਮੋਬਾਈਲ ਦੀ ਦੁਕਾਨ ਲੁੱਟਣ ਅਤੇ ਦੁਕਾਨਦਾਰ ’ਤੇ ਹਮਲਾ ਕਰਨ ਤੋਂ ਬਾਅਦ ਮੁਲਜ਼ਮ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੀ ਸੀ।
ਜਾਣਕਾਰੀ ਅਨੁਸਾਰ ਉਸ ਨੇ ਵੀਡੀਓ ਵਿੱਚ ਦੁਕਾਨਦਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਸ ਵਾਇਰਲ ਵੀਡੀਓ ਵਿੱਚ, ਦੁਕਾਨ ਦੇ ਸੰਚਾਲਕ ਨੂੰ ਧਮਕੀਆਂ ਅਤੇ ਉਸ ਉੱਤੇ ਹਮਲਾ ਵੀ ਦਿਖਾਇਆ ਗਿਆ ਸੀ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਨੁਸਾਰ ਦੋਸ਼ੀ ਸਾਬਕਾ ਕੌਂਸਲਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੁਕਾਨਦਾਰ ਦਾ ਇੱਕ ਰਿਸ਼ਤੇਦਾਰ ਉਸ ਦੇ 80 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਹੈ। ਕਾਫੀ ਕੋਸ਼ਿਸ਼ਾਂ ਦੇ ਬਾਅਦ ਜਦੋਂ ਪੈਸੇ ਵਾਪਸ ਨਹੀਂ ਹੋਏ ਤਾਂ ਉਹ ਰੋਹਿਤ ਦੀ ਦੁਕਾਨ ’ਤੇ ਪਹੁੰਚਿਆ ਅਤੇ ਉਸ ’ਤੇ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 20 ਤੋਂ ਜ਼ਿਆਦਾ ਮਾਮਲੇ ਦਰਜ ਹਨ।
Comment here