ਸਿਆਸਤਖਬਰਾਂਚਲੰਤ ਮਾਮਲੇ

ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਘਾਟੇ ’ਚ

ਪਟਿਆਲਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਵਿੱਦਿਅਕ ਅਦਾਰੇ ਬੇਸਹਾਰਾ ਹੋ ਗਏ ਹਨ। ਕਰੋੜਾਂ ਦੇ ਘਾਟੇ ’ਚ ਚੱਲ ਰਹੇ ਕਮੇਟੀ ਦੇ ਸਕੂਲ ਤੇ ਕਾਲਜ ਦੇ ਮੁਲਾਜ਼ਮ ਤਨਖ਼ਾਹਾਂ ਤੋਂ ਵੀ ਵਾਂਝੇ ਹੋ ਗਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਇਨ੍ਹਾਂ ਅਦਾਰਿਆਂ ਨੂੰ ਚਲਾਉਣ ਲਈ ਡਾਇਰੈਕਟਰ ਦੀ ਨਿਯੁਕਤੀ ਵੀ ਨਹੀਂ ਕੀਤੀ ਜਾ ਸਕੀ ਹੈ। ਕਮੇਟੀ ਅਧੀਨ ਇਕ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ ਤੇ 38 ਕਾਲਜ ਹਨ। 11 ਕਾਲਜ ਏਡਿਡ ਹਨ ਜੋ ਕਿ ਡੀਪੀਆਈ ਅਧੀਨ ਚੱਲ ਰਹੇ ਹਨ। ਇਨ੍ਹਾਂ ਤੋਂ ਇਲਾਵਾ 4 ਐਜੂਕੇਸ਼ਨ ਟਰੱਸਟ ਤੇ 52 ਸਕੂਲ ਹਨ। ਇਨ੍ਹਾਂ ’ਚ ਵੱਡੀ ਗਿਣਤੀ ਅਧਿਆਪਕ ਤੇ ਮੁਲਾਜ਼ਮ ਕੰਮ ਕਰ ਰਹੇ ਹਨ। ਏਡਿਡ ਕਾਲਜਾਂ ’ਚ ਤਨਖ਼ਾਹਾਂ ਮਿਲ ਰਹੀਆਂ ਹਨ ਪਰ ਜੋ ਕਾਲਜ ਸ਼੍ਰੋਮਣੀ ਕਮੇਟੀ ਦੇ ਸਿੱਧਾ ਅਧੀਨ ਹਨ, ਉਨ੍ਹਾਂ ਵਿਚ ਤਨਖ਼ਾਹਾਂ ਨਹੀਂ ਮਿਲ ਰਹੀਆਂ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੀਬ 700 ਕਰੋੜ ਦੀ ਆਮਦਨ ਹੁੰਦੀ ਹੈ ਜਿਸ ’ਚੋਂ ਕਰੀਬ 220 ਕਰੋੜ ਕਮੇਟੀ ਦੇ ਮੁਲਾਜ਼ਮਾਂ ਤੇ ਕਰੀਬ 200 ਕਰੋੜ ਲੰਗਰਾਂ ਤੇ ਹੋਰ ਪ੍ਰਬੰਧਾਂ ’ਤੇ ਖ਼ਰਚਿਆ ਜਾਂਦਾ ਹੈ। ਇਸ ਤੋਂ ਬਾਅਦ ਬਚਣ ਵਾਲੀ ਰਾਸ਼ੀ ’ਚੋਂ 20 ਤੋਂ 25 ਫ਼ੀਸਦੀ ਫੰਡ ਕਮੇਟੀ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਲਈ ਰੱਖਿਆ ਜਾਂਦਾ ਹੈ। ਕੋਵਿਡ ਦੌਰਾਨ ਕਮੇਟੀ ਦੀ ਆਮਦਨ ਘਟ ਕੇ 494 ਕਰੋੜ ਰਹਿ ਗਈ। ਇਸ ਦਾ ਸਭ ਤੋਂ ਵੱਧ ਅਸਰ ਵਿੱਦਿਅਕ ਅਦਾਰਿਆਂ ’ਤੇ ਪਿਆ। ਸੂਤਰਾਂ ਅਨੁਸਾਰ ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ 60 ਤੋਂ 65 ਕਰੋੜ ਦਾ ਘਾਟਾ ਪਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸਕੂਲਾਂ ਤੇ ਕਾਲਜਾਂ ਦੀ ਕਰੀਬ 190 ਕਰੋੜ ਦੀ ਤਨਖ਼ਾਹ ਰਾਸ਼ੀ ਕੱਢਣਾ ਵੀ ਔਖਾ ਹੋ ਗਿਆ।

Comment here