ਸਿਆਸਤਖਬਰਾਂ

ਸਰਕਾਰ ਜੰਮੂ-ਕਸ਼ਮੀਰ ਵਿੱਚ ਅਮਨ ਤੇ ਵਿਕਾਸ ਲਈ ਵਚਨਬੱਧ-ਅਮਿਤ ਸ਼ਾਹ

ਸ੍ਰੀਨਗਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ  ਜੰਮੂ- ਕਸ਼ਮੀਰ ਦੇ ਦੌਰੇ ਉੱਤੇ ਹਨ, ਦੌਰੇ ਦੇ ਪਹਿਲੇ ਦਿਨ ਵਾਦੀ ਵਿੱਚ ਸੁਰੱਖਿਆ ਹਾਲਾਤ ਦੇ ਜਾਇਜ਼ੇ ਲਈ ਸਿਖਰਲੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਹ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਪੁਲਿਸ ਇੰਸਪੈਕਟਰ ਦੇ ਪਰਿਵਾਰ ਨੂੰ ਵੀ ਮਿਲੇ। ਅਗਸਤ 2019 ਵਿੱਚ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ ਕੀਤੇ ਜਾਣ ਮਗਰੋਂ ਸ਼ਾਹ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਇਹ ਪਲੇਠੀ ਫੇਰੀ ਹੈ। ਸ਼ਾਹ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਅਸੈੈਂਬਲੀ ਚੋਣਾਂ ‘ਹੱਦਬੰਦੀ’ ਦਾ ਅਮਲ ਸਿਰੇ ਚੜ੍ਹਨ ਮਗਰੋਂ ਕਰਵਾਈਆਂ ਜਾਣਗੀਆਂ ਜਦੋਂਕਿ ‘ਰਾਜ’ ਦਾ ਰੁਤਬਾ ਉਸ ਤੋਂ ਬਾਅਦ ਬਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਸ਼ਮੀਰ ਦੀ ਸ਼ਾਂਤੀ ਤੇ ਤਰੱਕੀ ਦੇ ਰਾਹ ਵਿੱਚ ਅੜਿੱਕਾ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਜੀ ਤੇ ਭਾਰਤ ਸਰਕਾਰ ਨਾਲ ਹੱਥ ਮਿਲਾ ਕੇ ਕਸ਼ਮੀਰ ਨੂੰ ਅੱਗੇ ਲਿਜਾਣ ਦੇ ਸਫ਼ਰ ਵਿੱਚ ਭਾਈਵਾਲ ਬਣਨ। ਜੰਮੂ ਤੇ ਕਸ਼ਮੀਰ ਦੀ ਤਿੰਨ ਰੋਜ਼ਾ ਫੇਰੀ ਲਈ ਸ੍ਰੀਨਗਰ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਨੇ ਇਹ ਗੱਲਾਂ ਇਥੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਯੂਥ ਕਲੱਬਾਂ ਦੇ ਮੈਂਬਰਾਂ ਦੇ ਰੂਬਰੂ ਹੁੰਦਿਆਂ ਕੀਤੀਆਂ। ਸ਼ਾਹ ਨੇ ਕਿਹਾ, ‘‘ਰੱਬ ਨੇ ਕਸ਼ਮੀਰ ਨੂੰ ਇਸ ਦੇ ਕੁਦਰਤੀ ਸੁਹੱਪਣ ਨਾਲ ਸਵਰਗ ਬਣਾਇਆ ਹੈ, ਪਰ ਮੋਦੀ ਜੀ ਇਥੇ ਅਮਨ, ਖ਼ੁਸ਼ਹਾਲੀ ਤੇ ਵਿਕਾਸ ਵੇਖਣ ਦੇ ਇੱਛੁਕ ਹਨ। ਕਸ਼ਮੀਰ ਦੇ ਨੌਜਵਾਨਾਂ ਦੀ ਹਮਾਇਤ ਲਈ ਹੀ ਮੈਂ ਇਥੇ ਆਇਆ ਹਾਂ।’’ ਉਨ੍ਹਾਂ ਕਿਹਾ ਕਿ ਸਰਕਾਰ ਜੰਮੂ ਤੇ ਕਸ਼ਮੀਰ ਵਿੱਚ ਅਮਨ ਤੇ ਵਿਕਾਸ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਦੇ ਨੌਜਵਾਨਾਂ ਨਾਲ ਦੋਸਤੀ ਕਰਨ ਲਈ ਆਏ ਹਨ। ਨੌਜਵਾਨ ਆਪਣੀ ਤਰੱਕੀ ਲਈ ਪ੍ਰਸ਼ਾਸਨ ਵੱਲੋਂ ਮੁਹੱਈਆ ਕੀਤੇ ਮੌਕਿਆਂ ਦਾ ਲਾਹਾ ਲੈਣ। ਉਨ੍ਹਾਂ ਕਿਹਾ, ‘‘ਮੈਂ ਸੰਸਦ ਵਿੱਚ ਵਾਅਦਾ ਕੀਤਾ ਸੀ ਕਿ ਜੰਮੂ ਕਸ਼ਮੀਰ ਦਾ ਰਾਜ ਵਜੋਂ ਰੁਤਬਾ ਬਹਾਲ ਕੀਤਾ ਜਾਵੇਗਾ ਤੇ ਇਹ ਅਸੈਂਬਲੀ ਚੋਣਾਂ ਮਗਰੋਂ ਹੋ ਜਾਵੇਗਾ। ਚੋਣਾਂ ਹੋਣਗੀਆਂ, ਕਸ਼ਮੀਰ ਦੇ ਸਿਆਸਤਦਾਨ ਚਾਹੁੰਦੇ ਹਨ ਕਿ ਹੱਦਬੰਦੀ ਦਾ ਅਮਲ ਬੰਦ ਹੋਵੇ। ਕਿਉਂ? ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਆਸਤ ਨੂੰ ਸੱਟ ਵਜਦੀ ਹੈ। ਹੁਣ ਕਸ਼ਮੀਰ ਵਿੱਚ ਅਜਿਹੀਆਂ ਚੀਜ਼ਾਂ ਨਹੀਂ ਰੁਕਣਗੀਆਂ।’’ ਨੌਗਾਮ ਦੀ ਫੇਰੀ ਮਗਰੋਂ ਸ਼ਾਹ ਨੇ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਹਾਲਾਤ ਦੇ ਜਾਇਜ਼ੇ ਦੇ ਨਾਲ ਅਤਿਵਾਦ ਦੇ ਟਾਕਰੇ ਖਾਸ ਕਰਕੇ ਦਹਿਸ਼ਤਗਰਦਾਂ ਵੱਲੋਂ ਆਮ ਲੋਕਾਂ ਤੇ ਗੈਰ-ਕਸ਼ਮੀਰੀ ਪਰਵਾਸੀ ਕਾਮਿਆਂ ਤੇ ਘੱਟਗਿਣਤੀਆਂ ਨੂੰ ਨਿਸ਼ਾਨੇ ਬਣਾਏ ਜਾਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਨਜ਼ਰਸਾਨੀ ਕੀਤੀ। ਰਾਜ ਭਵਨ ਵਿੱਚ ਹੋਈ ਇਸ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੂੰ ਸੁਰੱਖਿਆ ਬਲਾਂ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚੋਂ ਅਤਿਵਾਦ ਦੇ ਖ਼ਾਤਮੇ ਤੇ ਘੁਸਪੈਠ ਨੂੰ ਰੋਕਣ ਲਈ ਕੀਤੇ ਯਤਨਾਂ ਬਾਰੇ ਦੱਸਿਆ ਗਿਆ। ਸ਼ਾਹ ਨੇ ਸ੍ਰੀਨਗਰ ਤੋਂ ਸ਼ਾਰਜਾਹ ਲਈ ਪਲੇਠੀ ਉਡਾਣ ਨੂੰ ਵੀ ਹਰੀ ਝੰਡੀ ਦਿੱਤੀ ਤੇ ਉਹ ਯੂਥ ਕਲੱਬ ਦੇ ਮੈਂਬਰਾਂ ਨੂੰ ਵੀ ਮਿਲੇ।

Comment here