ਲੁਧਿਆਣਾ-ਆਪਣੇ ਨਾਮ ਪਿੱਛੇ ਆਪਣੇ ਪਿੰਡ ਜਾਂ ਕਸਬੇ ਦਾ ਨਾਮ ਲਗਾਉਣਾ ਅੱਜ ਕੱਲ੍ਹ ਆਮ ਹੋ ਗਿਆ ਹੈ। ਤੁਸੀਂ ਕਈ ਗਾਇਕਾਂ ਨੂੰ ਉਨਾਂ ਦੇ ਨਾਮ ਪਿੱਛੇ ਆਪਣੇ ਪਿੰਡ ਦਾ ਨਾਮ ਲਗਾਉਂਦੇ ਦੇਖਿਆ ਹੋਵੇਗਾ। ਇਸ ਤਰ੍ਹਾਂ ਹੀ ਸਾਡੇ ਰਾਜਨੀਤਕ ਲੋਕ ਵੀ ਪਿੱਛੇ ਨਹੀਂ। ਭੂੰਦੜ, ਕਾਂਗੜ, ਜੱਸੀ, ਮਲੂਕਾ, ਬਾਦਲ, ਸਿਧਾਣਾ ਇਹ ਨਾਂਅ ਪੜਦਿਆਂ ਹੀ ਦਿਮਾਗ ’ਚ ਵਿਧਾਨ ਸਭਾ ਚੋਣਾਂ ਦੇ ਮੈਦਾਨ ’ਚ ਨਿੱਤਰੇ ਉਮੀਦਵਾਰ ਚੇਤੇ ਆ ਜਾਂਦੇ ਹਨ ਪਰ ਅਸਲ ’ਚ ਇਹ ਨਾਂਅ ਪਿੰਡਾਂ ਦੇ ਹਨ। ਇਨਾਂ ਪਿੰਡਾਂ ’ਚੋਂ ਉੱਠਕੇ ਸਿਆਸਤ ’ਚ ਆਏ ਆਗੂਆਂ ਨੇ ਆਪਣੇ ਨਾਂਅ ਦੇ ਨਾਲ ਪਿੰਡਾਂ ਦੇ ਨਾਂਅ ਨੂੰ ਜੋੜਿਆ ਤਾਂ ਉਹ ਪਿੰਡਾਂ ਦੇ ਨਾਂਅ ਨਾਲ ਜ਼ਿਆਦਾ ਚਰਚਿਤ ਹੋਏ। ਹੁਣ ਬਾਦਲਾਂ ਨੂੰ ਕੋਣ ਨਹੀਂ ਜਾਣਦਾ। ਇਹ ਉਨ੍ਹਾਂ ਦਾ ਕੋਈ ਗੋਤ ਨਹੀਂ ਅਸਲ ‘ਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਬਾਦਲ ਹੈ । ਜੋ ਪੰਜਾਬ ਦੇ ਸਿਆਸੀ ਨਕਸ਼ੇ ’ਚ ਸਭ ਤੋਂ ਵੱਧ ਚਰਚਿਤ ਹੈ। ਇਸ ਪਿੰਡ ਦੇ ਪ੍ਰਕਾਸ਼ ਸਿੰਘ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਜਦੋਂਕਿ ਸੁਖਬੀਰ ਸਿੰਘ ਇੱਕ ਵਾਰ ਉਪ ਮੁੱਖ ਮੰਤਰੀ ਇਸੇ ਪਿੰਡ ਦਾ ਮਨਪ੍ਰੀਤ ਸਿੰਘ ਪੰਜਾਬ ਦਾ ਵਿੱਤ ਮੰਤਰੀ ਰਹਿ ਚੁੱਕਾ ਹੈ। ਜੇਕਰ ਬਾਦਲ ਪਿੰਡ ’ਚ ਜਾ ਕੇ ਕੋਈ ਪੁੱਛ ਲਵੇ ਕਿ ਪ੍ਰਕਾਸ਼ ਸਿੰਘ ਦੇ ਘਰ ਜਾਣਾ ਹੈ ਤਾਂ ਸ਼ਾਇਦ ਦੱਸਣ ਵਾਲਾ ਥੋੜਾ ਸਮਾਂ ਸੋਚਣ ਲੱਗੇ ਕਿ ਕੌਣ ਪ੍ਰਕਾਸ਼ ਸਿੰਘ ਪਰ ਪ੍ਰਕਾਸ਼ ਸਿੰਘ ਬਾਦਲ ਕਹਿਣ ’ਤੇ ਝੱਟ ਸਮਝ ਆ ਜਾਂਦਾ ਹੈ । ਰਾਮਪੁਰਾ ਫੂਲ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਦਾ ਪਿੰਡ ਕਾਂਗੜ ਹੈ, ਜਦੋਂਕਿ ਹਲਕੇ ਦੇ ਲੋਕ ਉਨਾਂ ਨੂੰ ਕਾਂਗੜ ਵਜੋਂ ਵੀ ਜਾਣਦੇ ਹਨ।ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਮੌੜ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਸਿਧਾਣਾ ਹਨ ਲਖਵੀਰ ਸਿੰਘ ਨੇ ਆਪਣੇ ਪਿੰਡ ਦੇ ਨਾਂਅ ਸਿਧਾਣੇ ਨੂੰ ਆਪਣੇ ਨਾਂਅ ਨਾਲ ਰੱਖਕੇ ਬਰਾਬਰ ਦੀ ਪਹਿਚਾਣ ਦਿਵਾਈ ਹੈ। ਹਲਕਾ ਰਾਮਪੁਰਾ ਫੂਲ ਤੋਂ ਹੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਹਨ, ਜਿੰਨਾਂ ਦਾ ਪਿੰਡ ਮਲੂਕਾ ਹੈ ਉਹ ਸਿਕੰਦਰ ਸਿੰਘ ਮਲੂਕਾ ਵਜੋਂ ਪਹਿਚਾਣੇ ਜਾਂਦੇ ਹਨ। ਇਹ ਸਿਰਫ ਕੁੱਝ ਕੁ ਉਮੀਦਵਾਰਾਂ ਦੀਆਂ ਹੀ ਉਦਾਹਰਨਾਂ ਹਨ, ਇਨਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਉਮੀਦਵਾਰ ਹਨ ਜਿੰਨਾਂ ਵੱਲੋਂ ਆਪਣੇ ਨਾਂਅ ਦੇ ਨਾਲ ਪਿੰਡ ਨੂੰ ਵੀ ਬਰਾਬਰ ਰੱਖਿਆ ਹੈ। ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੋ ਪਿੰਡ ਦਾ ਨਾਮ ਵੜਿੰਗ ਹੈ। ਸਿਆਸਤ ਵਿੱਚ ਗੱਲ ਕੀਤੀ ਜਾਵੇ ਤਾਂ ਮਜੀਠਾ ਹਲਕਾ ਵੀ ਸਿਆਸਤ ਦੇ ਵਿੱਚ ਸਭ ਤੋਂ ਵੱਡਾ ਨਾਮ ਹੈ, ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਮ ਦਾ ਜ਼ਿਕਰ ਹੁੰਦਾ ਹੈ ਇਹ ਤਾਂ ਅਸੀਂ ਮਾਲਵਾ ਦੇ ਕੁੱਝ ਹੀ ਪਿੰਡਾਂ ਦਾ ਜ਼ਿਕਰ ਕੀਤਾ ਜੀ ਪੂਰੇ ਪੰਜਾਬ ਦੇ ਪਿੰਡਾਂ ਦਾ ਜ਼ਿਕਰ ਕਰਨਾ ਹੋਵੇ ਤਾਂ ਗਿਣਤੀ ਬਹੁਤ ਵੱਡੀ ਹੋ ਸਕਦੀ ਹੈ ਜਿੱਥੇ ਉਮੀਦਵਾਰ ਅਤੇ ਨੇਤਾਵਾਂ ਦੇ ਨਾਮ ਪਿੰਡਾਂ ਦੇ ਨਾਮ ਵਜੋਂ ਜਾਣੇ ਜਾਂਦੇ ਹਨ।
ਵੱਡੇ ਰਾਜਨੀਤਕ ਲੋਕ ਪਿੰਡਾਂ ਦੇ ਨਾਂ ਨਾਲ ਹਨ ਮਸ਼ਹੂਰ

Comment here